ਨੈਸ਼ਨਲ ਮਿਊਜ਼ੀਅਮ ਦਾ ਇਤਿਹਾਸ ਅਤੇ ਮਹੱਤਵ

ਨੈਸ਼ਨਲ ਮਿਊਜ਼ੀਅਮ ਦਾ ਇਤਿਹਾਸ ਅਤੇ ਮਹੱਤਵ


ਕਨਿਕਾ ਸਿੰਘ

ਇਤਿਹਾਸਕ ਇਮਾਰਤ
ਖ਼ਬਰਾਂ ਤੋਂ ਪਤਾ ਲੱਗਿਆ ਕਿ ਨਵੀਂ ਦਿੱਲੀ ਸਥਤਿ ਨੈਸ਼ਨਲ ਮਿਊਜ਼ੀਅਮ ਨੂੰ ਇਸ ਵਰ੍ਹੇ ਦੇ ਅੰਤ ਤੱਕ ਬੰਦ ਕਰ ਦਿੱਤਾ ਜਾਵੇਗਾ। ਜਨਪਥ ਸਥਤਿ ਇਸ ਅਜਾਇਬਘਰ ਦੀ ਇਮਾਰਤ ਨੂੰ ਖਾਲੀ ਕਰ ਕੇ ਮਾਰਚ 2024 ਤੱਕ ਢਾਹੁਣ ਦੀ ਯੋਜਨਾ ਹੈ। ਇਸ ਬਦਲੇ ਇਕ ਨਵਾਂ ਅਜਾਇਬਘਰ ਬਣਾਇਆ ਜਾਵੇਗਾ ਜਿਸ ਦਾ ਨਾਂ ‘ਯੁਗੇ ਯੁਗੀਨ ਭਾਰਤ’ ਰੱਖਿਆ ਗਿਆ ਹੈ। ਇਹ ਨਵਾਂ ਅਜਾਇਬਘਰ ਅੰਗਰੇਜ਼ ਸਰਕਾਰ ਦੁਆਰਾ ਸਰਕਾਰ ਦੇ ਉੱਚਤਮ ਮੰਤਰੀਆਂ ਅਤੇ ਅਧਿਕਾਰੀਆਂ ਲਈ ਬਣਾਈਆਂ ਗਈਆਂ ਇਮਾਰਤਾਂ – ਨੌਰਥ ਬਲਾਕ ਤੇ ਸਾਊਥ ਬਲਾਕ ਵਿਚ ਹੋਵੇਗਾ ਜੋ 2025 ਤੱਕ ਬਣ ਕੇ ਤਿਆਰ ਹੋਵੇਗਾ। ਨੈਸ਼ਨਲ ਮਿਊਜ਼ੀਅਮ ਬਾਰੇ ਇਹ ਐਲਾਨ ਕੇਂਦਰ ਸਰਕਾਰ ਦੀ ਵਿਆਪਕ ਯੋਜਨਾ (ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪਲਾਨ) ਦਾ ਹਿੱਸਾ ਹੈ ਜਿਸ ਵਿਚ ਨਵੀਂ ਦਿੱਲੀ ਦਾ ਨਵ ਨਿਰਮਾਣ ਕੀਤਾ ਜਾ ਰਿਹਾ ਹੈ। ਖ਼ਾਸਕਰ ਰਾਜਧਾਨੀ ਦਿੱਲੀ ਦਾ ਉਹ ਹਿੱਸਾ ਜਿਸ ਨੂੰ ਸੱਤਾ ਦਾ ਕੇਂਦਰ ਮੰਨਿਆ ਜਾਂਦਾ ਹੈ ਜਿੱਥੇ ਇੰਡੀਆ ਗੇਟ, ਸੰਸਦ ਭਵਨ, ਰਾਸ਼ਟਰਪਤੀ ਭਵਨ ਹੈ। ਇਨ੍ਹਾਂ ਦੇ ਬਹੁਤ ਨੇੜੇ ਜਨਪਥ ਉੱਤੇ ਨੈਸ਼ਨਲ ਮਿਊਜ਼ੀਅਮ ਸਥਤਿ ਹੈ। ਨੈਸ਼ਨਲ ਮਿਊਜ਼ੀਅਮ ਅਤੇ ਹੋਰ ਅਹਿਮ ਇਮਾਰਤਾਂ ਨੂੰ ਢਾਹੁਣ ਪ੍ਰਤੀ ਇਤਿਹਾਸਕਾਰਾਂ ਅਤੇ ਮਾਹਿਰਾਂ ਨੇ ਸਖ਼ਤ ਰੋਸ ਪ੍ਰਗਟਾਇਆ ਹੈ। ਇਸ ਸੰਦਰਭ ਵਿਚ ਇਸ ਕੌਮੀ ਅਦਾਰੇ- ਨੈਸ਼ਨਲ ਮਿਊਜ਼ੀਅਮ – ਦੇ ਇਤਿਹਾਸ ਅਤੇ ਮਹੱਤਤਾ ਨੂੰ ਸਮਝਣ ਦੀ ਲੋੜ ਹੈ।

ਮਿਊਜ਼ੀਅਮ ਦਾ ਇਤਿਹਾਸ

