ਮੀਂਹ ਨਾਲ ਪ੍ਰਦੂਸ਼ਣ ਤੋਂ ਰਾਹਤ ਪਰ ਕਿਸਾਨਾਂ ਲਈ ਬਣਿਆ ਆਫ਼ਤ

ਮੀਂਹ ਨਾਲ ਪ੍ਰਦੂਸ਼ਣ ਤੋਂ ਰਾਹਤ ਪਰ ਕਿਸਾਨਾਂ ਲਈ ਬਣਿਆ ਆਫ਼ਤ


ਜੋਗਿੰਦਰ ਸਿੰਘ ਮਾਨ
ਮਾਨਸਾ, 10 ਨਵੰਬਰ
ਦੀਵਾਲੀ ਤੋਂ ਪਹਿਲਾਂ ਕਈ ਜ਼ਿਲ੍ਹਿਆਂ ਵਿੱਚ ਅੱਜ ਸਵੇਰ ਤੋਂ ਪਏ ਮੀਂਹ ਨੇ ਬੇਸ਼ੱਕ ਪ੍ਰਦੂਸ਼ਣ ਕਾਰਨ ਅਸਮਾਨੀ ਚੜ੍ਹੇ ਧੂੰਏਂ ਨੂੰ ਸਾਫ਼ ਕਰਨ ਵਿਚ ਸਹਾਇਤਾ ਕੀਤੀ ਹੈ, ਪਰ ਇਸ ਨਾਲ ਖੇਤਾਂ ਵਿਚ ਕੰਬਾਈਨਾਂ ਦੀ ਵਾਢੀ ਦਾ ਕੰਮ ਰੁਕ ਗਿਆ ਹੈ। ਇਸੇ ਹੀ ਤਰ੍ਹਾਂ ਖਰੀਦ ਕੇਂਦਰਾਂ ਵਿੱਚ ਪਏ ਝੋਨੇ ਦੀ ਤਲਾਈ, ਝਰਾਈ, ਸਿਲਾਈ, ਉਤਰਾਈ, ਸਫ਼ਾਈ ਕਰਨ ਦੇ ਕੰਮ ਵਿੱਚ ਵੀ ਖੜੋਤ ਆ ਗਈ ਹੈ। ਅਨਾਜ ਮੰਡੀਆਂ ਵਿੱਚ ਵਿਕਣ ਲਈ ਲਿਆਂਦੇ ਝੋਨੇ ਨੂੰ ਕਿਸਾਨਾਂ ਵਲੋਂ ਤਰਪਾਲਾਂ ਨਾਲ ਢੱਕ ਦਿੱਤਾ ਗਿਆ ਹੈ।ਮੀਂਹ ਕਾਰਨ ਇਸ ਇਲਾਕੇ ਵਿੱਚ ਕਿਸੇ ਵੀ ਖਰੀਦ ਕੇਂਦਰ ਵਿਚ ਅੱਜ ਸਵੇਰੇ ਅਤੇ ਦੁਪਹਿਰ ਸਮੇਂ ਬੋਲੀ ਨਹੀਂ ਲੱਗ ਸਕੀ ਅਤੇ ਨਾ ਹੀ ਸ਼ਾਮ ਨੂੰ ਲੱਗਣ ਦੀ ਕੋਈ ਉਮੀਦ ਜਾਪਦੀ ਹੈ। ਉਧਰ ਦੂਜੇ ਪਾਸੇ ਖੇਤਾਂ ਵਿਚ ਸਿੱਲ੍ਹ ਵੱਧਣ ਕਾਰਨ ਕੰਬਾਈਨਾਂ ਨਾਲ ਰਹਿੰਦੇ ਪਛੇਤੇ ਝੋਨੇ ਅਤੇ ਬਾਸਮਤੀ ਦੀ ਵਾਢੀ ਦੇ ਰੁਝਾਨ ਨੂੰ ਠੱਲ੍ਹ ਪੈ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਤਿ ਖੇਤਰੀ ਖੋਜ ਕੇਂਦਰ ਦੇ ਅਰਥਸ਼ਾਸਤਰੀ ਡਾ. ਜੀ.ਐੱਸ. ਰੋਮਾਣਾ ਨੇ ਦੱਸਿਆ ਕਿ ਹੁਣ ਧੁੱਪਾਂ ਲੱਗਣ ਦਾ ਸਮਾਂ ਸੀ, ਪਰ ਮੌਸਮ ਦੀ ਖ਼ਰਾਬੀ ਨੇ ਇੱਕ ਵਾਰ ਹਰ ਕਿਸਮ ਦਾ ਕੰਮ ਰੋਕ ਦਿੱਤਾ ਹੈ। ਖੇਤਾਂ ਵਿਚ ਕਣਕ ਦੀ ਬਜਿਾਈ ਦਾ ਕੰਮ ਵੀ ਕਿਸਾਨਾਂ ਵਲੋਂ ਬੰਦ ਕੀਤਾ ਗਿਆ ਹੈ।
ਸਿਰਸਾ (ਪ੍ਰਭੂ ਦਿਆਲ): ਇੱਥੇ ਅੱਜ ਪਏ ਦਰਮਿਆਨੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠਾਂ ਪਿਆ ਝੋਨਾ ਜਿੱਥੇ ਭਿੱਜ ਗਿਆ ਹੈ ਉਥੇ ਹੀ ਕਿਣਮਿਣ ਕਾਰਨ ਝੋਨੇ ਦੀ ਵਾਢੀ ਤੇ ਕਣਕ ਦੀ ਬਜਿਾਈ ਦਾ ਕੰਮ ਰੁਕ ਗਿਆ ਹੈ। ਕਿਣਮਿਣ ਨਾਲ ਹਲਕੀ ਠੰਢ ਵਧ ਗਈ ਹੈ।
