ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਦਸੰਬਰ
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਦੀ ਦੇਖਰੇਖ ਹੇਠ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ‘ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ’ ਦਾ ਦੂਜਾ ਦਿਨ ਅਕਾਦਮਿਕ ਪੱਧਰ ਦੀਆਂ ਸਰਗਰਮੀਆਂ ਨਾਲ ਲਬਰੇਜ਼ ਰਿਹਾ। ਇਸ ਦੌਰਾਨ ਕਈ ਵਿਦਵਾਨਾਂ ਨੇ ਖੋਜ ਪਰਚੇ ਪੜ੍ਹਦਿਆਂ ਪੰਜਾਬੀ ਭਾਸ਼ਾ ਦੇ ਪਾਸਾਰ ਤੇ ਵਿਕਾਸ ਬਾਰੇ ਚਰਚਾ ਕੀਤੀ। ਨਵੀਂ ਸਿੱਖਿਆ ਨੀਤੀ ਵਿਚਲੀਆਂ ਊਣਤਾਈਆਂ ਖ਼ਿਲਾਫ਼ ਵਾਈਸ ਚਾਂਸਲਰ ਵੱਲੋਂ ਇਸ ਕਾਨਫਰੰਸ ਦੌਰਾਨ ਬੇਬਾਕੀ ਨਾਲ ਅਪਣਾਏ ਗਏ ਰਵੱਈਏ ਦੀ ਵਿਦਵਾਨਾਂ ਨੇ ਸ਼ਲਾਘਾ ਕੀਤੀ। ਕਾਨਫਰੰਸ ਦੀ ਪਲੇਠੀ ਅਕਾਦਮਿਕ ਬੈਠਕ ਦੀ ਪ੍ਰਧਾਨਗੀ ਡਾ. ਗੁਰਪਾਲ ਸਿੰਘ ਸੰਧੂ ਨੇ ਕੀਤੀ ਅਤੇ ਦਿੱਲੀ ਤੋਂ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡਾ. ਆਰਤੀ ਮਨੋਚਾ ਨੇ ਭਾਈ ਵੀਰ ਸਿੰਘ ਦੀ ਸਾਹਿਤ ਰਚਨਾ ਬਾਰੇ ਸਾਰਥਿਕ ਅਤੇ ਮੁੱਲਵਾਨ ਵਿਚਾਰ ਚਰਚਾ ਕੀਤੀ। ਡਾ. ਪਰਮੀਤ ਕੌਰ ਤੇ ਡਾ. ਜਸਵਿੰਦਰ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਸ਼ਾਮ ਨੂੰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਪ੍ਰਧਾਨਗੀ ਹੇਠ ‘ਸਭਿਆਚਾਰਿਕ ਸ਼ਾਮ’ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਲੱਖਾ ਲਹਿਰੀ ਤੇ ਹੋਰਾਂ ਦੀ ਨਿਗਰਾਨੀ ਹੇਠ ਪੰਜਾਬ ਦੇ ਪਰਵਾਸ ਸਮੇਤ ਹੋਰ ਤਾਜ਼ਾ ਹਾਲਾਤ ਨੂੰ ਬਿਆਨਦੇ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ। ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਨਾਲ ਸਬੰਧਤ ਦੂਜੀ ਬੈਠਕ ਦੀ ਪ੍ਰਧਾਨਗੀ ਡਾ. ਸੁਰਿੰਦਰ ਪਾਲ ਸਿੰਘ ਮੰਡ ਨੇ ਕੀਤੀ ਤੇ ਕਈ ਵਿਦਵਾਨਾਂ ਨੇ ਪਰਚੇ ਪੇਸ਼ ਕੀਤੇ। ਡਾ. ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠਲੀ ‘ਤੀਜੀ ਬੈਠਕ’ ਪੰਜਾਬੀ ਤੇ ਪਰਵਾਸੀ ਸੱਭਿਆਚਾਰ ਅਤੇ ਮੀਡੀਆ ਨਾਲ ਸਾਂਝ ਪਾਉਣ ਵਾਲੀ ਸੀ। ਵਿਸ਼ੇਸ਼ ਮਹਿਮਾਨ ਉੱਘੇ ਨਾਟਕਕਾਰ ਦਵਿੰਦਰ ਦਮਨ ਨੇ ਨਾਟਕ ਵਿਧਾ ਨਾਲ ਜੁੜੇ ਮਸਲਿਆਂ ’ਤੇ ਗੱਲਬਾਤ ਕੀਤੀ। ਡਾ. ਈਸ਼ਵਰ ਦਿਆਲ ਗੌੜ ਦੀ ਪ੍ਰਧਾਨਗੀ ਵਾਲੀ ਚੌਥੀ ਬੈਠਕ ਵਿੱਚ ਡਾ. ਜਸਰਾਜ ਕੌਰ ਮੁੱਖ ਮਹਿਮਾਨ ਸਨ। ਚੌਥੀ ਬੈਠਕ ਦੇ ਸਮਾਨਾਂਤਰ ਸਿੰਡੀਕੇਟ ਰੂਮ ਵਿੱਚ ਇੱਕ ਹੋਰ ਬੈਠਕ ਦੌੌਰਾਨ ਵੱਖ-ਵੱਖ ਵਿਦਵਾਨਾਂ ਨੇ ਪਰਚੇ ਪੜ੍ਹੇ। ਅੰਤ ਵਿੱਚ ਡਾ. ਪਰਮਿੰਦਰਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
The post ਕੌਮਾਂਤਰੀ ਕਾਨਫਰੰਸ ਦਾ ਦੂਜਾ ਦਿਨ ਪੰਜਾਬੀ ਭਾਸ਼ਾ ਸਬੰਧੀ ਸਰਗਰਮੀਆਂ ਨਾਲ ਰਿਹਾ ਲਬਰੇਜ਼ appeared first on punjabitribuneonline.com.