ਲਖਨਊ, 7 ਨਵੰਬਰ
ਅਲਾਹਾਬਾਦ ਦੇ ਪ੍ਰਯਾਗਰਾਜ ਬਣਨ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਹਰੀਗੜ੍ਹ ਬਣਨ ਦਾ ਸਮਾਂ ਆ ਗਿਆ ਹੈ। ਅਲੀਗੜ੍ਹ ਨਗਰ ਨਿਗਮ ਨੇ ਸਰਬਸੰਮਤੀ ਨਾਲ ਅਲੀਗੜ੍ਹ ਦਾ ਨਾਂ ਬਦਲ ਕੇ ਹਰੀਗੜ੍ਹ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਹ ਪ੍ਰਸਤਾਵ ਮੇਅਰ ਪ੍ਰਸ਼ਾਂਤ ਸਿੰਘਲ ਵੱਲੋਂ ਮੀਟਿੰਗ ਵਿੱਚ ਪੇਸ਼ ਕੀਤਾ ਗਿਆ ਅਤੇ ਸਾਰੇ ਕੌਂਸਲਰਾਂ ਨੇ ਇਸ ਦਾ ਸਮਰਥਨ ਕੀਤਾ। ਹੁਣ ਇਹ ਪ੍ਰਸਤਾਵ ਪ੍ਰਸ਼ਾਸਨ ਨੂੰ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਅਲੀਗੜ੍ਹ ਦਾ ਨਾਮ ਬਦਲ ਕੇ ਹਰੀਗੜ੍ਹ ਰੱਖਣ ਦੀ ਤਜਵੀਜ਼ ਨੂੰ 2021 ਵਿੱਚ ਜ਼ਿਲ੍ਹਾ ਪੰਚਾਇਤ ਦੀ ਮੀਟਿੰਗ ਵਿੱਚ ਹਰੀ ਝੰਡੀ ਦੇ ਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਤਿਿਆਨਾਥ ਨੂੰ ਭੇਜਿਆ ਗਿਆ ਸੀ। 2019 ਵਿੱਚ ਮੁੱਖ ਮੰਤਰੀ ਆਦਤਿਿਆਨਾਥ ਨੇ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਰਾਜ ਭਰ ਵਿੱਚ ਸਥਾਨਾਂ ਦੇ ਨਾਮ ਬਦਲਣ ਦੀ ਆਪਣੀ ਮੁਹਿੰਮ ਨੂੰ ਜਾਰੀ ਰੱਖੇਗੀ। ਯੋਗੀ ਆਦਤਿਿਆਨਾਥ ਨੇ ਕਿਹਾ, ‘ਅਸੀਂ ਉਹੀ ਕੀਤਾ ਜੋ ਸਾਨੂੰ ਚੰਗਾ ਲੱਗਾ। ਅਸੀਂ ਮੁਗਲ ਸਰਾਏ ਦਾ ਨਾਮ ਬਦਲ ਕੇ ਪੰਡਤਿ ਦੀਨ ਦਿਆਲ ਉਪਾਧਿਆਏ ਨਗਰ, ਅਲਾਹਾਬਾਦ ਦਾ ਨਾਮ ਪ੍ਰਯਾਗਰਾਜ ਅਤੇ ਫੈਜ਼ਾਬਾਦ ਜ਼ਿਲ੍ਹੇ ਦਾ ਨਾਮ ਬਦਲ ਕੇ ਅਯੁੱਧਿਆ ਰੱਖਿਆ ਹੈ। ਜਿੱਥੇ ਲੋੜ ਹੋਵੇਗੀ, ਸਰਕਾਰ ਲੋੜੀਂਦੇ ਕਦਮ ਚੁੱਕੇਗੀ।’ ਆਗਰਾ ਦੇ ਸੰਸਦ ਮੈਂਬਰ ਨੇ ਪ੍ਰਸਤਾਵ ਦਿੱਤਾ ਸੀ ਕਿ ਆਗਰਾ ਦਾ ਨਾਂ ਬਦਲ ਕੇ ਅਗਰਵਨ ਜਾਂ ਅਗਰਵਾਲ ਰੱਖਿਆ ਜਾਵੇ, ਜਦੋਂ ਕਿ ਇੱਕ ਹੋਰ ਨੇ ਸੁਝਾਅ ਦਿੱਤਾ ਕਿ ਮੁਜ਼ੱਫਰਨਗਰ ਦਾ ਨਾਂ ਲਕਸ਼ਮੀ ਨਗਰ ਅਤੇ ਮੈਨਪੁਰੀ ਦਾ ਨਾਂ ਬਦਲ ਕੇ ਮਾਇਆ ਨਗਰ ਰੱਖਿਆ ਜਾਵੇ। ਰਾਜ ਸਰਕਾਰ ਵੱਲੋਂ ਮਤੇ ਨੂੰ ਪ੍ਰਵਾਨਗੀ ਲਈ ਗ੍ਰਹਿ ਮੰਤਰਾਲੇ ਕੋਲ ਭੇਜਿਆ ਜਾਵੇਗਾ। ਜੇ ਮੰਤਰਾਲਾ ਅਤੇ ਹੋਰ ਸਬੰਧਤ ਏਜੰਸੀਆਂ ਮਤੇ ਨੂੰ ਮਨਜ਼ੂਰੀ ਦਿੰਦੀਆਂ ਹਨ ਤਾਂ ਰਾਜ ਸਰਕਾਰ ਅਧਿਕਾਰਤ ਤੌਰ ‘ਤੇ ਨਾਮ ਬਦਲ ਸਕਦੀ ਹੈ।
The post ਉੱਤਰ ਪ੍ਰਦੇਸ਼: ਅਲੀਗੜ੍ਹ ਦਾ ਨਾਮ ਹਰੀਗੜ੍ਹ ਕਰਨ ਦੇ ਮਤੇ ’ਤੇ ਨਗਰ ਨਿਗਮ ਨੇ ਮੋਹਰ ਲਗਾਈ appeared first on punjabitribuneonline.com.