ਕਾਲਜ ਰੋਡ ’ਤੇ ਪੈਟਰੋਲ ਪੰਪ ਨੇੜੇ ਬਣਾਏ ਕੱਟ ਦਾ ਵਿਰੋਧ

ਕਾਲਜ ਰੋਡ ’ਤੇ ਪੈਟਰੋਲ ਪੰਪ ਨੇੜੇ ਬਣਾਏ ਕੱਟ ਦਾ ਵਿਰੋਧ


ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਨਵੰਬਰ
ਇੱਥੇ ਰਣਬੀਰ ਕਾਲਜ ਰੋਡ ’ਤੇ ਸਥਿਤ ਪੈਟਰੋਲ ਪੰਪ ਨੇੜੇ ਬਣੇ ਡਿਵਾਈਡਰ ਕੱਟ ਨੂੰ ਨਾਜਾਇਜ਼ ਕਰਾਰ ਦਿੰਦਿਆਂ ਇਸ ਦੇ ਵਿਰੋਧ ’ਚ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਖ਼ਿਲਾਫ਼ ‘ਮੈਂ ਪੰਜਾਬੀ ਮੰਚ’ ਅਤੇ ਲੋਕ ਸੰਘਰਸ਼ ਸੁਸਾਇਟੀ ਪੰਜਾਬ ਵੱਲੋਂ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਦੌਰਾਨ ਮੈਂ ਪੰਜਾਬੀ ਮੰਚ ਸੰਗਰੂਰ ਦੇ ਪ੍ਰਧਾਨ ਸਤਿੰਦਰ ਸੈਣੀ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਅਤੇ ਲੋਕ ਸੰਘਰਸ਼ ਸੁਸਾਇਟੀ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਪੈਟਰੋਲ ਪੰਪ ਨਜ਼ਦੀਕ ਡਿਵਾਈਡਰ ਕੱਟ ਬਿਲਕੁਲ ਨਾਜਾਇਜ਼ ਰੱਖਿਆ ਗਿਆ ਹੈ ਜੋ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਾਜਾਇਜ਼ ਕੱਟ ਲੋਕਾਂ ਲਈ ਜਾਨਲੇਵਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਬਣਾਇਆ ਗਿਆ ਇਹ ਕੱਟ ਸਾਫ਼ ਦਰਸਾਉਂਦਾ ਹੈ ਕਿ ਇਹ ਕੱਟ ਕਿਸੇ ਕਲੋਨੀ ਦੇ ਲੋਕਾਂ ਦੀ ਸਹੂਲਤ ਵਾਸਤੇ ਨਹੀਂ ਰੱਖਿਆ ਗਿਆ ਸਗੋਂ ਇਹ ਸਿਰਫ਼ ਪੈਟਰੋਲ ਪੰਪ ਨੂੰ ਮੁਨਾਫ਼ਾ ਦੇਣ ਲਈ ਬਣਾਇਆ ਗਿਆ ਹੈ।
ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਡਿਪਟੀ ਕਮਿਸ਼ਨਰ ਅਤੇ ਲੋਕ ਨਿਰਮਾਣ ਵਿਭਾਗ ਦੇ ਦਫ਼ਤਰਾਂ ਦੇ ਚੱਕਰ ਕੱਟ ਕੇ ਮੰਗ ਕਰ ਰਹੇ ਹਨ ਕਿ ਸੁਨਾਮੀ ਗੇਟ ’ਚ ਉਭਾਵਾਲ ਰੋਡ ’ਤੇ ਸਮਸ਼ਾਨਘਾਟ ਨੂੰ ਜਾਣ ਵਾਲੀ ਲਿੰਕ ਸੜਕ ਦੇ ਸਾਹਮਣੇ ਕੱਟ ਰੱਖਿਆ ਜਾਵੇ ਪਰ ਲੋਕਾਂ ਦੀ ਸਹੂਲਤ ਲਈ ਇਹ ਕੱਟ ਨਹੀਂ ਰੱਖਿਆ ਗਿਆ ਅਤੇ ਸੁਰੱਖਿਆ ਦਾ ਹਵਾਲਾ ਦੇ ਕੇ ਉਸ ਦੀ ਇਸ ਜਾਇਜ਼ ਮੰਗ ਨੂੰ ਠੁਕਰਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਨਾਲੋਂ ਸਿਰਫ਼ ਇੱਕ ਪੈਟਰੋਲ ਪੰਪ ਦੇ ਸਾਹਮਣੇ ਕੱਟ ਰੱਖਣ ਨੂੰ ਤਰਜੀਹ ਦਿੱਤੀ ਗਈ ਹੈ।
ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਜਾਨਲੇਵਾ ਕੱਟ ਜਲਦ ਬੰਦ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

The post ਕਾਲਜ ਰੋਡ ’ਤੇ ਪੈਟਰੋਲ ਪੰਪ ਨੇੜੇ ਬਣਾਏ ਕੱਟ ਦਾ ਵਿਰੋਧ appeared first on punjabitribuneonline.com.



Source link