ਆਤਿਸ਼ੀ ਵੱਲੋਂ ਦਿੱਲੀ ਦੇ ਮੁੱਖ ਸਕੱਤਰ ਖ਼ਿਲਾਫ਼ ਜਾਂਚ ਸ਼ੁਰੂ

ਆਤਿਸ਼ੀ ਵੱਲੋਂ ਦਿੱਲੀ ਦੇ ਮੁੱਖ ਸਕੱਤਰ ਖ਼ਿਲਾਫ਼ ਜਾਂਚ ਸ਼ੁਰੂ


ਨਵੀਂ ਦਿੱਲੀ, 11 ਨਵੰਬਰ
ਦਿੱਲੀ ਦੀ ਵਜਿੀਲੈਂਸ ਮੰਤਰੀ ਆਤਿਸ਼ੀ ਨੇ ਅੱਜ ਮੁੱਖ ਸਕੱਤਰ ਨਰੇਸ਼ ਕੁਮਾਰ ਖ਼ਿਲਾਫ਼ ਸ਼ਿਕਾਇਤ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅਗਲੀ ਕਾਰਵਾਈ ਲਈ ਬਮਨੌਲੀ ਜ਼ਮੀਨ ਐਕੁਆਇਰ ਦੀਆਂ ਸਾਰੀਆਂ ਫਾਈਲਾਂ ਨੂੰ ਤਲਬ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਆਤਿਸ਼ੀ ਨੇ ਡਿਵੀਜ਼ਨਲ ਕਮਿਸ਼ਨਰ ਅਤੇ ਵਜਿੀਲੈਂਸ ਡਾਇਰੈਕਟਰ ਨੂੰ ਬਮਨੌਲੀ ਜ਼ਮੀਨ ਐਕੁਆਇਰ ਨਾਲ ਸਬੰਧਤ ਸਾਰੀਆਂ ਫਾਈਲਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਡਿਵੀਜ਼ਨਲ ਕਮਿਸ਼ਨਰ ਅਤੇ ਵਜਿੀਲੈਂਸ ਡਾਇਰੈਕਟਰ ਨੂੰ ਵੱਖਰੇ ਨੋਟਾਂ ਵਿੱਚ ਮੰਤਰੀ ਨੇ ਹਦਾਇਤ ਕੀਤੀ ਕਿ ਮਾਮਲੇ ਨਾਲ ਸਬੰਧਤ ਕੋਈ ਵੀ ਫਾਈਲ ਮੁੱਖ ਸਕੱਤਰ ਕੋਲ ਨਹੀਂ ਜਾਣੀ ਚਾਹੀਦੀ ਕਿਉਂਕਿ ਉਹ ਜਾਂਚ ਦਾ ਸਾਹਮਣਾ ਕਰ ਰਹੇ ਹਨ।’’ ਮੁੱਖ ਸਕੱਤਰ ਨੇ ਉਸ ਖ਼ਿਲਾਫ਼ ਸ਼ਿਕਾਇਤ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਹ ਵਜਿੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ‘ਅਸੰਤੁਸ਼ਟ’ ਵਿਅਕਤੀਆਂ ਵੱਲੋਂ ‘ਚਿੱਕੜ ਉਛਾਲਣ’ ਦੀ ਕਾਰਵਾਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨ ਸ਼ਿਕਾਇਤ ਨੂੰ ਜਾਂਚ ਲਈ ਭੇਜਿਆ ਸੀ ਅਤੇ ਵਜਿੀਲੈਂਸ ਮੰਤਰੀ ਤੋਂ ਰਿਪੋਰਟ ਮੰਗੀ ਸੀ।
