ਨਾਜਾਇਜ਼ ਹਿਰਾਸਤ ’ਚ ਰੱਖੇ ਜਾਣ ਦੀ ਵਾਰੰਟ ਅਫਸਰ ਵੱਲੋਂ ਜਾਂਚ

ਨਾਜਾਇਜ਼ ਹਿਰਾਸਤ ’ਚ ਰੱਖੇ ਜਾਣ ਦੀ ਵਾਰੰਟ ਅਫਸਰ ਵੱਲੋਂ ਜਾਂਚ


ਮਨੋਜ ਸ਼ਰਮਾ
ਬਠਿੰਡਾ, 25 ਨਵੰਬਰ
ਥਾਣਾ ਨੇਹੀਆਂ ਵਾਲਾ ਵਿਚ ਬਠਿੰਡਾ ਅਦਾਲਤ ਦੇ ਵਾਰੰਟ ਅਫ਼ਸਰ ਵਲੋਂ ਛਾਪੇਮਾਰੀ ਕੀਤੀ ਗਈ। ਨਸ਼ੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਇੱਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਮਾਂ-ਪੁੱਤ ਨੂੰ ਥਾਣੇ ਅੰਦਰ ਜਬਰੀ ਬੰਦ ਕਰਨ ਦੇ ਦੋਸ਼ ਲਾਏ ਗਏ ਸਨ ਜਿਸ ਤਹਿਤ ਜੱਜ ਨਵਰੀਤ ਕੌਰ ਵੱਲੋਂ ਜਾਂਚ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਜੱਜ ਨੂੰ ਥਾਣੇ ਅੰਦਰੋਂ ਕੋਈ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖੀ ਔਰਤ ਬਰਾਮਦ ਹੋਣ ਦੀ ਪੁਸ਼ਟੀ ਨਹੀਂ ਹੋਈ। ਭਾਵੇਂ ਛਾਪੇਮਾਰੀ ਤੋਂ ਬਾਅਦ ਮਹਿਲਾ ਨੇ ਪੱਤਰਕਾਰਾਂ ਸਾਹਮਣੇ ਦਾਅਵਾ ਕੀਤਾ ਕਿ ਜੱਜ ਦੇ ਛਾਪੇਮਾਰੀ ਦੀ ਭਿਣਕ ਪੈਦਿਆਂ ਹੀ ਥਾਣੇ ਵਿੱਚੋਂ ਉਸ ਨੂੰ ਜਬਰੀ ਬਾਹਰ ਕੱਢ ਦਿੱਤਾ ਗਿਆ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉਸ ਦੇ ਪੁੱਤਰ ਨੂੰ ਮਿਲਾਉਣ ਬਦਲੇ ਥਾਣੇ ਦੇ ਮੁਲਾਜ਼ਮਾਂ ਵਲੋਂ ਉਸ ਤੋਂ ਰਿਸ਼ਵਤ ਮੰਗੀ ਗਈ ਅਤੇ ਮੌਕੇ ਤੋਂ ਬਰਾਮਦ ਹੋਈ ਡਰੱਗ ਮਨੀ ਵੀ ਦਰਜ ਕੀਤੇ ਕੇਸ ਵਿਚ ਪੂਰੀ ਨਹੀਂ ਦਰਸਾਈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਥਾਣਾ ਨੇਹੀਆਂ ਵਾਲਾ ਅੱਗੇ ਕਿਸਾਨ ਜਥੇਬੰਦੀ ਵੱਲੋਂ ਲਗਤਾਰ 5 ਦਿਨ ਧਰਨਾ ਲਗਾਇਆ ਗਿਆ ਸੀ ਜਿਸ ਵੇਲੇ ਇਸ ਥਾਣੇ ਦੀ ਮੁਖੀ ਮਹਿਲਾ ਸਬ ਇੰਸਪੈਕਟਰ ਦਾ ਕਿਸਾਨਾਂ ਨਾਲ ਤਤਕਾਰ ਹੋ ਗਿਆ ਸੀ।
ਹਲਕਾ ਭੁੱਚੋਂ ਦੇ ਡੀਐਸਪੀ ਰਛਪਾਲ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਜਿਸ ਪਰਿਵਾਰ ਵਲੋਂ ਇਹ ਸ਼ਿਕਾਇਤ ਕੀਤੀ ਗਈ ਸੀ, ਉਸ ਪਰਿਵਾਰ ਦਾ ਮੁੰਡਾ ਨਸ਼ਾ ਤਸਕਰੀ ਮਾਮਲੇ ਵਿੱਚ ਇੱਕ ਲੜਕੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਕੋਲੋਂ ਵੱਡੀ ਮਾਤਰਾ ਵਿਚ ਚਿੱਟਾ ਤੇ ਪੈਸੇ ਬਰਾਮਦ ਹੋਏ ਸਨ। ਉਨ੍ਹਾਂ ਮੰਨਿਆ ਕਿ ਅਦਾਲਤ ਦੁਆਰਾ ਨਿਯੁਕਤ ਕੀਤੇ ਵਾਰੰਟ ਅਫ਼ਸਰ ਵਲੋਂ ਥਾਣੇ ਦੀ ਚੈਕਿੰਗ ਜ਼ਰੂਰ ਕੀਤੀ ਗਈ ਸੀ, ਪ੍ਰੰਤੂ ਪੁਲੀਸ ਵੱਲੋਂ ਕਿਸੇ ਨੂੰ ਵੀ ਗੈਰ-ਕਾਨੂੰਨੀ ਤੌਰ ’ਤੇ ਹਿਰਾਸਤ ਵਿਚ ਨਹੀਂ ਰੱਖਿਆ ਗਿਆ। ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਉਕਤ ਮਹਿਲਾ ਗ਼ਲਤ ਪ੍ਰਚਾਰ ਕਰ ਰਹੀ ਹੈ।

 

ਨਸ਼ੀਲੇ ਪਦਾਰਥ ਤੇ ਡਰੱਗ ਮਨੀ ਸਣੇ ਕਾਬੂ ਕੀਤਾ

ਇਸ ਮਾਮਲੇ ਵਿਚ ਥਾਣਾ ਮੁਖੀ ਕਰਮਜੀਤ ਕੌਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਅਜੈ ਅਤੇ ਮੁਸਕਾਨ ਨੂੰ ਦੋ ਦਿਨ ਪਹਿਲਾਂ 253 ਗ੍ਰਾਮ ਚਿੱਟਾ ਅਤੇ 93 ਹਜ਼ਾਰ ਦੇ ਕਰੀਬ ਡਰੱਗ ਮਨੀ ਸਹਿਤ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਅਦ ਵਿਚ ਉਨ੍ਹਾਂ ਦੇ ਇੰਕਸ਼ਾਫ਼ ਉਪਰ 10 ਗ੍ਰਾਮ ਹੋਰ ਚਿੱਟਾ ਅਤੇ 5 ਲੱਖ 30 ਹਜ਼ਾਰ ਰੁਪਏ ਹੋਰ ਡਰੱਗ ਮਨੀ ਦੇ ਬਰਾਮਦ ਹੋਏ ਹਨ।

The post ਨਾਜਾਇਜ਼ ਹਿਰਾਸਤ ’ਚ ਰੱਖੇ ਜਾਣ ਦੀ ਵਾਰੰਟ ਅਫਸਰ ਵੱਲੋਂ ਜਾਂਚ appeared first on punjabitribuneonline.com.



Source link