ਮੁਕੇਸ਼ ਕੁਮਾਰ
ਚੰਡੀਗੜ੍ਹ, 30 ਅਕਤੂਬਰ
ਅੱਜ ਦੇ ਸ਼ਾਪਿੰਗ ਮਾਲ ਸਭਿਆਚਾਰ ਦੇ ਯੁੱਗ ਵਿੱਚ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਦਿਲ ਵਜੋਂ ਜਾਣੇ ਜਾਂਦੇ ਸੈਕਟਰ 17 ਨੂੰ ਮੁੜ ਤੋਂ ਗੁਲਜ਼ਾਰ ਕਰਨ ਲਈ ਨਗਰ ਨਿਗਮ ਨੇ ਕਮਰਕੱਸੇ ਕਰ ਲਈ ਹਨ। ਨਿਗਮ ਨੇ ਸੈਕਟਰ-17 ਵਿੱਚ ਸਥਤਿ ਰੈਸਟੋਰੈਂਟਾਂ ਅਤੇ ਖਾਣ-ਪੀਣ ਵਾਲੀਆਂ ਹੋਰ ਦੁਕਾਨਾਂ ਦੇ ਸਾਹਮਣੇ ਆਰਜ਼ੀ ਤੌਰ ’ਤੇ ਮੇਜ਼-ਕੁਰਸੀਆਂ ਲਗਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਨਿਗਮ ਦੀ ਵਿੱਤ ਤੇ ਠੇਕਾ ਕਮੇਟੀ (ਐੱਫਐਂਡਸੀਸੀ) ਦੀ ਅੱਜ ਹੋਈ ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰ ਕੌਂਸਲਰਾਂ ਨੇ ਇਸ ਸਬੰਧੀ ਪੇਸ਼ ਕੀਤੇ ਖਰੜੇ ’ਤੇ ਚਰਚਾ ਕਰਨ ਤੋਂ ਬਾਅਦ ਸੈਕਟਰ-17 ਵਿੱਚ ਸਥਤਿ ਰੈਸਟੋਰੈਂਟਾਂ ਦੇ ਬਾਹਰ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ 100 ਰੁਪਏ ਪ੍ਰਤੀ ਵਰਗ ਫੁੱਟ ਪ੍ਰਤੀ ਮਹੀਨਾ ਕਿਰਾਏ ’ਤੇ ਆਰਜ਼ੀ ਤੌਰ ’ਤੇ ਮੇਜ਼-ਕੁਰਸ਼ੀਆਂ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕਮੇਟੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਸਬੰਧੀ ਨਗਰ ਨਿਗਮ ਦਫ਼ਤਰ ਵੱਲੋਂ ਤੈਅ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਸਾਈਟ ਦੀ ਮੁਕੰਮਲ ਪੜਤਾਲ ਉਪਰੰਤ ਹੀ ਪ੍ਰਵਾਨਗੀ ਦਿੱਤੀ ਜਾਵੇਗੀ।
ਮੇਅਰ ਅਨੂਪ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਕਮੇਟੀ ਦੀ ਮੀਟਿੰਗ ਵਿੱਚ ਸ਼ਹਿਰ ਦੇ ਵੱਖ-ਵੱਖ ਹੋਰ ਮਹੱਤਵਪੂਰਨ ਮਤਿਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਕਮੇਟੀ ਮੈਂਬਰਾਂ ਨੇ 29.79 ਲੱਖ ਰੁਪਏ ਦੀ ਅਨੁਮਾਨਤਿ ਲਾਗਤ ਨਾਲ ਪਿੰਡ ਰਾਏਪੁਰ ਕਲਾਂ ਵਿੱਚ ਗਊਸ਼ਾਲਾ ’ਚ ਪਸ਼ੂ ਹਸਪਤਾਲ ਅਤੇ ਜ਼ਖ਼ਮੀ ਤੇ ਬਿਮਾਰ ਪਸ਼ੂਆਂ ਲਈ ਇੱਕ ਪਲਾਂਟਰ ਅਤੇ ਰੈਂਪ ਬਣਾਉਣ ਦੀ ਪ੍ਰਵਾਨਗੀ ਦਿੱਤੀ। ਇਸ ਦੇ ਨਾਲ ਹੀ ਇੰਦਰਾ ਕਲੋਨੀ ਮਨੀਮਾਜਰਾ ਵਿੱਚ ਛਠ ਪੂਜਾ ਦੇ ਪ੍ਰੋਗਰਾਮ ਦੇ ਪ੍ਰਬੰਧ ਲਈ ਅਨੁਮਾਨਤਿ ਖਰਚੇ ਅਤੇ ਮੌਜੂਦਾ ਆਊਟਸੋਰਸਡ ਏਜੰਸੀ ਰਾਹੀਂ ਪੰਜ ਲੱਖ ਰੁਪਏ ਦੀ ਅਨੁਮਾਨਤਿ ਲਾਗਤ ਨਾਲ ਚੰਡੀਗੜ੍ਹ ਵਿੱਚ ਅਵਾਰਾ ਕੁੱਤਿਆਂ ਨੂੰ ਫੜਨ ਵਾਲੇ ਵਾਹਨਾਂ ’ਤੇ ਡਰਾਈਵਰ ਨਿਯੁਕਤ ਕਰਨ ਲਈ ਇੱਕ ਸਾਲ ਵਾਸਤੇ 48 ਲੱਖ ਰੁਪਏ ਦੀ ਅਨੁਮਾਨਤਿ ਲਾਗਤ ਦੇ ਮਤੇ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਅਨਿੰਦਤਿਾ ਮਿੱਤਰਾ ਤੋਂ ਇਲਾਵਾ ਕਮੇਟੀ ਮੈਂਬਰ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਹਰਪ੍ਰੀਤ ਕੌਰ ਬਬਲਾ, ਪ੍ਰੇਮ ਲਤਾ, ਨੇਹਾ ਮੁਸਾਵਤ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਰੈਸਟੋਰੈਂਟ ਮਾਲਕਾਂ ਵੱਲੋਂ ਕਿਰਾਇਆ ਗੈਰ-ਵਾਜ਼ਬਿ ਕਰਾਰ
ਚੰਡੀਗੜ੍ਹ ਦੇ ਸੈਕਟਰ-17 ਵਿੱਚ ਸਥਤਿ ਇਕ ਰੈਸਟੋਰੈਂਟ ਦੇ ਮਾਲਕ ਨੀਰਜ ਬਜਾਜ ਨੇ ਅੱਜ ਨਿਗਮ ਦੀ ਐੱਫਐਂਡਸੀਸੀ ਮੀਟਿੰਗ ਵਿੱਚ ਚੰਡੀਗੜ੍ਹ ਨਗਰ ਨਿਗਮ ਵੱਲੋਂ ਸੈਕਟਰ 17 ਵਿੱਚ ਰੈਸਟੋਰੈਂਟਾਂ ਅਤੇ ਖਾਣ-ਪੀਣ ਦੀਆਂ ਵਸਤਾਂ ਵਾਲੀਆਂ ਦੁਕਾਨਾਂ ਦੇ ਸਾਹਮਣੇ ਖਾਲੀ ਥਾਵਾਂ ’ਤੇ ਆਰਜ਼ੀ ਤੌਰ ’ਤੇ ਮੇਜ਼-ਕੁਰਸੀਆਂ ਲਗਾਉਣ ਸਬੰਧੀ ਪਾਸ ਕੀਤੇ ਖਰੜੇ ਬਾਰੇ ਕਿਹਾ ਕਿ ਨਿਗਮ ਵੱਲੋਂ ਪਾਸ ਕੀਤਾ ਗਿਆ ਕਿਰਾਇਆ ਤਰਕਸੰਗਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਿਗਮ ਨਾਲ ਹੋਈ ਮੀਟਿੰਗ ਵਿੱਚ ਬਹੁਤ ਘੱਟ ਰੇਟ ਤੈਅ ਕੀਤੇ ਗਏ ਸਨ ਪਰ ਅੱਜ ਦੀ ਮੀਟਿੰਗ ਵਿੱਚ ਤੈਅ ਕੀਤਾ 100 ਰੁਪਏ ਪ੍ਰਤੀ ਫੁੱਟ ਪ੍ਰਤੀ ਮਹੀਨਾ ਦਾ ਰੇਟ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸ਼ਾਪਿੰਗ ਮਾਲ ਸਭਿਆਚਾਰ ਨੂੰ ਲੈ ਕੇ ਨਿਗਮ ਨੂੰ ਸੈਕਟਰ 17 ਦੇ ਕਾਰੋਬਾਰੀਆਂ ਦੇ ਹਿੱਤ ਵਿੱਚ ਫੈਸਲੇ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਕਿਰਾਇਆ ਤਰਕਸੰਗਤ ਨਹੀਂ ਹੈ ਅਤੇ ਜੇਕਰ ਨਗਰ ਨਿਗਮ ਇਨ੍ਹਾਂ ਰੇਟਾਂ ਦੇ ਆਧਾਰ ’ਤੇ ਇਹ ਯੋਜਨਾ ਲਾਗੂ ਕਰਦਾ ਹੈ ਤਾਂ ਸੈਕਟਰ 17 ਦੇ ਕਾਰੋਬਾਰੀ ਇਸ ਯੋਜਨਾ ਦਾ ਹਿੱਸਾ ਨਹੀਂ ਬਣਨਗੇ।
ਪ੍ਰਸ਼ਾਸਕ ਦੇ ਸਲਾਹਕਾਰ ਨੇ ਫੁਹਾਰੇ ਤੇ ਰੰਗੀਨ ਲਾਈਟਾਂ ਦਾ ਉਦਘਾਟਨ ਕੀਤਾ
ਚੰਡੀਗੜ੍ਹ (ਟਨਸ): ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਦਾ ਦਿਲ ਮੰਨੇ ਜਾਂਦੇ ਸੈਕਟਰ-17 ਦੇ ਪਲਾਜ਼ਾ ਨੂੰ ਦੀਵਾਲੀ ਦੇ ਤਿਉਹਾਰਾਂ ਤੋਂ ਪਹਿਲਾਂ ਹੋਰ ਸੋਹਣਾ ਬਣਾਉਣ ਦੀ ਕੋਸ਼ਿਸ਼ ਵਜੋਂ ਅੱਜ ਇੱਥੇ ਅਤਿ-ਆਧੁਨਿਕ ਰੰਗੀਨ ਲਾਈਟਾਂ ਨਾਲ ਲੈਸ ਫੁਹਾਰੇ ਦਾ ਉਦਘਾਟਨ ਕੀਤਾ। ਅੱਜ ਸ਼ਾਮ ਸਮੇਂ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਵੱਲੋਂ ਸੈਕਟਰ-17 ’ਚ ਫੁਹਾਰੇ ਤੇ ਰੰਗੀਨ ਲਾਈਟਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਨੌਜਵਾਨਾਂ ਨੇ ਭੰਗੜਾ ਤੇ ਮੁਟਿਆਰਾਂ ਨੇ ਗਿੱਧਾ ਪਾਇਆ। ਇਸ ਦੇ ਨਾਲ ਹੀ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਤੇ ਹੋਰਨਾਂ ਅਧਿਕਾਰੀਆਂ ਨੇ ਵੀ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਭੰਗੜਾ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਸੈਕਟਰ-17 ਪਲਾਜ਼ਾ ਵਿੱਚ ਨਵੇਂ ਫੁਹਾਰੇ ਤੇ ਰੰਗੀਨ ਲਾਈਟਾਂ ਲਗਾਈਆਂ ਗਈਆਂ ਹਨ। ਇਨ੍ਹਾਂ ਕਰ ਕੇ ਸੈਕਟਰ-17 ਪਲਾਜ਼ਾ ਦੀ ਦਿੱਖ ਹੀ ਬਦਲ ਗਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੈਕਟਰ-17 ’ਚ ਹੋਰ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾਣਗੇ।
The post ਸੈਕਟਰ-17 ਨੂੰ ਮੁੜ ਗੁਲਜ਼ਾਰ ਕਰੇਗਾ ਨਗਰ ਨਿਗਮ appeared first on punjabitribuneonline.com.