ਬੀ. ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 19 ਨਵੰਬਰ
ਅਸਾਮ ਦੇ ਡਿੱਬਰੂਗੜ੍ਹ ਜੇਲ੍ਹ ਵਿੱਚ ਐੱਨ.ਐੱਸ.ਏ ਤਹਿਤ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਕਈ ਹੋਰ ਜੇਲ੍ਹਾਂ ਵਿੱਚ ਨਜ਼ਰਬੰਦ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋ ਦਿੱਤੇ ਗਏ ਪ੍ਰੋਗਰਾਮ ਤਹਿਤ ਦੂਸਰਾ ਅਰਦਾਸ ਸਮਾਗਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ ਤੇ ਹੋਰ ਬੰਦੀ ਸਿੰਘਾਂ ਦੇ ਪਰਿਵਾਰਾਂ, ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਸਿੱਖ ਸੰਗਤ ਨੇ ਸ਼ਿਕਰਤ ਕੀਤੀ।। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਅਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਤੋਂ ਰੋਕਣ ਲਈ ਸਰਕਾਰ ਵੱਲੋਂ ਪੂਰਾ ਪੁਲੀਸ ਤੰਤਰ ਲਗਾਇਆ ਗਿਆ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੰਗਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੀ। ਉਨ੍ਹਾਂ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਤੀਸਰਾ ਅਰਦਾਸ ਸਮਾਗਮ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਵਿਖੇ 3 ਦਸੰਬਰ ਨੂੰ ਹੋਵੇਗਾ। ਮੌਜੂਦਾ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਸਮੇਤ ਨਿਹੰਗ ਸਿੰਘ ਜਥੇਬੰਦੀਆਂ ਹਾਜ਼ਰ ਸਨ।
The post ਬੰਦੀ ਸਿੰਘਾਂ ਦੀ ਰਿਹਾਈ ਲਈ ਤਖਤ ਸ੍ਰੀ ਕੇਸਗੜ੍ਹ ਵਿਖੇ ਅਰਦਾਸ ਸਮਾਗਮ appeared first on punjabitribuneonline.com.