ਗਗਨਦੀਪ ਅਰੋੜਾ
ਲੁਧਿਆਣਾ, 2 ਦਸੰਬਰ
ਫੀਲਡਗੰਜ ਇਲਾਕੇ ’ਚ ਦੇਰ ਰਾਤ ਫੁੱਲਾਂ ਦੇ ਵਪਾਰੀ ਨਰੇਸ਼ ਕੁਮਾਰ ਦੇ ਬਰਛਾ ਮਾਰ ਕੇ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਦੋ ਕਥਿਤ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਮਾਮਲੇ ਦੀ ਜਾਂਚ ਦੌਰਾਨ ਸੀਸੀਟੀਵੀ ਦੀ ਰਿਕਾਰਡਿਗ ਤੇ ਹੋਰ ਪਹਿਲੂਆਂ ’ਤੇ ਕੀਤੀ ਗਈ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਵੱਖ-ਵੱਖ ਕੰਪਨੀਆਂ ਦੇ ਦੋ ਮੋਬਾਈਲ ਫੋਨ ਅਤੇ ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਹਾਲਾਂਕਿ, ਮੁਲਜ਼ਮਾਂ ਨੇ ਵਪਾਰੀ ਤੋਂ ਡੇਢ ਲੱਖ ਰੁਪਏ ਨਹੀਂ ਬਲਕਿ ਮੋਬਾਈਲ ਫੋਨ ਖੋਹੇ ਸਨ।
ਪੁਲੀਸ ਨੇ ਇਸ ਮਾਮਲੇ ’ਚ ਚੇਤ ਸਿੰਘ ਨਗਰ ਵਾਸੀ ਹਰਬਿੰਦਰ ਸਿੰਘ ਤੇ ਉਸਦੇ ਸਾਥੀ ਮੰਡੀ ਗੋਬਿੰਦਗੜ੍ਹ ਸਥਿਤ ਮੁਹਲਾ ਸੰਗਤਪੁਰਾ ਵਾਸੀ ਰਾਹੁਲ ਸਿੰਘ ਉਰਫ਼ ਹਰੀ ਸਿੰਘ ਉਰਫ਼ ਹੈਰੀ ਨੂੰ ਨਾਮਜ਼ਦ ਕਰ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਥਾਣਾ ਡਿਵੀਜ਼ਨ ਨੰਬਰ 2 ਦੇ ਐੱਸਐੱਚਓ ਸਬ-ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਨਰੇਸ਼ ਕੁਮਾਰ ਫੁੱਲਾਂ ਦਾ ਵਪਾਰੀ ਹੈ। ਉਹ ਦੇਰ ਰਾਤ ਜਲੰਧਰ ਬਾਈਪਾਸ ਨੇੜੇ ਸਥਿਤ ਇੱਕ ਮੈਰਿਜ ਪੈਲੇਸ ’ਚ ਸਜਾਵਟ ਦਾ ਕੰਮ ਕਰ ਕੇ ਘਰ ਪਰਤ ਰਿਹਾ ਸੀ। ਜਦੋਂ ਉਹ ਫੀਲਡਗੰਜ ਇਲਾਕੇ ’ਚ ਪੁੱਜਿਆ ਤਾਂ ਮੋਟਰਸਾਈਕਲ ਸਵਾਰ ਦੋ ਕਥਿਤ ਨਿਹੰਗ ਸਿੰਘਾਂ ਨੇ ਉਸਨੂੰ ਬਰਛਾ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਮੋਬਾਈਲ ਫੋਨਾਂ ਸਮੇਤ ਡੇਢ ਲੱਖ ਰੁਪਏ ਲੁੱਟ ਕੇ ਲੈ ਗਏ।
ਐੱਸਆਈ ਅੰਮ੍ਰਿਤਪਾਲ ਨੇ ਦੱਸਿਆ ਕਿ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਗਏ ਤਾਂ ਮੁਲਜ਼ਮਾਂ ਦੀ ਪਛਾਣ ਹੋਈ। ਇਸ ਤੋਂ ਬਾਅਦ ਦੋਵਾਂ ਨੂੰ ਕਾਬੂ ਕੀਤਾ ਗਿਆ। ਪੁੱਛਗਿਛ ਦੌਰਾਨ ਮੁਲਜ਼ਮਾਂ ਤੋਂ ਪਤਾ ਲੱਗਿਆ ਕਿ ਉਨ੍ਹਾਂ ਨੇ ਸਿਰਫ਼ ਮੋਬਾਈਲ ਫੋਨ ਖੋਹੇ ਸਨ, ਡੇਢ ਲੱਖ ਰੁਪਏ ਦੀ ਨਕਦੀ ਨਹੀਂ। ਪੁਲੀਸ ਪੁਛੱਗਿਛ ’ਚ ਪਤਾ ਲੱਗਿਆ ਕਿ ਮੁਲਜ਼ਮ ਜਲਦੀ ਪੈਸੇ ਕਮਾਉਣ ਦੇ ਚੱਕਰ ’ਚ ਲੁੱਟ-ਖੋਹ ਕਰਦੇ ਸਨ।
The post ਫੁੱਲਾਂ ਦੇ ਵਪਾਰੀ ਨੂੰ ਲੁੱਟਣ ਵਾਲੇ ਦੋ ਗ੍ਰਿਫ਼ਤਾਰ appeared first on punjabitribuneonline.com.