ਹਤਿੰਦਰ ਮਹਤਿਾ
ਜਲੰਧਰ, 1 ਨਵੰਬਰ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੱਲੋਂ ਅੱਜ ਜਲੰਧਰ ਸ਼ਹਿਰ ਵਿੱਚ 4.30 ਕਰੋੜ ਰੁਪਏ ਦੇ ਸੜਕੀ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ ਗਈ। ਇਨ੍ਹਾਂ ਵਿੱਚ ਗੜ੍ਹਾ ਰੇਲਵੇ ਕਰਾਸਿੰਗ ਤੋਂ ਪਿਮਸ ਤੱਕ ਤੇ ਕਾਲਾ ਸੰਘਿਆ ਰੋਡ ਸ਼ਾਮਲ ਹਨ।
ਗੜ੍ਹਾ ਰੇਵਲੇ ਕਰਾਸਿੰਗ ਤੋਂ ਪਿਮਸ ਤੱਕ ਸੜਕ ਦੀ ਲੰਬਾਈ 0.75 ਕਿਲੋਮੀਟਰ ਹੈ, ਜਿਸ ਉੱਪਰ 2.50 ਕਰੋੜ ਰੁਪਏ ਖਰਚ ਹੋਣਗੇ। ਇਸ ਪ੍ਰਾਜੈਕਟ ਤਹਤਿ ਸੜਕ ਦੇ ਕਿਨਾਰੇ ਫੁੱਟਪਾਥ ਤੇ ਪਾਣੀ ਦੀ ਨਿਕਾਸੀ ਦੀ ਵਿਵਸਥਾ ਵੀ ਕੀਤੀ ਜਾਵੇਗੀ। ਕਾਲਾ ਸੰਘਿਆ ਸੜਕ ਜਿਸਦੀ ਲੰਬਾਈ 2 ਕਿਲੋਮੀਟਰ ਹੈ, ਉਸ ਉੱਪਰ 1.80 ਕਰੋੜ ਰੁਪੈ ਦੀ ਲਾਗਤ ਆਵੇਗੀ। ਦੱਸਣਯੋਗ ਹੈ ਕਿ ਸਰਫੇਸ ਵਾਟਰ ਪ੍ਰਾਜੈਕਟ ਤਹਤਿ ਇਨ੍ਹਾਂ ਸੜਕਾਂ ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੜਕਾਂ ਦਾ ਕੰਮ ਮਿੱਥੇ ਸਮੇਂ ਅੰਦਰ ਮੁਕੰਮਲ ਕਰਨ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਵੱਲ ਵੀ ਵਿਸ਼ੇਸ਼ ਧਿਆਨ ਦੇਣ ਤਾਂ ਜੋ ਲੋਕਾਂ ਦੇ ਪੈਸੇ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਹੈ, ਜਿਸ ਤਹਤਿ ਸਿੱਖਿਆ, ਸਿਹਤ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਲੰਧਰ ਦੇ ਚਹੁੰਪੱਖੀ ਵਿਕਾਸ ਲਈ ਨਗਰ ਨਿਗਮ ਵੱਲੋਂ ਵਿਆਪਕ ਯੋਜਨਾਬੰਦੀ ਕੀਤੀ ਜਾ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਸੁਰਿੰਦਰ ਸਿੰਘ ਸੋਢੀ, ਨਗਰ ਨਿਗਮ ਦੇ ਕਮਿਸ਼ਨਰ ਰਿਸ਼ੀਪਾਲ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।
ਪਿੰਡ ਦਿਆਲਪੁਰ ਵਿੱਚ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆ
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਰਤਾਰਪੁਰ ਦੇ ਪਿੰਡ ਦਿਆਲਪੁਰ ਵਿੱਚ 2.21 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕੈਟਲ ਪੌਂਡ ਦਾ ਨੀਂਹ ਪੱਥਰ ਰੱਖਿਆ। ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਇਸ ਗਊਸ਼ਾਲਾ ਨੂੰ ਆਧੁਨਿਕ ਢੰਗ ਨਾਲ ਬਣਾਇਆ ਜਾਵੇਗਾ ਤਾਂ ਜੋ ਪਸ਼ੂਆਂ ਲਈ ਵਧੀਆ ਜਗ੍ਹਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਵੱਡੇ ਆਕਾਰ ਦੇ ਸ਼ੈੱਡ, ਪਸ਼ੂ ਕਲੀਨਿਕ, ਚਾਰਦੀਵਾਰੀ, ਸਟਾਫ਼ ਅਤੇ ਕਰਮਚਾਰੀਆਂ ਲਈ ਕਮਰੇ ਅਤੇ ਇਹ ਬਜਿਲੀ, ਰੋਸ਼ਨੀ, ਚਾਰਾ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਨਾਲ ਲੈਸ ਹੋਵੇਗਾ। ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਰੋਜ਼ਾਨਾ ਚਾਰੇ ਅਤੇ ਪਾਣੀ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਗਊਸ਼ਾਲਾ ਦਾ ਸਹੀ ਰਿਕਾਰਡ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗਊਸ਼ਾਲਾ ਦੇ ਮੁਕੰਮਲ ਹੋਣ ਤੋਂ ਬਾਅਦ ਕਰਤਾਰਪੁਰ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਵਿੱਚ ਆਪਣੀ ਕਿਸਮ ਦਾ ਗਊ ਆਸਰਾ ਹੋਵੇਗਾ। ਉਨ੍ਹਾਂ ਆਸ-ਪਾਸ ਦੇ ਪਿੰਡਾਂ ਦੇ ਵਾਲੰਟੀਅਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਵਿਕਾਸ ਕਾਰਜਾਂ ਦੀ ਰਫ਼ਤਾਰ ਤੇਜ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਹਲਕੇ ਵਿੱਚ ਚਾਰ ਸਟੇਡੀਅਮ ਬਣ ਰਹੇ ਹਨ ਅਤੇ ਨਵਾਂ ਬੱਸ ਸਟੈਂਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਆਫ ਅਥਾਰਟੀ (ਐਨ.ਐਚ.ਏ.ਆਈ.) ਨੂੰ ਪਹਿਲਾਂ ਹੀ ਸਰਵਿਸ ਲੇਨਾਂ ਤੇ ਸੀਵਰੇਜ ਸਿਸਟਮ ਦੀ ਮੁਰੰਮਤ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਨੂੰ ਸੂਬੇ ਵਿੱਚ ਨਮੂਨੇ ਦਾ ਸ਼ਹਿਰ ਬਣਾਉਣ ਲਈ ਜਲ ਸਪਲਾਈ, ਐੱਸ.ਟੀ.ਪੀ., ਗਲੀਆਂ, ਸਟਰੀਟ ਲਾਈਟਾਂ, ਪਾਰਕਾਂ, ਮੁਹੱਲਾ ਕਲੀਨਿਕਾਂ, ਸਿਵਲ ਹਸਪਤਾਲ ਦੇ ਕਾਇਆਕਲਪ, ਸਕੂਲਾਂ ਅਤੇ ਹੋਰਾਂ ਸਮੇਤ ਕਈ ਕਰੋੜਾਂ ਦੇ ਪ੍ਰਾਜੈਕਟ ਯੋਜਨਾਬੱਧ ਤਰੀਕੇ ਨਾਲ ਚਲਾਏ ਜਾ ਰਹੇ ਹਨ।
The post ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ: ਬਲਕਾਰ ਸਿੰਘ appeared first on punjabitribuneonline.com.