ਨਵੀਂ ਦਿੱਲੀ, 28 ਅਕਤੂਬਰ
ਦਿੱਲੀ ਦੀ ਹਵਾ ਦੀ ਗੁਣਵੱਤਾ ਅੱਜ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਪਹੁੰਚ ਗਈ ਅਤੇ ਆਉਣ ਵਾਲੇ ਦਿਨਾਂ ’ਚ ਇਸ ਦੇ ਹੋਰ ਵਿਗੜਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਮੌਸਮ ਨਿਗਰਾਨ ਏਜੰਸੀਆਂ ਨੇ ਦਿੱਤੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਦੁਪਹਿਰ 12 ਵਜੇ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 301 ਦਰਜ ਕੀਤਾ ਗਿਆ, ਜਦੋਂ ਕਿ ਸ਼ੁੱਕਰਵਾਰ ਨੂੰ ਇਹ 261 ਸੀ। ਨੇੜਲੇ ਸ਼ਹਿਰਾਂ ਗਾਜ਼ੀਆਬਾਦ ਵਿੱਚ ਏਕਿਊਆਈ 286, ਫਰੀਦਾਬਾਦ ਵਿੱਚ 268, ਗੁਰੂਗ੍ਰਾਮ ਵਿੱਚ 248, ਨੋਇਡਾ ਵਿੱਚ 284 ਅਤੇ ਗ੍ਰੇਟਰ ਨੋਇਡਾ ਵਿੱਚ ਇਹ 349 ਦਰਜ ਕੀਤਾ ਗਿਆ। ਪ੍ਰਦੂਸ਼ਣ ਵਧਣ ਨਾਲ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ।
ਦਿੱਲੀ ਲਈ ਕੇਂਦਰ ਦੀ ਏਅਰ ਕੁਆਲਿਟੀ ਵਾਰਨਿੰਗ ਸਿਸਟਮ ਅਨੁਸਾਰ ਹਵਾ ਦੀ ਹੌਲੀ ਗਤੀ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਕਾਰਨ ਸ਼ਹਿਰ ਦੀ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਆ ਗਈ ਹੈ। ਮਹੀਨੇ ਦੇ ਅਖੀਰ ਤੱਕ ਹਵਾ ਦੀ ਗੁਣਵੱਤਾ ਬਹੁਤ ਖਰਾਬ ਰਹਿਣ ਦੀ ਸੰਭਾਵਨਾ ਹੈ। ਪ੍ਰਦੂਸ਼ਣ ਦੇ ਸਥਾਨਕ ਸਰੋਤਾਂ ਤੋਂ ਇਲਾਵਾ ਮੌਸਮ ਦੀਆਂ ਪ੍ਰਤੀਕੂਲ ਸਥਿਤੀਆਂ, ਪਟਾਕਿਆਂ ਤੇ ਝੋਨੇ ਦੀ ਪਰਾਲੀ ਸਾੜਨ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਸਰਦੀਆਂ ਦੌਰਾਨ ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ਤੱਕ ਪਹੁੰਚਾਉਣ ਦਾ ਕਾਰਨ ਬਣਦੇ ਹਨ। ਦਿੱਲੀ ਸਰਕਾਰ ਨੇ ਪਿਛਲੇ ਮਹੀਨੇ ਸਰਦੀਆਂ ਦੇ ਮੌਸਮ ਦੌਰਾਨ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 15 ਨੁਕਾਤੀ ਕਾਰਜ ਯੋਜਨਾ ਸ਼ੁਰੂ ਕੀਤੀ ਸੀ। ਸ਼ਹਿਰ ਵਿੱਚ ਧੂੜ, ਵਾਹਨਾਂ ਅਤੇ ਉਦਯੋਗਿਕ ਪ੍ਰਦੂਸ਼ਣ ਨੂੰ ਰੋਕਣ ਲਈ ਪਹਿਲਾਂ ਹੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਦਿੱਲੀ ਸਰਕਾਰ ਨੇ ਪਿਛਲੇ ਮਹੀਨੇ ਸ਼ਹਿਰ ਵਿੱਚ ਪਟਾਕਿਆਂ ਦੀ ਸਟੋਰੇਜ, ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਦਾ ਐਲਾਨ ਕੀਤਾ ਸੀ।
ਇਸ ਦੌਰਾਨ ਨਵੀਂ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ (ਐੱਨਡੀਐੱਮਸੀ) ਨੇ ਪ੍ਰਦੂਸ਼ਣ ਕੰਟਰੋਲ ਕਰਨ ਦੇ ਉਪਾਵਾਂ ਤਹਿਤ ਮਕੈਨੀਕਲ ਰੋਡ ਸਵੀਪਰ (ਸੜਕ ਸਾਫ਼ ਕਰਨ ਵਾਲੀਆਂ ਮਸ਼ੀਨਾਂ) ਤਾਇਨਾਤ ਕੀਤੀਆਂ ਹਨ। ਇਸ ਦੇ ਨਾਲ ਹੀ ਅੱਠ ‘ਐਂਟੀ ਸਮੌਗ ਗੰਨ’ ਦੀ ਮਦਦ ਵੀ ਲਈ ਜਾ ਰਹੀ ਹੈ। ‘ਐਂਟੀ ਸਮੌਗ ਗੰਨ’ ਇਕ ਅਜਿਹਾ ਯੰਤਰ ਹੈ ਜੋ ਸੜਕ ਜਾਂ ਪ੍ਰਦੂਸ਼ਿਤ ਵਾਲੇ ਖੇਤਰ ਵਿੱਚ ਪਾਣੀ ਦਾ ਛਿੜਕਾਅ ਕਰਦਾ ਹੈ ਤਾਂ ਜੋ ਧੂੜ ਅਤੇ ਪ੍ਰਦੂਸ਼ਣ ਦੇ ਕਣ ਬੈਠ ਜਾਣ। ਨਵੀਂ ਦਿੱਲੀ ਨਗਰ ਕੌਂਸਲ ਦੇ ਉਪ ਚੇਅਰਮੈਨ ਸਤੀਸ਼ ਉਪਾਧਿਆਏ ਨੇ ਅੱਜ 2023-24 ਲਈ ‘ਹਵਾ ਪ੍ਰਦੂਸ਼ਣ ਕੰਟਰੋਲ’ ਦੇ ਉਪਾਵਾਂ ਦਾ ਐਲਾਨ ਕੀਤਾ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਉਪਾਧਿਆਏ ਨੇ ਕਿਹਾ, ‘‘ਅਸੀਂ ਵਾਤਾਵਰਨ ਦੀ ਸੁਰੱਖਿਆ ਨੂੰ ਤਰਜੀਹ ਦੇਣ ਦੀ ਫੌਰੀ ਲੋੜ ਨੂੰ ਸਮਝਦੇ ਹਾਂ ਕਿਉਂਕਿ ਹਵਾ ਪ੍ਰਦੂਸ਼ਣ ਸਾਹ ਦੀ ਬਿਮਾਰੀ, ਦਿਲ ਦੀ ਬਿਮਾਰੀ ਅਤੇ ਕੈਂਸਰ ਦੇ ਜੋਖਮ ਨੂੰ ਵਧਾ ਸਕਦਾ ਹੈ।’’ ਐੱਨਡੀਐੱਮਸੀ ਨੇ ‘ਜੀਪੀਐੱਸ ਟਰੈਕਿੰਗ’ ਅਤੇ ‘ਵੈੱਟ ਸਵੀਪਿੰਗ’ ਦੇ ਨਾਲ ਦੋ ਸ਼ਿਫਟਾਂ ਵਿੱਚ ਕੰਮ ਕਰਨ ਵਾਲੇ ਸੱਤ ਮਕੈਨੀਕਲ ਰੋਡ ਸਵੀਪਰ ਤਾਇਨਾਤ ਕੀਤੇ ਹਨ। ਉਪਾਧਿਆਏ ਨੇ ਦੱਸਿਆ ਕਿ ਇਲਾਕੇ ਦੀਆਂ ਸਾਰੀਆਂ ਸੜਕਾਂ ਰੋਜ਼ਾਨਾ ਜਾਂ ਬਦਲਵੇਂ ਦਿਨਾਂ ਵਿੱਚ ਮਸ਼ੀਨਾਂ ਦੀ ਮਦਦ ਨਾਲ ਸਾਫ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐੱਨਡੀਐੱਮਸੀ ਨੇ ਧੂੜ ਘਟਾਉਣ ਦੇ ਉਪਾਵਾਂ ਨੂੰ ਲਾਗੂ ਕਰਨ ਲਈ ਨਿਰਮਾਣ ਸਥਾਨਾਂ ਦਾ ਮੁਆਇਨਾ ਕਰਨ ਵਾਸਤੇ ਅਧਿਕਾਰੀਆਂ ਦੀ ਇੱਕ ਟੀਮ ਕਾਇਮ ਕੀਤੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪਹਿਲੀ ਅਪਰੈਲ ਤੋਂ 27 ਅਕਤੂਬਰ ਤੱਕ 12.50 ਲੱਖ ਰੁਪਏ ਦੇ ਚਲਾਨ ਕੀਤੇ ਗਏ ਹਨ। -ਪੀਟੀਆਈ
ਕੇਂਦਰ ਸਰਕਾਰ ਕੋਲ ਪ੍ਰਦੂਸ਼ਣ ਦੇ ਹੱਲ ਲਈ ਕੋਈ ਯੋਜਨਾ ਨਹੀਂ: ਰੀਨਾ ਗੁਪਤਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਨੇ ਉੱਤਰੀ ਭਾਰਤ ਵਿੱਚ ਹਵਾ ਦੀ ਵਿਗੜ ਰਹੀ ਗੁਣਵੱਤਾ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ‘ਆਪ’ ਦੀ ਕੌਮੀ ਤਰਜਮਾਨ ਰੀਨਾ ਗੁਪਤਾ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਕਾਰਨ ਪੂਰੇ ਉੱਤਰ ਭਾਰਤ ਵਿੱਚ ਲੋਕਾਂ ਦਾ ਦਮ ਘੁੱਟ ਰਿਹਾ ਹੈ ਪਰ ਕੇਂਦਰ ਸਰਕਾਰ ਕੋਲ ਇਸ ’ਤੇ ਕਾਬੂ ਪਾਉਣ ਲਈ ਕੋਈ ਕਾਰਜ ਯੋਜਨਾ ਨਹੀਂ ਹੈ। ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦੁਨੀਆਂ ਦੇ 50 ਸਭ ਤੋਂ ਦੂਸ਼ਿਤ ਸ਼ਹਿਰਾਂ ’ਚੋਂ 39 ਸ਼ਹਿਰ ਭਾਰਤ ਦੇ ਹਨ ਅਤੇ ਇਨ੍ਹਾਂ ’ਚੋਂ 20 ਸ਼ਹਿਰ ਭਾਜਪਾ ਸ਼ਾਸਤ ਉੱਤਰ ਪ੍ਰਦੇਸ਼ ਦੇ ਹਨ। ਅੱਜ ਪੂਰੇ ਦੇਸ਼ ਵਿੱਚ ਦਿੱਲੀ ਦੀ ਕੇਜਰੀਵਾਲ ਸਰਕਾਰ ਹੀ ਇੱਕ ਅਜਿਹੀ ਸਰਕਾਰ ਹੈ ਜੋ ਸਰਦੀਆਂ ਅਤੇ ਗਰਮੀਆਂ ਵਿੱਚ ਐਕਸ਼ਨ ਪਲਾਨ ਬਣਾ ਕੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਖ਼ਤ ਕਦਮ ਚੁੱਕ ਰਹੀ ਹੈ। ਪਿਛਲੇ ਕੁਝ ਸਾਲਾਂ ’ਚ ਦਿੱਲੀ ਦੀ ਹਵਾ ਵਿੱਚ 30 ਫੀਸਦੀ ਸੁਧਾਰ ਹੋਇਆ ਹੈ। ਦਿੱਲੀ ਵਿੱਚ 70 ਫੀਸਦੀ ਹਵਾ ਪ੍ਰਦੂਸ਼ਣ ਬਾਹਰੀ ਰਾਜਾਂ ਤੋਂ ਆ ਰਿਹਾ ਹੈ। ਬਾਹਰਲੇ ਰਾਜਾਂ ਤੋਂ ਦਿੱਲੀ ਆ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਜਦੋਂ ਆਵਾਜ਼ ਬੁਲੰਦ ਕੀਤੀ ਤਾਂ ਕੇਂਦਰ ਨੇ ਉਹ ਵੈੱਬਸਾਈਟ ਹੀ ਬੰਦ ਕਰ ਦਿੱਤੀ। ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਉੱਤਰੀ ਭਾਰਤ ਦੇ ਸਾਰੇ ਰਾਜਾਂ ਦੇ ਵਾਤਾਵਰਨ ਮੰਤਰੀਆਂ ਦੀ ਉੱਚ ਪੱਧਰੀ ਮੀਟਿੰਗ ਬੁਲਾਈ ਜਾਵੇ ਅਤੇ ‘ਸਫਰ’ ਵੈੱਬਸਾਈਟ ਨੂੰ ਮੁੜ ਖੋਲ੍ਹਿਆ ਜਾਵੇ। ਰੀਨਾ ਗੁਪਤਾ ਨੇ ਕਿਹਾ ਕਿ ਸਰਦੀਆਂ ਦਾ ਮੌਸਮ ਆਉਂਦੇ ਹੀ ਪੂਰੇ ਉੱਤਰ ਭਾਰਤ ਵਿੱਚ ਹਵਾ ਦੀ ਗੁਣਵੱਤਾ ਵਿਗੜਨੀ ਸ਼ੁਰੂ ਹੋ ਜਾਂਦੀ ਹੈ। 2019 ਵਿੱਚ ਵਿਸ਼ਵ ਸਿਹਤ ਸੰਗਠਨ ਨੇ ਇੱਕ ਅਧਿਐਨ ਕੀਤਾ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਰਤ ਦੇ 99.5 ਫੀਸਦ ਜ਼ਿਲ੍ਹਿਆਂ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਦੁਨੀਆਂ ਦੇ 50 ਸਭ ਤੋਂ ਵੱਧ ਦੂਸ਼ਿਤ ਸ਼ਹਿਰਾਂ ਦੀ ਸੂਚੀ ਲਈਏ ਤਾਂ ਇਸ ਵਿੱਚ 39 ਸ਼ਹਿਰ ਸਾਡੇ ਦੇਸ਼ ਦੇ ਹਨ। 39 ਸ਼ਹਿਰਾਂ ’ਚੋਂ ਕਰੀਬ 20 ਸ਼ਹਿਰ ਉੱਤਰ ਪ੍ਰਦੇਸ਼ ਦੇ ਹਨ। ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਹਵਾ 30 ਫੀਸਦੀ ਸੁਧਰੀ ਹੈ। ਦਿੱਲੀ ਦੇ ਆਲੇ-ਦੁਆਲੇ 300 ਕਿਲੋਮੀਟਰ ਦੇ ਅੰਦਰ ਜੋ ਵੀ ਗਤੀਵਿਧੀਆਂ ਹੁੰਦੀਆਂ ਹਨ, ਉਹ ਦਿੱਲੀ ਦੀ ਹਵਾ ਨੂੰ ਪ੍ਰਭਾਵਤ ਕਰਦੀਆਂ ਹਨ। ਦਿੱਲੀ ਵਿੱਚ 70 ਫੀਸਦੀ ਪ੍ਰਦੂਸ਼ਣ ਬਾਹਰੋਂ ਆ ਰਿਹਾ ਹੈ, ਜਨਿ੍ਹਾਂ ’ਚੋਂ ਜ਼ਿਆਦਾਤਰ ਭਾਜਪਾ ਸ਼ਾਸਿਤ ਸੂਬੇ ਹਨ। ਪਿਛਲੇ 10 ਸਾਲਾਂ ਤੋਂ ਸੁਪਰੀਮ ਕੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਇੱਟਾਂ ਦੇ ਭੱਠਿਆਂ ਦਾ ਕੋਈ ਹੱਲ ਕੱਢਣ ਲਈ ਕਹਿ ਰਹੀ ਹੈ। ਅੱਜ ਵੀ ਐੱਨਸੀਆਰ ਵਿੱਚ 2000 ਭੱਠੇ ਹਨ ਜੋ ਪੁਰਾਣੀ ਤਕਨੀਕ ਨਾਲ ਚੱਲ ਰਹੇ ਹਨ। ਇਨ੍ਹਾਂ ਵਿੱਚੋਂ 150 ਭੱਠੇ ਗਾਜ਼ੀਆਬਾਦ ਅਤੇ 250 ਭੱਠੇ ਮੁਜ਼ੱਫਰਨਗਰ ਵਿੱਚ ਹਨ।
The post ਪ੍ਰਦੂਸ਼ਣ ਵਧਣ ਕਾਰਨ ਦਿੱਲੀ ’ਚ ਸਾਹ ਲੈਣਾ ਹੋਇਆ ਔਖਾ appeared first on punjabitribuneonline.com.