ਪੱਤਰ ਪ੍ਰੇਰਕ
ਮਾਛੀਵਾੜਾ, 23 ਨਵੰਬਰ
ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਵਲੋਂ ਮਾਛੀਵਾੜਾ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਰੀਨਾ ਚੱਢਾ ਨੇ ਲੋਕਾਂ ਤੇ ਸਫ਼ਾਈ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਕਿ ਉਹ ਗਿੱਲਾ ਤੇ ਸੁੱਕਾ ਕੂੜਾ ਵੱਖ ਵੱਖ ਰੱਖਣ। ਉਨ੍ਹਾਂ ਕਿਹਾ ਕਿ ਅਲੱਗ ਕੀਤੇ ਕੂੜੇ ਤੋਂ ਖਾਦ ਬਣਾਈ ਜਾ ਸਕਦੀ ਹੈ ਜੋ ਕਿ ਬਾਗਬਾਨੀ ਤੇ ਖੇਤੀ ਦੇ ਕੰਮ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕੂੜਾ ਖੁੱਲ੍ਹੇ ਵਿਚ ਨਾ ਸੁੱਟਣ ਕਿਉਂਕਿ ਇਸ ਨਾਲ ਪ੍ਰਦੂਸ਼ਣ ਫੈਲਦਾ ਹੈ। ਇਸ ਮੌਕੇ ਸਫ਼ਾਈ ਕਰਮਚਾਰੀਆਂ ਨੂੰ ਸੁਰੱਖਿਆ ਜੈਕੇਟਾਂ, ਦਸਤਾਨੇ, ਮਾਸਕ ਵੀ ਵੰਡੇ ਗਏ। ਕੈਂਪ ’ਚ ਪੁੱਜੇ ਬਾਵਾ ਵਰਮਾ ਨੇ ਦੱਸਿਆ ਕਿ ਕੂੜੇ ਕਰਕਟ ਵਿਚ ਸੁੱਟਿਆ ਗਿਆ ਪਲਾਸਟਿਕ ਪ੍ਰਦੂਸ਼ਣ ਫੈਲਾਉਂਦਾ ਹੈ ਜਿਸ ਲਈ ਇਸ ਨੂੰ ਅਲੱਗ ਰੱਖਿਆ ਜਾਵੇ ਤਾਂ ਜੋ ਇਸ ਨੂੰ ਮੁੜ ਵਰਤੋਂ ’ਚ ਲਿਆਂਦਾ ਜਾ ਸਕੇ। ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ ਨੇ ਕਿਹਾ ਕਿ ਸਵੱਛ ਭਾਰਤ ਮੁਹਿੰਮ ਤਹਿਤ ਲੋਕ ਆਪਣਾ ਆਲਾ-ਦੁਆਲਾ ਸਾਫ਼ ਰੱਖਣ। ਉਨ੍ਹਾਂ ਕਿਹਾ ਕਿ ਦਿਨ-ਬ-ਦਿਨ ਧਰਤੀ ਹੇਠਲੇ ਪਾਣੀ ਦਾ ਸਤਰ ਡਿੱਗਦਾ ਜਾ ਰਿਹਾ ਹੈ ਜਿਸ ਦੀ ਸਾਂਭ-ਸੰਭਾਲ ਲਈ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ। ਇਸ ਮੌਕੇ ਬ੍ਰਾਂਡ ਅੰਬੈਸਡਰ ਦਲੀਪ ਸਿੰਘ ਮੱਲ੍ਹੀ, ਸੁਖਦੇਵ ਸਿੰਘ ਬਿੱਟੂ, ਭੁਪਿੰਦਰ ਸਿੰਘ ਵੀ ਮੌਜੂਦ ਸਨ।
The post ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਨ ਲਈ ਪ੍ਰੇਰਿਆ appeared first on punjabitribuneonline.com.