ਨੈਸ਼ਨਲ ਮਿਊਜ਼ੀਅਮ ਦੀ ਨੀਂਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ 1955 ਵਿਚ ਰੱਖੀ ਅਤੇ ਅਜਾਇਬਘਰ ਦੀ ਮੌਜੂਦਾ ਇਮਾਰਤ ਦਾ ਉਦਘਾਟਨ 1960 ਵਿਚ ਹੋਇਆ। ਇਸ ਤੱਥ ਪਿੱਛੇ ਦਿਲਚਸਪ ਕਹਾਣੀ ਹੈ। ਅਗਸਤ 1947 ਵਿਚ ਆਜ਼ਾਦੀ ਮਗਰੋਂ ਬ੍ਰਿਟੇਨ ਦੀ ਰਾਇਲ ਅਕੈਡਮੀ ਆਫ ਆਰਟਸ ਨੇ ਲੰਡਨ ਸ਼ਹਿਰ ਵਿਚ ਇਕ ਵੱਡੀ ਪ੍ਰਦਰਸ਼ਨੀ ਲਾਈ: ‘ਇੰਡੀਆ ਤੇ ਪਾਕਿਸਤਾਨ ਦੀ ਕਲਾ’ (The Arts of India and Pakistan)। ਨਵੰਬਰ 1947 ਤੋਂ ਫਰਵਰੀ 1948 ਤਕ ਚੱਲੀ ਇਹ ਪ੍ਰਦਰਸ਼ਨੀ ਹਿੰਦੋਸਤਾਨੀ ਕਲਾ ਦਾ ਜਸ਼ਨ ਅਤੇ ਵਿਰਸੇ ਦੇ ਸਨਮਾਨ ਦਾ ਸੰਕੇਤ ਸੀ। ਪ੍ਰਦਰਸ਼ਨੀ ਵਿਚ ਬੁੱਤ, ਚਿੱਤਰ, ਹੱਥ-ਲਿਖਤ ਪਾਂਡੂਲਿਪੀਆਂ, ਪੁਰਾਤੱਤਵ ਅਵਸ਼ੇਸ਼ ਤੇ ਆਧੁਨਿਕ ਕਲਾ ਦੇ ਵਿਲੱਖਣ ਅਤੇ ਖ਼ੂਬਸੂਰਤ ਨਮੂਨੇ ਸਨ। ਇਹ ਵਸਤਾਂ ਵੱਖ ਵੱਖ ਥਾਵਾਂ ਤੋਂ ਉਧਾਰ ਮੰਗੀਆਂ ਗਈਆਂ ਸਨ ਜਿਸ ਵਿਚ ਸੂਬਾਈ ਅਜਾਇਬਘਰ ਅਤੇ ਨਿੱਜੀ ਸੰਗ੍ਰਹਿ ਸ਼ਾਮਿਲ ਸਨ। ਇਹ ਪਹਿਲਾ ਮੌਕਾ ਸੀ ਜਦੋਂ ਦੇਸ਼ ਦੀ ਇੰਨੀਆਂ ਸਾਰੀਆਂ ਕੀਮਤੀ ਵਸਤੂਆਂ ਨੂੰ ਇਕ ਥਾਂ ਇੱਕਠ ਕੀਤਾ ਅਤੇ ਪ੍ਰਦਰਸ਼ਨੀ ਲਈ ਵਿਦੇਸ਼ ਭੇਜਿਆ ਗਿਆ ਸੀ।
ਅਗਸਤ 1948 ਵਿਚ ਇਹ ਸਾਰੀਆਂ ਇਤਿਹਾਸਕ ਵਸਤੂਆਂ ਮੁੜ ਦਿੱਲੀ ਆ ਗਈਆਂ। ਉਦੋਂ ਭਾਰਤ ਸਰਕਾਰ ਨੇ ਮਹਿਸੂਸ ਕੀਤਾ ਕਿ ਦੇਸ਼ ਦੇ ਲੋਕਾਂ ਨੂੰ ਵੀ ਆਪਣੀ ਵਿਰਾਸਤ ਨੂੰ ਵੇਖਣ ਦਾ ਇਹ ਸੁਨਹਿਰਾ ਮੌਕਾ ਸੀ। ਤਤਕਾਲੀ ਗਵਰਨਰ ਜਨਰਲ ਸੀ. ਰਾਜਗੋਪਾਲਚਾਰੀ ਦੀ ਇਜਾਜ਼ਤ ਮਿਲਣ ਮਗਰੋਂ ਇਹ ਪ੍ਰਦਰਸ਼ਨੀ ਗੌਰਮੈਂਟ ਹਾਊਸ (ਹੁਣ ਰਾਸ਼ਟਰਪਤੀ ਭਵਨ) ਵਿਚ ਲਗਾਈ ਅਤੇ 15 ਅਗਸਤ 1949 ਨੂੰ ਖੋਲ੍ਹੀ ਗਈ ਸੀ। ਅੰਗਰੇਜ਼ ਸਰਕਾਰ ਨੇ ਨਵੀਂ ਦਿੱਲੀ ਬਣਾਉਣ ਸਮੇਂ ਸ਼ਹਿਰ ਦੀ ਮੂਲ ਯੋਜਨਾ ਵਿੱਚ ਕਈ ਅਜਾਇਬਘਰ ਬਣਾਉਣ ਦੀ ਤਜਵੀਜ਼ ਤਿਆਰ ਕੀਤੀ ਸੀ ਜੋ ਦੋ ਆਲਮੀ ਜੰਗਾਂ ਦੌਰਾਨ ਫੰਡਾਂ ਦੀ ਕਮੀ ਕਾਰਨ ਸਿਰੇ ਨਹੀਂ ਚੜ੍ਹ ਸਕੀ। ਫਿਰ 1946 ਵਿੱਚ ਦਿੱਲੀ ਯੂਨੀਵਰਸਿਟੀ ਦੇ ਕੁਲਪਤੀ ਮੌਰਿਸ ਗਵਾਇਰ ਨੇ ‘ਕੇਂਦਰੀ ਰਾਸ਼ਟਰੀ ਕਲਾ, ਪੁਰਾਤੱਤਵ ਅਤੇ ਮਾਨਵ-ਵਿਗਿਆਨ ਦੇ ਅਜਾਇਬਘਰ’ (Central National Museum of Art, Archaeology and Anthropology) ਦੀ ਤਜਵੀਜ਼ ਰੱਖੀ ਸੀ। ਆਜ਼ਾਦ ਭਾਰਤ ਦੇ ਨੈਸ਼ਨਲ ਮਿਊਜ਼ੀਅਮ ਨੂੰ ਅਮਲੀ ਰੂਪ ਦੇਣ ਲਈ ਗਵਰਨਰ ਹਾਊਸ ਵਿਖੇ 1949 ਦੀ ਪ੍ਰਦਰਸ਼ਨੀ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਤੇ ਮਹੱਤਵਪੂਰਨ ਸੀ। ਇਹ ਪਹਿਲੀ ਵਾਰ ਸੀ ਕਿ ਦੇਸ਼ ਦੀਆਂ ਵੱਖ ਵੱਖ ਥਾਵਾਂ ਤੋਂ ਇੰਨਾ ਵੱਡਾ ਸੰਗ੍ਰਹਿ ਇੱਕ ਥਾਂ ਉੱਤੇ ਪ੍ਰਦਰਸ਼ਤਿ ਕੀਤਾ ਗਿਆ ਸੀ।
ਸਰਕਾਰ ਨੇ ਸੂਬਾਈ ਅਜਾਇਬਘਰਾਂ (ਨਿੱਜੀ ਅਤੇ ਸਰਕਾਰੀ) ਅਤੇ ਕਲਾ ਤੇ ਇਤਿਹਾਸਕ ਚੀਜ਼ਾਂ ਦੇ ਨਿੱਜੀ ਸੰਗ੍ਰਹਿਕਾਰਾਂ ਨੂੰ ਨੈਸ਼ਨਲ ਮਿਊਜ਼ੀਅਮ ਲਈ ਆਪਣੇ ਸੰਗ੍ਰਹਿਆਂ ਵਿਚੋਂ ਯੋਗਦਾਨ ਪਾਉਣ ਦੀ ਅਪੀਲ ਕੀਤੀ। ਕਈ ਅਦਾਰਿਆਂ ਤੇ ਵਿਅਕਤੀਆਂ ਨੇ ਸਹਿਮਤੀ ਦਿੱਤੀ, ਕੁਝ ਨੇ ਨਹੀਂ। ਇਹ ਵਿਚ ਯੋਗਦਾਨ ਪਾਉਣ ਵਾਲਿਆਂ ਵਿਚ ਪੁਰਾਤੱਤਵ ਅਜਾਇਬਘਰ, ਮਥੁਰਾ; ਇੰਡੀਅਨ ਮਿਊਜ਼ੀਅਮ, ਕੋਲਕਾਤਾ; ਕਲਕੱਤਾ ਯੂਨੀਵਰਸਿਟੀ ਦਾ ਆਸ਼ੂਤੋਸ਼ ਮਿਊਜ਼ੀਅਮ; ਅਹਿਮਦਾਬਾਦ ਦੇ ਗੌਤਮ ਸਾਰਾਭਾਈ ਅਤੇ ਕਸਤੂਰਭਾਈ ਲਾਲਭਾਈ ਆਦਿ ਸਨ। ਇਨ੍ਹਾਂ ਇਤਿਹਾਸਕ ਕਲਾ ਅਤੇ ਪੁਰਾਤੱਤਵ ਵਸਤਾਂ ਦਾ ਸੰਗ੍ਰਹਿ ਨਵੇਂ ਨੈਸ਼ਨਲ ਮਿਊਜ਼ੀਅਮ ਦਾ ਬੀਜ ਬਣਿਆ। ਇਸ ਨੈਸ਼ਨਲ ਮਿਊਜ਼ੀਅਮ ਨੂੰ ਭਾਰਤ ਨੂੰ ਆਜ਼ਾਦ, ਆਧੁਨਿਕ ਅਤੇ ਜਮਹੂਰੀ ਦੇਸ਼ ਬਣਾਉਣ ਦਾ ਇਕ ਅਹਿਮ ਹਿੱਸਾ ਸਮਝਿਆ ਗਿਆ। ਇਸ ਅਜਾਇਬਘਰ ਨੂੰ ਅਜਿਹੇ ਅਦਾਰੇ ਵਜੋਂ ਵੇਖਿਆ ਗਿਆ ਜੋ ਭਾਰਤ ਦੀ ਵਿਰਾਸਤ ਨੂੰ ਸਾਂਭ ਕੇ ਰੱਖਣ ਦੇ ਨਾਲ ਨਾਲ ਦੇਸ਼ ਦੇ ਨਾਗਰਿਕਾਂ ਲਈ ਗਿਆਨ ਅਤੇ ਸਿੱਖਿਆ ਦਾ ਇੱਕ ਸਰੋਤ ਹੋਵੇ। ਇਸ ਨੂੰ ਇਕ ਨਵੇਂ ਜਮਹੂਰੀ ਦੇਸ਼ ਦੀ ਨੀਂਹ ਮੰਨਿਆ ਗਿਆ।