ਆਤਿਸ਼ੀ ਨੇ ਆਪਣੇ ਨੋਟ ਵਿੱਚ ਕਿਹਾ ਕਿ ਮੁੱਖ ਮੰਤਰੀ ਨੂੰ ਦਵਾਰਕਾ ਐਕਸਪ੍ਰੈਸ ਵੇਅ ਲਈ ਪਿੰਡ ਬਮਨੌਲੀ ਵਿੱਚ ਜ਼ਮੀਨ ਐਕਵਾਇਰ ਕੀਤੇ ਜਾਣ ਦੀ ਸ਼ਿਕਾਇਤ ਮਿਲੀ ਹੈ। ਮੰਤਰੀ ਨੇ ਲਿਖਿਆ, “ਇਹ ਦੋਸ਼ ਲਗਾਇਆ ਗਿਆ ਹੈ ਕਿ ਦੋ ਜ਼ਮੀਨ ਮਾਲਕ ਸੁਭਾਸ਼ ਚੰਦ ਕਥੂਰੀਆ ਅਤੇ ਵਿਨੋਦ ਕਥੂਰੀਆ ਦਿੱਲੀ ਦੇ ਮੌਜੂਦਾ ਮੁੱਖ ਸਕੱਤਰ ਨਰੇਸ਼ ਕੁਮਾਰ ਦੇ ਪੁੱਤਰ ਦੇ ਇੱਕ ਕਾਰੋਬਾਰੀ ਸਹਿਯੋਗੀ ਦੇ ਪਰਿਵਾਰਕ ਮੈਂਬਰ ਹਨ।” ਮਈ 2023 ਵਿੱਚ ਤਤਕਾਲੀ ਜ਼ਿਲ੍ਹਾ ਮੈਜਿਸਟਰੇਟ (ਦੱਖਣੀ ਪੱਛਮੀ ਦਿੱਲੀ) ਹੇਮੰਤ ਕੁਮਾਰ ਨੇ ਬਮਨੌਲੀ ਪਿੰਡ ਵਿੱਚ 19 ਏਕੜ ਜ਼ਮੀਨ ਲਈ 18.54 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਵਿਅਕਤੀਆਂ ਨੂੰ 353 ਕਰੋੜ ਰੁਪਏ ਮੁਆਵਜ਼ੇ ਵਜੋਂ ਦਿੱਤੇ ਸਨ। 2018 ਵਿੱਚ ਦਵਾਰਕਾ ਐਕਸਪ੍ਰੈਸਵੇਅ ਦੇ ਨਿਰਮਾਣ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਜ਼ਮੀਨ ਐਕੁਆਇਰ ਕੀਤੀ ਗਈ ਸੀ। ਨੋਟ ਵਿੱਚ ਕਿਹਾ ਗਿਆ ਹੈ, ‘‘ਜ਼ਿਲ੍ਹਾ ਮੈਜਿਸਟਰੇਟ ਦੱਖਣ ਪੱਛਮੀ ਨੇ ਨਿਰਣਾਇਕ ਅਥਾਰਟੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਦੇ 2018 ਦੇ ਫੈਸਲੇ ਨੂੰ ਉਲਟਾ ਦਿੱਤਾ, ਜਿਸ ਨੇ 53 ਲੱਖ ਰੁਪਏ ਪ੍ਰਤੀ ਏਕੜ ਦੇ ਮੁੱਲ ਦੇ ਆਧਾਰ ’ਤੇ ਜ਼ਮੀਨ ਦੇ ਉਸੇ ਹਿੱਸੇ ਲਈ 41.52 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਸੀ। ਆਤਿਸ਼ੀ ਨੇ ਦੱਸਿਆ ਕਿ ਵਜਿੀਲੈਂਸ ਡਾਇਰੈਕਟੋਰੇਟ ਪਹਿਲਾਂ ਹੀ ਪਿੰਡ ਬਮਨੌਲੀ ਦੀ ਜ਼ਮੀਨ ਐਕੁਆਇਰ ਕਰਨ ਅਤੇ ਇਸ ਵਿੱਚ ਹੇਮੰਤ ਕੁਮਾਰ ਦੀ ਸ਼ਮੂਲੀਅਤ ਦੇ ਮਾਮਲੇ ਦੀ ਜਾਂਚ ਕਰ ਚੁੱਕਾ ਹੈ। -ਪੀਟੀਆਈ

The post ਆਤਿਸ਼ੀ ਵੱਲੋਂ ਦਿੱਲੀ ਦੇ ਮੁੱਖ ਸਕੱਤਰ ਖ਼ਿਲਾਫ਼ ਜਾਂਚ ਸ਼ੁਰੂ appeared first on punjabitribuneonline.com.



Source link