ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਦਸੰਬਰ
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਇਥੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਖੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਬਾਰ ਰੂਮ ਦੇ ਨਵੀਨੀਕਰਨ ਅਤੇ ਲਾਇਬ੍ਰੇਰੀ ’ਚ ਲਗਾਏ ਏਅਰ ਕੰਡੀਸ਼ਨਰਾਂ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕਾ ਨੇ ਦੱਸਿਆ ਕਿ ਇਨ੍ਹਾਂ ਕੰਮਾਂ ’ਤੇ 44 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਜਲਦ ਹੀ 46 ਲੱਖ ਰੁਪਏ ਦੀ ਲਾਗਤ ਨਾਲ ਅਦਾਲਤੀ ਕੰਪਲੈਕਸ ’ਚ ਨਵੀਂ ਕੰਟੀਨ ਬਣਾਈ ਜਾਵੇਗੀ। ਵਿਧਾਇਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਦਾਲਤੀ ਕੰਪਲੈਕਸ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੂੰ ਪੂਰੇ ਪੰਜਾਬ ਵਿੱਚ ਸਭ ਤੋਂ ਵਧੀਆ ਬਣਾਇਆ ਜਾ ਸਕੇ। ਬਾਰ ਰੂਮ ਦੇ ਨਵੀਨੀਕਰਨ ਦੇ ਨਾਲ-ਨਾਲ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਬਾਕੀ ਕੰਮਾਂ, ਜਿਨ੍ਹਾਂ ਵਿੱਚ ਲਿਫ਼ਟ, ਮਹਿਲਾ ਵਕੀਲਾਂ ਲਈ ਕਾਮਨ ਰੂਮ, ਬੈਡਮਿੰਟਨ ਕੋਰਟ ਤੇ ਬਾਥਰੂਮਾਂ ਦਾ ਨਵੀਨੀਕਰਨ ਵੀ ਸ਼ਾਮਲ ਹਨ, ਨੂੰ ਵੀ ਵਧੀਆ ਤਰੀਕੇ ਨਾਲ ਪੂਰਾ ਕਰਵਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਆਰਐੱਸ ਰਾਏ ਨੇ ਕਿਹਾ ਕਿ ਬੈਂਚ, ਬਾਰ ਅਤੇ ਪ੍ਰਸ਼ਾਸਨ ਦਾ ਪਾਰਦਰਸ਼ੀ ਰਿਸ਼ਤਾ ਬਹੁਤ ਜ਼ਰੂਰੀ ਹੈ ਅਤੇ ਸੰਗਰੂਰ ਵਿੱਚ ਇਹ ਇੱਕ ਮਿਸਾਲ ਵਾਂਗ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਸੰਗਰੂਰ ਨੂੰ ਹਮੇਸ਼ਾ ਬਣਦਾ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਭਵਿੱਖ ਵਿੱਚ ਵੀ ਇਸਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੀਤ ਦੁੱਗਲ ਅਤੇ ਸਕੱਤਰ ਤਰੁਣ ਗੋਇਲ ਸਮੇਤ ਬਾਰ ਦੇ ਵੱਖ-ਵੱਖ ਅਹੁਦੇਦਾਰ, ਮੈਂਬਰ ਤੇ ਹੋਰ ਜੁਡੀਸ਼ੀਅਲ ਅਧਿਕਾਰੀ ਹਾਜ਼ਰ ਸਨ।
The post ਸੰਗਰੂਰ: ਭਰਾਜ ਵਲੋਂ ਜ਼ਿਲ੍ਹਾ ਅਦਾਲਤੀ ਕੰਪਲੈਕਸ ’ਚ 44 ਲੱਖ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਕੰਮਾਂ ਦਾ ਉਦਘਾਟਨ appeared first on punjabitribuneonline.com.