ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ


ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 3 ਦਸੰਬਰ
ਕੌਮੀ ਸੁਰੱਖਿਆ ਐਕਟ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਹੋਰ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨ ’ਤੇ ਸ਼ੁਰੂ ਕੀਤੀ ਗਈ ਅਰਦਾਸ ਸਮਾਗਮਾਂ ਦੀ ਲੜੀ ਤਹਿਤ ਅੱਜ ਤੀਜਾ ਅਰਦਾਸ ਸਮਾਗਮ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੀਤਾ ਗਿਆ। ਇਸ ਅਰਦਾਸ ਸਮਾਗਮ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ, ਹੋਰਨਾਂ ਬੰਦੀ ਸਿੰਘਾਂ ਦੇ ਪਰਿਵਾਰ, ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵੀ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ।
ਸਭ ਤੋਂ ਪਹਿਲਾਂ ਅੱਜ ਤਖ਼ਤ ਸਾਹਿਬ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਤਖ਼ਤ ਸਾਹਿਬ ਦੀ ਫਸੀਲ ਅੱਗੇ ਵਧੀਕ ਮੁੱਖ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ। ਅਰਦਾਸ ਸਮਾਗਮ ਮਗਰੋਂ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਖਾਲਸਾ ਵਹੀਰ ਨੇ ਨੌਜਵਾਨੀ ਨੂੰ ਧਰਮ ਨਾਲ ਜੋੜ ਕੇ ਨਸ਼ਿਆਂ ਦੀ ਦਲਦਲ ’ਚੋਂ ਕੱਢਿਆ ਅਤੇ ਸਰਕਾਰਾਂ ਵੱਲੋਂ ਦਹਾਕਿਆਂ ਤੋਂ ਸਿੱਖ ਨੌਜਵਾਨਾਂ ਨੂੰ ਬਰਬਾਦ ਕਰਨ ਲਈ ਬੁਣੇ ਗਏ ਨਸ਼ਿਆਂ ਦੇ ਜਾਲ ਨੂੰ ਖ਼ਾਲਸਾ ਵਹੀਰ ਨੇ ਐਸਾ ਕੱਟਿਆ ਕਿ ਇਸ ਤੋਂ ਘਬਰਾ ਕੇ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਐੱਨਐੱੱਸਏ ਲਗਾ ਕੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਡਿਬਰੂਗੜ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਨੂੰ ਇੱਕ ਪਲੈਟਫਾਰਮ ’ਤੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਗਲਾ ਅਰਦਾਸ ਸਮਾਗਮ 17 ਦਸੰਬਰ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਵੇਗਾ। ਅੱਜ ਦੇ ਸਮਾਗਮਾਂ ਦੇ ਮੱਦੇਨਜ਼ਰ ਇੱਥੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ। ‘ਅਰਦਾਸ ਸਮਾਗਮ’ ਮਗਰੋਂ ਕੁਝ ਸਿੱਖ ਨੌਜਵਾਨਾਂ ਨੇ ਖਾਲਿਸਤਾਨ ਪੱਖੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਨਾਅਰਿਆਂ ਦੀ ਗੂੰਜ ਸੁਣ ਕੇ ਇੱਥੇ ਤਾਇਨਾਤ ਭਾਰੀ ਪੁਲੀਸ ਬਲ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਜ਼ਿਕਰਯੋਗ ਹੈ ਕਿ ਅੱਜ ਦੇ ਅਰਦਾਸ ਸਮਾਗਮ ਦੇ ਮੱਦੇਨਜ਼ਰ ਤਖ਼ਤ ਸਾਹਿਬ ਕੰਪਲੈਕਸ ’ਚ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤੇ ਅਧਿਕਾਰੀ ਸਾਦੇ ਕੱਪੜਿਆਂ ਵਿੱਚ ਤਾਇਨਾਤ ਰਹੇ।

ਸਿੱਖਾਂ ਖ਼ਿਲਾਫ਼ ਭੇਦਭਾਵ ਵਾਲਾ ਮਾਹੌਲ ਸਿਰਜਿਆ ਜਾ ਰਿਹੈ: ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ (ਪੱਤਰ ਪ੍ਰੇਰਕ): ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਦੇਸ਼ ਭਰ ਵਿੱਚ ਸਿੱਖਾਂ ਖ਼ਿਲਾਫ਼ ਭੇਦਭਾਵ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇੱਕ ਪਾਸੇ ਹਰਿਆਣਾ ਦੇ ਨੂਹ ਵਿੱਚ ਥਾਣੇ ਨੂੰ ਅੱਗ ਲਗਾ ਕੇ ਦੰਗਾ ਕਰਨ ਵਾਲਿਆਂ ਖ਼ਿਲਾਫ਼ ਦਰਜ ਕੇਸ ਰੱਦ ਕਰਨੇ ਅਤੇ ਦੂਜੇ ਪਾਸੇ ਸਿੱਖ ਨੌਜਵਾਨਾਂ ਨੂੰ ਐੱਨਐੱਸਏ ਤਹਿਤ ਜੇਲ੍ਹਾਂ ਵਿੱਚ ਡੱਕਣਾ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੂਹ ਵਿੱਚ ਘਟਨਾ ਮਗਰੋਂ ਦਰਜ ਕੀਤੇ ਗਏ ਕੇਸ ਰੱਦ ਹੋ ਸਕਦੇ ਹਨ ਤਾਂ ਸਿੱਖ ਨੌਜਵਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਿਉਂ ਨਹੀਂ ਕੀਤੇ ਜਾਂਦੇ। ਤਖ਼ਤ ਸਾਹਿਬ ਵਿਖੇ ਕਰਵਾਏ ਗਏ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਖ਼ਿਲਾਫ਼ ਇੱਕ ਖਾਸ ਸਾਜਿਸ਼ ਤਹਿਤ ਭੜਕਾਹਟ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜਿਵੇਂ ਨੂਹ ਵਿੱਚ ਦੰਗਾ ਫਸਾਦ ਕਰਨ ਵਾਲਿਆਂ ਦੇ ਕੇਸ ਰੱਦ ਕੀਤੇ ਗਏ ਹਨ, ਉਸੇ ਤਰ੍ਹਾਂ ਸਰਕਾਰ ਸਿੱਖ ਨੌਜਵਾਨਾਂ ’ਤੇ ਦਰਜ ਪਰਚੇ ਵੀ ਰੱਦ ਕਰੇ ਅਤੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਤੁਰੰਤ ਰਿਹਾਅ ਕਰੇ।

ਵੱਡੀ ਗਿਣਤੀ ਸਿੱਖ ਆਗੂ ਘਰਾਂ ’ਚ ਨਜ਼ਰਬੰਦ ਕੀਤੇ

ਤਲਵੰਡੀ ਸਾਬੋ ਵਿੱਚ ਸਿੱਖ ਜਥੇਬੰਦੀਆਂ ਦੇ ਧਰਨੇ ਨੂੰ ਸਬੋਧਨ ਕਰਦਾ ਹੋਇਆ ਬੁਲਾਰਾ।

ਤਲਵੰਡੀ ਸਾਬੋ: ਬੰਦੀ ਸਿੰਘਾਂ ਦੀ ਰਿਹਾਈ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੇ ਗਏ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਅੱਜ ਪੁਲੀਸ ਨੇ ਕਈ ਸਿੱਖ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਇਸ ਕਾਰਵਾਈ ਦੇ ਵਿਰੋਧ ਵਿੱਚ ਕਈ ਸਿੱਖ ਜਥੇਬੰਦੀਆਂ ਨੇ ਸਥਾਨਕ ਖੰਡਾ ਚੌਕ ਵਿੱਚ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਨਸ਼ਾ ਰੋਕੂ ਐਕਸ਼ਨ ਮੁਹਿੰਮ ਦੇ ਆਗੂ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ, ਨਿਹੰਗ ਸਿੰਘ ਆਗੂ ਜਬਰਜੰਗ ਸਿੰਘ, ਅਕਾਲੀ ਦਲ (ਅ) ਦੇ ਗੁਰਚਰਨ ਸਿੰਘ ਕੋਟਲੀ ਤੇ ਯਾਦਵਿੰਦਰ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨੀ ਜਾਂ ਇਸ ਅਰਦਾਸ ਵਿੱਚ ਸ਼ਾਮਲ ਹੋਣਾ ਕੋਈ ਜੁਰਮ ਨਹੀਂ ਹੈ ਪਰ ਪੰਜਾਬ ਸਰਕਾਰ ਨੇ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਗੁਰਸੇਵਕ ਸਿੰਘ ਜਵਾਹਰਕੇ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਨਸ਼ਾ ਰੋਕੂ ਮੁਹਿੰਮ ਦੇ ਆਗੂ ਪਰਮਿੰਦਰ ਸਿੰਘ ਝੋਟਾ ਸਣੇ ਕਈ ਹੋਰ ਆਗੂਆਂ ਨੂੰ ਅੱਜ ਦੇ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਘਰਾਂ ਵਿੱਚ ਨਜ਼ਰਬੰਦ ਕਰਵਾ ਦਿੱਤਾ ਹੈ। ਪੰਜਾਬ ਪੁਲੀਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਸਿੱਖ ਬੰਦੀ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਅਜਿਹਾ ਕਰ ਕੇ ਸਰਕਾਰਾਂ ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੀਆਂ ਹਨ।

ਭਾਈ ਗੁਰਸੇਵਕ ਸਿੰਘ ਜਵਾਹਰਕੇ ਨੂੰ ਵੀ ਨਜ਼ਰਬੰਦ ਕੀਤਾ

ਮਾਨਸਾ (ਜੋਗਿੰਦਰ ਸਿੰਘ ਮਾਨ): ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਏ ਗਏ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੂੰ ਪੁਲੀਸ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਸ਼ਾਮ ਤੱਕ ਉਹ ਪੁਲੀਸ ਦੇ ਘੇਰੇ ਵਿੱਚ ਘਰ ਦੇ ਅੰਦਰ ਹੀ ਬੈਠੇ ਰਹੇ ਅਤੇ ਉਨ੍ਹਾਂ ਨੂੰ ਕਿਤੇ ਨਹੀਂ ਜਾਣ ਦਿੱਤਾ ਗਿਆ। ਭਾਈ ਜਵਾਹਰਕੇ ਨੇ ਦੱਸਿਆ ਕਿ ਡੀਐੱਸਪੀ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਸਵੇਰੇ ਹੀ ਉਨ੍ਹਾਂ ਦੇ ਘਰ ਨੂੰ ਘੇਰਾ ਪਾ ਲਿਆ ਸੀ ਤੇ ਕਿਤੇ ਆਉਣ-ਜਾਣ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਵਜ੍ਹਾ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ, ਜਦਕਿ ਉਨ੍ਹਾਂ ਸਿਰਫ਼ ਸ਼ਾਂਤੀਪੂਰਨ ਢੰਗ ਨਾਲ ਕੀਤੇ ਗਏ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣਾ ਸੀ।

The post ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ appeared first on punjabitribuneonline.com.



Source link