ਉਸ ਸਮੇਂ ਦੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਮਿਊਜ਼ੀਅਮ ਐਸੋਸੀਏਸ਼ਨ ਆਫ ਇੰਡੀਆ (Museum Association of India) ਦੇ ਸਾਲਾਨਾ ਸੈਸ਼ਨ ਵਿੱਚ ਆਪਣੇ ਉਦਘਾਟਨੀ ਭਾਸ਼ਣ ਵਿੱਚ (27 ਦਸੰਬਰ 1948 ਨੂੰ) ਨੈਸ਼ਨਲ ਮਿਊਜ਼ੀਅਮ ਦੇ ਮਕਸਦ ਬਾਰੇ ਕਿਹਾ: ‘‘ਨੈਸ਼ਨਲ ਮਿਊਜ਼ੀਅਮ ਆਮ ਲੋਕਾਂ ਅਤੇ ਵਿਦਵਾਨਾਂ ਦੋਵਾਂ ਨੂੰ ਸਿੱਖਿਅਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਅਜਿਹਾ ਅਜਾਇਬਘਰ ਸਾਨੂੰ ਅਤੀਤ ਵਿੱਚ ਸਾਡੇ ਜੀਵਨ ਅਤੇ ਸੱਭਿਆਚਾਰ ਦੀ ਕਹਾਣੀ ਸੁਣਾਏਗਾ। ਸਾਡੇ ਕੌਮੀ ਮਾਣ ਦਾ ਇਸ ਤੋਂ ਵੱਡਾ ਸਰੋਤ ਨਹੀਂ ਹੋ ਸਕਦਾ। ਵਿਦੇਸ਼ੀ ਸ਼ਾਸਕ ਭਾਰਤ ਦੀਆਂ ਇਤਿਹਾਸਕ ਵਸਤਾਂ ਅਤੇ ਰਿਕਾਰਡ ਬਾਹਰ ਲੈ ਗਏ। ਹੁਣ ਜਦੋਂ ਸਰਕਾਰ ਸਾਡੇ ਆਪਣੇ ਲੋਕਾਂ ਦੇ ਹੱਥਾਂ ਵਿੱਚ ਹੈ, ਸਾਨੂੰ ਆਪਣੀਆਂ ਪੁਰਾਤਨ ਵਸਤਾਂ ਦੀ ਸਾਂਭ ਅਤੇ ਸੁਰੱਖਿਆ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਜੇਕਰ ਲੋਕਾਂ ਕੋਲ ਕੋਈ ਇਤਿਹਾਸਕ ਵਸਤਾਂ ਅਤੇ ਰਿਕਾਰਡ ਹਨ ਤਾਂ ਉਨ੍ਹਾਂ ਨੂੰ ਅਜਾਇਬਘਰ ਵਿੱਚ ਜਮ੍ਹਾਂ ਕਰਨਾ ਚਾਹੀਦਾ ਹੈ। ਇਨ੍ਹਾਂ ਇਤਿਹਾਸਕ ਵਸਤਾਂ ਅਤੇ ਰਿਕਾਰਡਾਂ ਨੂੰ ਵਿਗਿਆਨਕ ਢੰਗ ਨਾਲ ਸਾਂਭ ਕੇ ਰੱਖਿਆ ਜਾਣਾ ਚਾਹੀਦਾ ਹੈ।”
ਨੈਸ਼ਨਲ ਮਿਊਜ਼ੀਅਮ ਦੀ ਪਹਿਲੀ ਨਿਰਦੇਸ਼ਕ ਡਾ. ਗ੍ਰੇਸ ਮੋਰਲੇ ਸੀ। ਉਹ ਅਮਰੀਕੀ ਨਾਗਰਿਕ ਅਤੇ ਮਿਊਜ਼ੀਅਮ ਖੇਤਰ ਦੀ ਉੱਘੀ ਅਤੇ ਤਜਰਬੇਕਾਰ ਮਾਹਿਰ ਸੀ। ਉਸ ਨੇ 1960 ਤੋਂ 1966 ਤੱਕ ਅਜਾਇਬਘਰ ਦੀ ਅਗਵਾਈ ਕੀਤੀ ਜਿਸ ਦੌਰਾਨ ਕਲਾ ਪ੍ਰਦਰਸ਼ਨ ਦੀ ਆਧੁਨਿਕ ਤਕਨੀਕਾਂ ਨੂੰ ਲਾਗੂ ਕੀਤਾ। ਡਾ. ਮੋਰਲੇ ਨੇ ਮਿਊਜ਼ੀਅਮ ਵਿਗਿਆਨ (museology) ਦੇ ਖੇਤਰ ਵਿਚ ਕੰਮ ਕਰਨ ਵਾਲੇ ਨੌਜਵਾਨਾਂ ਦੀ ਨਵੀਂ ਪੀੜ੍ਹੀ ਤਿਆਰ ਕੀਤੀ ਜਿਹੜੇ ਬਾਅਦ ਵਿਚ ਇਸ ਖੇਤਰ ਦੇ ਮਾਹਿਰ ਬਣੇ। ਨੈਸ਼ਨਲ ਮਿਊਜ਼ੀਅਮ ਦੇ ਵਿਕਾਸ ਅਤੇ ਭਾਰਤ ਵਿੱਚ ਮਿਊਜ਼ੀਅਮ ਵਿਗਿਆਨ ਨੂੰ ਗੰਭੀਰ ਪੱਧਰ ਉੱਤੇ ਸਥਾਪਤਿ ਕਰਨ ਵਿਚ ਡਾ. ਮੋਰਲੇ ਦਾ ਯੋਗਦਾਨ ਬਹੁਤ ਅਹਿਮ ਹੈ।

ਮੌਜੂਦਾ ਸੰਗ੍ਰਹਿ

ਅੱਜ ਇਸ ਅਜਾਇਬਘਰ ਵਿੱਚ ਭਾਰਤੀ ਇਤਿਹਾਸ, ਕਲਾ ਅਤੇ ਸੱਭਿਆਚਾਰ ਨਾਲ ਸਬੰਧਤ ਲਗਭਗ ਦੋ ਲੱਖ ਵਸਤਾਂ ਹਨ। ਇਸ ਵਿਚਲੀਆਂ 22 ਗੈਲਰੀਆਂ ਦੋ ਮੰਜ਼ਿਲਾਂ ਵਿੱਚ ਫੈਲੀਆਂ ਹੋਈਆਂ ਹਨ। ਇਨ੍ਹਾਂ ਵਿੱਚ ਸਿੰਧੂ ਘਾਟੀ ਸੱਭਿਅਤਾ, ਬੌਧ ਕਲਾ, ਲਘੂ ਚਿੱਤਰਕਾਰੀ, ਸ਼ਸਤਰ, ਸਿੱਕੇ, ਪੁਸ਼ਾਕਾਂ ਅਤੇ ਕਾਂਸੀ ਦੀਆਂ ਮੂਰਤੀਆਂ ਦੀਆਂ ਗੈਲਰੀਆਂ ਸ਼ਾਮਲ ਹਨ।
ਸਭ ਤੋਂ ਦਿਲਚਸਪ ਇਤਿਹਾਸਕ ਵਸਤੂਆਂ ਵਿੱਚੋਂ ਹੈ ਨਰਤਕੀ (dancing girl) ਦੀ ਮੂਰਤੀ। ਡਾਂਸਿੰਗ ਗਰਲ ਇੱਕ ਔਰਤ ਦੀ ਇੱਕ ਛੋਟੀ ਜਿਹੀ ਕਾਂਸੀ ਦੀ ਮੂਰਤੀ ਹੈ ਜੋ ਮੋਹੰਜੋਦੜੋ (ਸਿੰਧੂ ਘਾਟੀ ਸੱਭਿਅਤਾ ਦਾ ਵੱਡਾ ਸ਼ਹਿਰ; ਮੌਜੂਦਾ ਪਾਕਿਸਤਾਨ ਵਿਚ) ਦੀ ਪੁਰਾਤੱਤਵ ਖੁਦਾਈ ਵਿੱਚ ਲੱਭੀ ਸੀ। ਇਹ ਸਿਰਫ਼ 10.5 ਸੈਂਟੀਮੀਟਰ ਲੰਮੀ ਹੈ ਅਤੇ ਤਕਰੀਬਨ 2300 ਈਸਾ ਪੂਰਵ ਬਣਾਈ ਗਈ ਸੀ। ਇਹ ਨਿੱਕੀ ਮੂਰਤੀ ਭਾਰਤ ਦੇ ਇਤਿਹਾਸ ਦੀਆਂ ਸਭ ਤੋਂ ਪ੍ਰਸਿੱਧ ਵਸਤਾਂ ’ਚੋਂ ਇਕ ਹੈ।
ਮਹਾਤਮਾ ਬੁੱਧ ਨਾਲ ਸਬੰਧਤਿ ਵਸਤਾਂ ਵੀ ਇਸ ਅਜਾਇਬਘਰ ਵਿਚ ਸੰਭਾਲੀਆਂ ਗਈਆਂ ਹਨ। ਬੋਧੀ ਕਲਾ ਗੈਲਰੀ ਵਿਚ ਇਕ ਸੋਨੇ ਦਾ ਤਖ਼ਤ ਹੈ ਜਿਸ ਉੱਤੇ ਬੁੱਧ ਦੀਆਂ ਅਸਥੀਆਂ ਨੂੰ ਸਥਾਪਤਿ ਕੀਤਾ ਗਿਆ ਹੈ। ਇਹ ਖ਼ੂਬਸੂਰਤ ਤਖ਼ਤ 1997 ਵਿਚ ਥਾਈਲੈਂਡ ਸਰਕਾਰ ਨੇ ਭਾਰਤ ਨੂੰ ਤੋਹਫ਼ੇ ਵਜੋਂ ਦਿੱਤਾ ਸੀ। ਬੁੱਧ ਦੀਆਂ ਅਸਥੀਆਂ ਤਕਰੀਬਨ 4-5 ਸਦੀ ਈਸਾ ਪੂਰਵ ਦੀਆਂ ਹਨ। ਇਹ ਉੱਤਰ ਪ੍ਰਦੇਸ਼ ਦੇ ਪਿਪਰਹਵਾ ਵਿੱਚ ਲੱਭੀਆਂ ਸਨ। ਪਿਪਰਹਵਾ ਨੂੰ ਪ੍ਰਾਚੀਨ ਕਪਿਲਵਸਤੂ ਮੰਨਿਆ ਜਾਂਦਾ ਹੈ। ਗੌਤਮ ਬੁੱਧ ਉੱਥੋਂ ਦੇ ਰਾਜਕੁਮਾਰ ਸਨ ਅਤੇ ਉੱਥੇ ਹੀ ਵੱਡੇ ਹੋਏ। ਦੇਸ਼ ਵਿਦੇਸ਼ ਦੇ ਬੋਧੀ ਸ਼ਰਧਾਲੂ ਇਨ੍ਹਾਂ ਦੇ ਦਰਸ਼ਨਾਂ ਲਈ ਨੈਸ਼ਨਲ ਮਿਊਜ਼ੀਅਮ ਆਉਂਦੇ ਹਨ।
ਅਜਾਇਬਘਰ ਦੀਆਂ ਗੈਲਰੀਆਂ ਵਿਚੋਂ ਲੰਘਣਾ ਦਿਲਕਸ਼ ਅਹਿਸਾਸ ਹੈ। ਸਾਨੂੰ ਬਹੁਤ ਸਾਰੀਆਂ ਦੁਰਲੱਭ ਵਸਤੂਆਂ ਅਤੇ ਕਲਾ ਦੇ ਖ਼ੂਬਸੂਰਤ ਨਮੂਨੇ ਦਿਸਦੇ ਹਨ। ਇਨ੍ਹਾਂ ਨੂੰ ਜਿੰਨੀ ਵਾਰੀ ਵੇਖਿਆ ਜਾਵੇ, ਦਰਸ਼ਕ ਸਾਹਮਣੇ ਨਵੇਂ ਭਾਵ, ਨਵੇਂ ਮਾਅਨੇ ਖੁੱਲ੍ਹਦੇ ਹਨ। ਲਘੂ ਚਿੱਤਰਾਂ ਦੀ ਗੈਲਰੀ ਮੈਨੂੰ ਵਿਸ਼ੇਸ਼ ਪਸੰਦ ਹੈ। ਪਿਛਲੀ ਵਾਰੀ ਅਜਾਇਬਘਰ ਵਿਚ ਤੁਰਦਿਆਂ ਮੈਨੂੰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦਾ 18ਵੀਂ ਸਦੀ ਦਾ ਚਿੱਤਰ ਦਿੱਸਿਆ ਜਿਹੜਾ ਦੱਖਣੀ ਸ਼ੈਲੀ ਵਿਚ ਬਣਾਇਆ ਗਿਆ ਸੀ। ਹਿੰਦੋਸਤਾਨੀ ਬਰੇਸਗੀਰ ਦੀ ਕਲਾ ਤੋਂ ਇਲਾਵਾ ਅਜਾਇਬਘਰ ਵਿਚ ਕੇਂਦਰੀ ਏਸ਼ੀਆ ਅਤੇ ਦੱਖਣ ਅਮਰੀਕੀ ਵਸਤਾਂ ਦਾ ਸੰਗ੍ਰਹਿ ਵੀ ਹੈ। ਨੈਸ਼ਨਲ ਮਿਊਜ਼ੀਅਮ ਦੀ ਇਕ ਗੈਲਰੀ ਹੈ ਸਪਰਸ਼ ਗੈਲਰੀ (tactile gallery) ਜਿੱਥੇ ਕੁਝ ਚੋਣਵੀਆਂ ਇਤਿਹਾਸਕ ਵਸਤਾਂ ਦੀ ਵਾਸਤਵਿਕ ਨਕਲ (replica) ਰੱਖੀ ਗਈ ਹੈ ਅਤੇ ਉਨ੍ਹਾਂ ਦੇ ਵੇਰਵੇ ਬਰੇਲ (Braille) ਵਿਚ ਵੀ ਹਨ। ਇਹ ਸਹੂਲਤ ਖ਼ਾਸ ਕਰਕੇ ਦ੍ਰਿਸ਼ਟੀਹੀਣ ਲੋਕਾਂ ਲਈ ਹੈ ਪਰ ਇਸ ਪ੍ਰਦਰਸ਼ਨੀ ਦਾ ਮਜ਼ਾ ਅਜਾਇਬਘਰ ਆਉਣ ਵਾਲੇ ਸਾਰੇ ਚੁੱਕਦੇ ਹਨ। ਆਮ ਤੌਰ ’ਤੇ ਕਿਸੇ ਵੀ ਅਜਾਇਬਘਰ ਦੀਆਂ ਵਸਤਾਂ ਨੂੰ ਛੂਹਣ ਤੋਂ ਮਨਾਹੀ ਹੁੰਦੀ ਹੈ. ਦੁਰਲੱਭ ਅਤੇ ਨਾਜ਼ੁਕ ਵਸਤੂਆਂ ਨੂੰ ਕੱਚ ਦੇ ਬਕਸਿਆਂ, ਜਿਸ ਵਿਚ ਤਾਪਮਾਨ ਲਗਾਤਾਰ ਨਿਯੰਤਰਤਿ ਕੀਤਾ ਜਾਂਦਾ ਹੈ, ਵਿੱਚ ਰੱਖਿਆ ਜਾਂਦਾ ਹੈ ਅਤੇ ਵਿਗਾੜ ਨੂੰ ਰੋਕਣ ਲਈ ਛੂਹਿਆ ਨਹੀਂ ਜਾ ਸਕਦਾ। ਇਸ ਕਰਕੇ ਸਪਰਸ਼ ਗੈਲਰੀ ਇਤਿਹਾਸ ਨੂੰ ਨੇੜਿਉਂ ਸਮਝਣ ਦਾ ਮੌਕਾ ਦਿੰਦੀ ਹੈ। ਕਿਸੇ ਇਤਿਹਾਸਕ ਅਵਸ਼ੇਸ਼ ਨੂੰ ਛੂਹ ਕੇ, ਉਸ ਦੀ ਬਣਾਵਟ, ਆਕਾਰ, ਵਜ਼ਨ ਨੂੰ ਮਹਿਸੂਸ ਕਰਨਾ ਇਕ ਵੱਖਰਾ ਅਹਿਸਾਸ ਹੁੰਦਾ ਹੈ।
ਨੈਸ਼ਨਲ ਮਿਊਜ਼ੀਅਮ ਦਾ ਕੰਮ ਸਿਰਫ਼ ਵਸਤਾਂ ਪ੍ਰਦਰਸ਼ਤਿ ਕਰਨ ਤੱਕ ਹੀ ਸੀਮਤਿ ਨਹੀਂ ਹੈ। ਇਸ ਅਦਾਰੇ ਵਿੱਚ ਹੋਰ ਵਿਭਾਗ ਹਨ ਜਿਸ ਵਿਚ ਸੰਰੱਖਿਆ ਵਿਭਾਗ (conservation; ਵਿਗਿਆਨਕ ਤਕਨੀਕਾਂ ਰਾਹੀਂ ਪੁਰਾਣੀਆਂ ਅਤੇ ਨਾਜ਼ੁਕ ਵਸਤੂਆਂ ਨੂੰ ਸਾਂਭ ਕੇ ਰੱਖਣਾ), ਪ੍ਰਕਾਸ਼ਨ (ਸੰਗ੍ਰਹਿ ਸੂਚੀ ਅਤੇ ਖੋਜ ਛਾਪਣਾ), ਸਿੱਖਿਆ (ਕਲਾ ਅਤੇ ਇਤਿਹਾਸ ’ਤੇ ਜਨਤਕ ਲੈਕਚਰ, ਕੋਰਸਾਂ ਦਾ ਆਯੋਜਨ ਕਰਨਾ) ਸ਼ਾਮਲ ਹਨ।

ਨੈਸ਼ਨਲ ਮਿਊਜ਼ੀਅਮ ਦਾ ਮਹੱਤਵ

ਅਜਾਇਬਘਰ ਜਨਤਕ ਅਦਾਰੇ ਹਨ ਜਿਹੜੇ ਸਿੱਖਿਆ ਪ੍ਰਦਾਨ ਕਰਦੇ, ਗਿਆਨ ਦਾ ਨਿਰਮਾਣ ਕਰਦੇ ਹਨ। ਇਹ ਆਨੰਦ ਦਾ ਸਰੋਤ ਹੁੰਦੇ ਹਨ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਵਿਚ ਮਦਦ ਕਰਦੇ ਹਨ। ਅਜਾਇਬਘਰ ਵੱਲੋਂ ਇਤਿਹਾਸ ਦੀ ਖੋਜ, ਸੰਗ੍ਰਹਿ, ਸੰਭਾਲ, ਵਿਆਖਿਆ ਅਤੇ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਇਹ ਸਾਰੇ ਅਨੁਭਵ ਹੁੰਦੇ ਹਨ। ਨੈਸ਼ਨਲ ਅਜਾਇਬਘਰ ਸਮੂਹਿਕ ਤੌਰ ’ਤੇ ਦੇਸ਼ ਦੇ ਨਾਗਰਿਕਾਂ ਦੇ ਸਮੁੱਚੇ ਭਾਈਚਾਰੇ ਦੀ ਤਰਫੋਂ ਅਤੇ ਉਨ੍ਹਾਂ ਲਈ ਇਹ ਸਾਰੇ ਕੰਮ ਕਰਦਾ ਹੈ। ਇਹ ਇੱਕ ‘ਰਾਸ਼ਟਰੀ’ ਪਛਾਣ ਦਾ ਨਿਰਮਾਣ ਕਰ ਕੇ ਉਸ ਨੂੰ ਪੇਸ਼ ਕਰਦਾ ਹੈ। ਨੈਸ਼ਨਲ ਮਿਊਜ਼ੀਅਮ ਨਾ ਸਿਰਫ਼ ਆਪਣੇ ਨਾਗਰਿਕਾਂ ਸਗੋਂ ਬਾਕੀ ਦੁਨੀਆਂ ਨੂੰ ਵੀ ਦੇਸ਼ ਦਾ ਇਤਿਹਾਸ, ਸੱਭਿਆਚਾਰ, ਆਦਰਸ਼ ਦਰਸਾਉਂਦਾ ਹੈ। ਅਜੋਕੇ ਦੌਰ ਵਿਚ ਇਤਿਹਾਸ, ਹੋਂਦ/ਪਛਾਣ, ਨਾਗਰਿਕਤਾ ਅਤੇ ਰਾਸ਼ਟਰਵਾਦ ਦੇ ਸਵਾਲ ਸਭ ਤੋਂ ਵੱਧ ਵਿਵਾਦ ਵਿੱਚ ਹਨ। ਇਹ ਸੰਦਰਭ ਨੈਸ਼ਨਲ ਮਿਊਜ਼ੀਅਮ ਨੂੰ ਇੱਕ ਬਹੁਤ ਅਹਿਮ ਅਦਾਰਾ ਬਣਾ ਦਿੰਦਾ ਹੈ।
ਇਸ ਲਈ ਵਿਦਵਾਨ ਅਤੇ ਮਾਹਿਰ ਨੈਸ਼ਨਲ ਮਿਊਜ਼ੀਅਮ ਨੂੰ ਬੰਦ ਕਰਨ ਅਤੇ ਢਾਹੁਣ ਦੇ ਐਲਾਨ ਤੋਂ ਫ਼ਿਕਰਮੰਦ ਹਨ। ਇਹ ਸਪੱਸ਼ਟ ਨਹੀਂ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਪਿੱਛੇ ਕੀ ਕਾਰਨ ਹਨ। ਇਸ ਪੂਰੀ ਕਾਰਵਾਈ ਤੋਂ ਵਸਤਾਂ ਦੀ ਸੁਰੱਖਿਆ ਗੰਭੀਰਤਾ ਨਾਲ ਪ੍ਰਭਾਵਤਿ ਹੋਵੇਗੀ। ਇਤਿਹਾਸਕ ਵਸਤੂਆਂ ਦੀ ਪ੍ਰਦਰਸ਼ਨੀ, ਸੰਭਾਲ, ਰੱਖ-ਰਖਾਅ, ਆਵਾਜਾਈ ਅਤੇ ਸੁਰੱਖਿਆ- ਇਨ੍ਹਾਂ ਸਾਰੇ ਕੰਮਾਂ ਨੂੰ ਉੱਚ ਪੱਧਰੀ ਮੁਹਾਰਤ ਅਤੇ ਸਮੇਂ ਦੀ ਲੋੜ ਹੁੰਦੀ ਹੈ। ਇਸ ਗੱਲ ਦੀ ਗੰਭੀਰ ਚਿੰਤਾ ਹੈ ਕਿ ਮੌਜੂਦਾ ਇਮਾਰਤ ਨੂੰ ਢਾਹ ਕੇ ਸਰਕਾਰ ਅਤੀਤ ਨੂੰ ਮਿਟਾ ਰਹੀ ਹੈ ਅਤੇ ਸੌੜੇ ਸਿਆਸੀ ਹਿੱਤਾਂ ਲਈ ਇਤਿਹਾਸ ਨੂੰ ਮੁੜ ਲਿਖ ਰਹੀ ਹੈ। ਇਹ ਤੱਥ ਕਿ ਸਰਕਾਰ ਦੇ ਫ਼ੈਸਲੇ ਦਾ ਐਲਾਨ ਸਲਾਹ-ਮਸ਼ਵਰੇ ਅਤੇ ਪੂਰੀ ਯੋਜਨਾ ਦਾ ਖੁਲਾਸਾ ਕੀਤੇ ਬਿਨਾਂ ਕੀਤਾ ਗਿਆ ਸੀ ਜੋ ਮੰਦਭਾਗਾ ਅਤੇ ਖ਼ਤਰਨਾਕ ਹੈ। ਇਸ ਨਾਲ ਦੇਸ਼ ਦੀ ਵਿਰਾਸਤ ਅਤੇ ਭਵਿੱਖ ਨੂੰ ਡੂੰਘਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
* ਡਾਇਰੈਕਟਰ, ਸੈਂਟਰ ਫਾਰ ਰਾਈਟਿੰਗ ਐਂਡ ਕਮਿਊਨੀਕੇਸ਼ਨ, ਅਸ਼ੋਕਾ ਯੂਨੀਵਰਸਿਟੀ।

The post ਨੈਸ਼ਨਲ ਮਿਊਜ਼ੀਅਮ ਦਾ ਇਤਿਹਾਸ ਅਤੇ ਮਹੱਤਵ appeared first on punjabitribuneonline.com.



Source link