ਬਠਿੰਡਾ (ਸ਼ਗਨ ਕਟਾਰੀਆ): ਬਠਿੰਡਾ ਸਮੇਤ ਨਾਲ ਲੱਗਦੇ ਮਾਲਵੇ ਦੇ ਹੋਰਨਾਂ ਜ਼ਿਲ੍ਹਿਆਂ ’ਚ ਅੱਜ ਹਲਕੀ ਬਾਰਿਸ਼ ਹੋਣ ਨਾਲ ਮੌਸਮ ਸੁਹਾਵਣਾ ਹੋ ਗਿਆ। ਮੀਂਹ ਪੈਣ ਨਾਲ ਜਿੱਥੇ ਹਵਾ ’ਚ ਪਸਰੇ ਵਿਆਪਕ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਮਿਲੀ, ਉੱਥੇ ਤਾਪਮਾਨ ਹੇਠਾਂ ਖਿਸਕ ਗਿਆ। ਪਿਛਲੇ ਕਈ ਦਿਨਾਂ ਤੋਂ ਫ਼ਿਜ਼ਾ ’ਚ ਪ੍ਰਦੂਸ਼ਣ ਦੀ ਬਹੁਤਾਤ ਹੋਣ ਕਰਕੇ ਲੋਕ ਪ੍ਰੇਸ਼ਾਨ ਸਨ। ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਬਹੁਤੇ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਬਠਿੰਡਾ ਖੇਤਰ ’ਚ ਮੀਂਹ ਭਾਵੇਂ ਛਿੱਟੇ-ਛਰਾਟਿਆਂ ਵਾਲਾ ਹੀ ਸੀ ਪਰ ਇਹ ਕਾਇਨਾਤ ਨੂੰ ਧੋਣ ਵਿਚ ਕਾਫੀ ਹੱਦ ਤੱਕ ਸਫ਼ਲ ਰਿਹਾ। ਪਿਛਲੇ ਕਈ ਦਿਨਾਂ ਤੋਂ ਅੱਖਾਂ ’ਚ ਜਲਨ, ਸਾਹ ਲੈਣ ਵਿੱਚ ਤਕਲੀਫ ਵਰਗੀਆਂ ਅਲਾਮਤਾਂ ਨਾਲ ਜੂਝ ਰਹੇ ਲੋਕਾਂ ਨੂੰ ਕਾਫੀ ਸਕੂਨ ਮਿਲਿਆ। ਇਸ ਦੌਰਾਨ ਬਠਿੰਡੇ ਦਾ ਪਾਰਾ ਖਿਸਕ ਕੇ ਸਿਰਫ਼ 24 ਡਿਗਰੀ ਸੈਲਸੀਅਸ ’ਤੇ ਆ ਗਿਆ।
ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਅੱਜ ਮੀਂਹ ਪੈਣ ਕਾਰਨ ਲੋਕਾਂ ਨੂੰ ਆਸਮਾਨ ਵਿੱਚ ਛਾਏ ਪ੍ਰਦੂਸ਼ਣ ਤੋਂ ਵੱਡੀ ਰਾਹਤ ਮਿਲੀ ਹੈ। ਪਰ ਦੂਜੇ ਪਾਸੇ ਖੇਤੀ ਕੰਮਾਂ ਵਿੱਚ ਖੜੋਤ ਆਉਣ ਅਤੇ ਮੰਡੀਆਂ ਵਿੱਚ ਵਿਕਣ ਲਈ ਪਏ ਝੋਨੇ ਵਿੱਚ ਨਮੀ ਦੀ ਮਾਤਰਾ ਵਧਣ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦਿਨ ਵਿੱਚ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ।

The post ਮੀਂਹ ਨਾਲ ਪ੍ਰਦੂਸ਼ਣ ਤੋਂ ਰਾਹਤ ਪਰ ਕਿਸਾਨਾਂ ਲਈ ਬਣਿਆ ਆਫ਼ਤ appeared first on punjabitribuneonline.com.



Source link