ਬੀਰਬਲ ਰਿਸ਼ੀ
ਸ਼ੇਰਪੁਰ, 25 ਅਕਤੂਬਰ
ਸ਼ੇਰਪੁਰ ਵਿੱਚ ਨਸ਼ਾ ਤਸਕਰਾਂ ਦੀ ਸੰਘੀ ਘੁੱਟਣ ਲਈ ਕੁੱਝ ਯੂਥ ਕਲੱਬਾਂ ’ਤੇ ਅਧਾਰਤ ਯੂਥ ਬ੍ਰਿਗੇਡ ਵੱਲੋਂ ਸ਼ੇਰਪੁਰ ਵਿੱਚ ਪਿਛਲੇ ਦੋ ਮਹੀਨੇ ਤੋਂ ਚੱਲਦੇ ਚਾਰ ਪੱਕੇ ਨਾਕਿਆਂ ਦੇ ਨਾਲ-ਨਾਲ ਨਸ਼ੇ ਰੋਕਣ ਵਿੱਚ ਜੁੱਟੀਆਂ ਮੋਟਰਸਾਈਕਲ ਟੀਮਾਂ ਦੀ ਮੁਹਿੰਮ ਨੇ ਇੱਕ ਹੋਰ ਪੁਲਾਂਘ ਪੁੱਟਦਿਆਂ ਸੱਤ ਸਰਕਾਰੀ ਸਕੂਲਾਂ ਵਿੱਚ ਨਸ਼ਾ ਵਿਰੋਧੀ ਰੈਲੀਆਂ ਕਰ ਕੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਸਮਾਜ ਵਿੱਚ, ਘਰਾਂ ਵਿੱਚ ਹੁੰਦੇ ਨਸ਼ਿਆਂ ਨੂੰ ਰੋਕਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸੇ ਦੌਰਾਨ ਨਸ਼ਿਆਂ ਦੇ ਦੈਂਤ ਦਾ ਪੁਤਲਾ ਵੀ ਫੂਕਿਆ ਗਿਆ।
ਨਸ਼ਾ ਰੋਕੂ ਕਮੇਟੀ ਦੇ ਮੋਹਰੀ ਮੈਂਬਰ ਸੁਨੀਲ ਕੁਮਾਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ, ਟਿੱਬਾ, ਮਿਡਲ ਸਕੂਲ ਬਾਦਸ਼ਾਹਪੁਰ, ਦੀਦਾਰਗੜ੍ਹ, ਖੇੜੀ ਕਲਾਂ ਸਮੇਤ ਸੱਤ ਸਕੂਲਾਂ ਵਿੱਚ ਨਸ਼ਾ ਵਿਰੋਧੀ ਰੈਲੀਆਂ ਕੀਤੀਆਂ ਗਈਆਂ।
ਰੈਲੀਆਂ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਮੋਹਰੀ ਆਗੂ ਡਾ. ਕਰਨਦੀਪ ਸ਼ਰਮਾ, ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਬਲਵਿੰਦਰ ਬਿੰਦਾ, ਵਰਿੰਦਰ ਸਿੰਘ ਆਦਿ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਨਾਲ ਟੁੱਟ ਰਹੇ ਲੋਕਾਂ ਦੇ ਘਰਾਂ ਵਿੱਚ ਵਿਛ ਰਹੇ ਸੱਥਰ ਆਦਿ ਬਾਰੇ ਚੇਤਨ ਕਰਦੀਆਂ ਪ੍ਰਭਾਵੀ ਤਕਰੀਰਾਂ ਦੌਰਾਨ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣ ਦਾ ਹੋਕਾ ਦਿੱਤਾ।
ਇਸੇ ਤਰ੍ਹਾਂ ਚਾਰੋਂ ਨਾਕਿਆਂ ਦੇ ਇਕੱਤਰ ਹੋਏ ਨੌਜਵਾਨਾਂ ਨੇ ਸ਼ੇਰਪੁਰ ਦੇ ਨਾਕਾ ਨੰਬਰ ਇੱਕ ਨੇੜੇ ਇਕੱਤਰ ਹੋ ਕੇ ਨਸ਼ਿਆਂ ਦੇ ਦੈਤ ਰੂਪੀ ਪੁਤਲੇ ਨੂੰ ਅਗਨ ਭੇਟ ਕਰਦਿਆਂ ਨਸ਼ਿਆਂ ਵਿਰੁੱਧ ਆਰੰਭੀ ਲੜਾਈ ਨੂੰ ਸੰਪੂਰਨ ਜਿੱਤ ਤੱਕ ਜਾਰੀ ਰੱਖਣ ਦਾ ਅਹਿਦ ਲਿਆ। ਯਾਦ ਰਹੇ ਕਿ ਨਸ਼ਿਆਂ ਦੀ ਦਲਦਲ ’ਚੋਂ ਨਿਕਲੇ ਤਕਰੀਬਨ ਅੱਧੀ ਦਰਜਨ ਨੌਜਵਾਨਾਂ ਵੱਲੋਂ ਹੁਣ ਨਸ਼ੇ ਰੋਕਣ ਲਈ ਨਾਕਿਆਂ ’ਤੇ ਅਹਿਮ ਭੂਮਿਕਾ ਨਿਭਾਈ ਜਾਣਾ ਇਸ ਮੁਹਿੰਮ ਦੀ ਇੱਕ ਪੜਾਵੀ ਜਿੱਤ ਮੰਨਿਆ ਜਾ ਰਿਹਾ ਹੈ।
The post ਯੂਥ ਬ੍ਰਿਗੇਡ ਨੇ ਨਸ਼ਿਆਂ ਦੇ ਦੈਂਤ ਦਾ ਪੁਤਲਾ ਫੂਕਿਆ appeared first on punjabitribuneonline.com.