ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਦਸੰਬਰ
ਕੌਮੀ ਰਾਜਧਾਨੀ ਦਿੱਲੀ ਦੀ ਟ੍ਰੈਫਿਕ ਵਿਵਸਥਾ ਕਿਤੇ ਵੀ ਕੌਮਾਂਤਰੀ ਪੱਧਰ ਦੀ ਨਹੀਂ ਜਾਪਦੀ ਅਤੇ ਹਰ ਵੱਡੇ ਚੌਕ ਵਿੱਚ ਆਵਾਜਾਈ ਦੀ ਹਫੜਾ ਦਫੜੀ ਮੱਚੀ ਰਹਿੰਦੀ ਹੈ।
ਇਸ ਦੇ ਚੱਲਦਿਆਂ ਦਿੱਲੀ-ਐੱਨਸੀਆਰ ਵਿੱਚ ਟ੍ਰੈਫਿਕ ਪੁਲੀਸ ਨੇ ਦਿੱਲੀ-ਗੁੜਗਾਓਂ ਐਕਸਪ੍ਰੈੱਸਵੇਅ ’ਤੇ ਸੜਕ ਤੇ ਸੁਰੱਖਿਆ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਐਕਸਪ੍ਰੈੱਸਵੇਅ ’ਤੇ ਕੁਝ ਪੁਆਇੰਟਾਂ ’ਤੇ ਤਾਇਨਾਤ ਕੀਤੀਆਂ ਜਾਣਗੀਆਂ ਜੋ ਇਹ ਯਕੀਨੀ ਬਣਾਉਣਗੀਆਂ ਕਿ ਵਪਾਰਕ ਗੱਡੀਆਂ ਰਾਤ ਦੇ ਸਮੇਂ ਵੀ ਨਿਰਧਾਰਤ ਲੇਨਾਂ ਦੀ ਉਲੰਘਣਾ ਨਾ ਕਰਨ। ਸੜਕ ਅਤੇ ਸੁਰੱਖਿਆ ਕਾਨੂੰਨ ਵਪਾਰਕ ਗੱਡੀਆਂ ਨੂੰ ਪਹਿਲੀਆਂ ਦੋ ਸੱਜੀਆਂ ਲੇਨਾਂ ’ਤੇ ਚੱਲਣ ਤੋਂ ਰੋਕਦਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਜੇਕਰ ਦੂਜੀ ਵਾਰ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ 1,500 ਦਾ ਜੁਰਮਾਨਾ ਲਾਇਆ ਜਾਵੇਗਾ।
ਟ੍ਰੈਫਿਕ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਖੇੜਕੀ ਦੌਲਾ ਟੋਲ ਤੋਂ ਸ਼ੁਰੂ ਹੋ ਕੇ ਸਰਹੌਲ ਬਾਰਡਰ ਤੱਕ ਐਕਸਪ੍ਰੈੱਸਵੇਅ ਦੇ ਦੋਵੇਂ ਪਾਸੇ ਨਿਯਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਡੀਸੀਪੀ (ਟ੍ਰੈਫਿਕ) ਵਰਿੰਦਰ ਵਿੱਜ ਨੇ ਕਿਹਾ ਕਿ ਟਰਾਂਸਪੋਰਟਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਡਰਾਈਵਰਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਐਕਸਪ੍ਰੈਸਵੇਅ ਦੇ ਸੱਜੇ ਪਾਸੇ ਦੀਆਂ ਪਹਿਲੀਆਂ ਦੋ ਲੇਨਾਂ ’ਤੇ ਨਾ ਚੱਲਣ ਲਈ ਕਹਿਣ। ਉਨ੍ਹਾਂ ਨੇ ਨਵੇਂ ਨਿਯਮਾਂ ਬਾਰੇ ਪ੍ਰਚਾਰ ਕਰਨ ਲਈ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਟ੍ਰੈਫਿਕ ਇੰਸਪੈਕਟਰਾਂ ਨੂੰ ਲੇਨ ਡਰਾਈਵਿੰਗ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ।
ਬੇਤਰਤੀਬੀ ਟ੍ਰੈਫਿਕ ਵਿਵਸਥਾ ਕਾਰਨ ਪ੍ਰੇਸ਼ਾਨੀ
ਸ਼ਹੀਦੀ ਪਾਰਕ ਕਰਾਸਿੰਗ ’ਤੇ ਆਈਟੀਓ ਤੋਂ ਆਉਣ ਵਾਲੀਆਂ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਲੋੜ ਪੈਣ ’ਤੇ ਅੱਗੇ ਗੱਡੀ ਚਲਾਉਣ ਅਤੇ ਕੋਟਲਾ ਵੱਲ ਯੂ-ਟਰਨ ਲੈਣ ਦੀ ਖੇਚਲ ਨਹੀਂ ਕੀਤੀ ਜਾਂਦੀ। ਉਹ ਲਾਲ ਬੱਤੀ ਤੋਂ ਸੱਜੇ ਮੁੜਦੇ ਹਨ ਅਤੇ ਟ੍ਰੈਫਿਕ ਦਾ ਸਾਹਮਣਾ ਕਰਦੇ ਹੋਏ ਉਲਟ ਦਿਸ਼ਾ ਵੱਲ ਜਾਂਦੇ ਹਨ। ਫੁਟਪਾਥ ਵੀ ਹੁਣ ਪੈਦਲ ਚੱਲਣ ਵਾਲਿਆਂ ਲਈ ਸੁਰੱਖਿਅਤ ਨਹੀਂ ਹਨ ਕਿਉਂਕਿ ਦੁਪਹੀਆ ਵਾਹਨ ਅਤੇ ਈ-ਰਿਕਸ਼ਾ ਇੱਕੋ ਥਾਂ ਦੀ ਵਰਤੋਂ ਕਰਦੇ ਹਨ। ਦਿੱਲੀ ਟ੍ਰੈਫਿਕ ਪੁਲੀਸ ਦੇ ਅੰਕੜਿਆਂ ਅਨੁਸਾਰ 2022 ਵਿੱਚ 629 ਪੈਦਲ ਯਾਤਰੀ ਹਾਦਸਿਆਂ ਵਿੱਚ ਮਾਰੇ ਗਏ। ਈ-ਰਿਕਸ਼ਾ ਘੱਟ ਦੂਰੀ ਦੀ ਜਨਤਕ ਆਵਾਜਾਈ ਲਈ ਤਰਜੀਹੀ ਵਾਹਨ ਬਣ ਗਏ ਹਨ ਪਰ ਬਹੁਤ ਸਾਰੇ ਡਰਾਈਵਰ ਵੱਧ ਸਵਾਰੀਆਂ ਬਿਠਾਉਂਦੇ ਹਨ, ਕਾਹਲੀ ਨਾਲ ਗੱਡੀ ਚਲਾਉਂਦੇ ਹਨ ਅਤੇ ਸੜਕ ਦੇ ਗਲਤ ਪਾਸੇ ਚੱਲਦੇ ਹਨ। ਅਕਸ਼ਰਧਾਮ ਮੰਦਿਰ ਅਤੇ ਮਯੂਰ ਵਿਹਾਰ ਦੇ ਵਿਚਕਾਰ ਫਲਾਈਓਵਰ ਅੰਤਰ-ਰਾਜੀ ਬੱਸਾਂ ਲਈ ਹਰ ਰਾਤ ਇੱਕ ਓਪਨ ਏਅਰ ਟਰਮੀਨਸ ਵਿੱਚ ਬਦਲ ਜਾਂਦਾ ਹੈ। ਦਿੱਲੀ ਟ੍ਰੈਫਿਕ ਪੁਲੀਸ ਦੀ ਵੈੱਬਸਾਈਟ ਨੇ 2021 ਤੋਂ ਬਾਅਦ ਦੇ ਅੰਕੜਿਆਂ ਨੂੰ ਅਪਡੇਟ ਨਹੀਂ ਕੀਤਾ ਹੈ। ਪਰ ਅਪਰਾਧ ਰਿਕਾਰਡ ਬਿਊਰੋ ਦੀ 2022 ਦੀ ਰਿਪੋਰਟ ਦੇ ਅਨੁਸਾਰ ਰਾਜਧਾਨੀ ਵਿੱਚ ਸੜਕ ਹਾਦਸਿਆਂ ਵਿੱਚ 2021 ਦੇ ਮੁਕਾਬਲੇ 18% ਦਾ ਵਾਧਾ ਹੋਇਆ ਹੈ। 2022 ਵਿੱਚ, ਟ੍ਰੈਫਿਕ ਹਾਦਸਿਆਂ ਵਿੱਚ 2,103 ਮੌਤਾਂ ਹੋਈਆਂ। ਸਟੈਟਿਸਟਾ ਡਾਟ ਕਾਮ ਦੇ ਅਨੁਸਾਰ ਟ੍ਰੈਫਿਕ ਪੁਲੀਸ ਨੇ 2018 ਵਿੱਚ ਰਿਕਾਰਡ 6.7 ਮਿਲੀਅਨ ਚਲਾਨ ਜਾਰੀ ਕੀਤੇ ਸਨ ਜੋ 2021 ਵਿੱਚ ਘਟ ਕੇ 1.3 ਮਿਲੀਅਨ ਰਹਿ ਗਏ। ਬਿਊਰੋ ਆਫ਼ ਪੁਲੀਸ ਰਿਸਰਚ ਐਂਡ ਡਿਵੈੱਲਪਮੈਂਟ ਦੇ ਅੰਕੜਿਆਂ ਅਨੁਸਾਰ 6,006 ਟ੍ਰੈਫਿਕ ਪੁਲੀਸ ਦੀ ਲੋੜ ਹੈ ਅਤੇ 2021 ਵਿੱਚ ਇਹ 5,312 ਸੀ।
ਲੋਕ ਨਿਰਮਾਣ ਵਿਭਾਗ ਵੱਲੋਂ ਬਲੈਕ ਸਪੌਟਸ ’ਤੇ ਨਜ਼ਰ
ਦਿੱਲੀ ਵਿੱਚ ਕਈ ਸੜਕਾਂ ਉਪਰ ਅਜਿਹੀਆਂ ਥਾਵਾਂ ਹਨ ਜਿੱਥੇ ਦੁਰਘਟਨਾ ਵੱਧ ਹੁੰਦੀਆਂ ਹਨ। ਦਿੱਲੀ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਉਨ੍ਹਾਂ ਬਲੈਕ ਸਪੌਟਸ ਲਈ ਵਿਸ਼ੇਸ਼ ਯੋਜਨਾ ਬਣਾਈ ਗਈ ਹੈ ਤਾਂ ਜੋ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਮੁਕਰਬਾ ਚੌਕ ਦਿੱਲੀ ਵਿੱਚ ਸਭ ਤੋਂ ਵੱਧ ਦੁਰਘਟਨਾਵਾਂ ਵਾਲੇ ਸਥਾਨਾਂ ਵਿੱਚੋਂ ਇੱਕ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਮੁਕਰਬਾ ਚੌਕ, ਮਧੂਬਨ ਚੌਕ, ਭਲਾਸਵਾ ਚੌਕ, ਮੰਗੋਲਪੁਰੀ ਫਲਾਈਓਵਰ ਅਤੇ ਪੀਰਾਗੜ੍ਹੀ ਚੌਕ ਦਾ ਮੁੜ ਵਿਕਾਸ ਕੀਤਾ ਜਾਵੇਗਾ। ਪੀਡਬਲਯੂਡੀ ਟਰਾਂਸਪੋਰਟ ਵਿਭਾਗ ਤੋਂ ਡਿਜ਼ਾਈਨ ਤਬਦੀਲੀਆਂ ਤੋਂ ਬਾਅਦ ਯੋਜਨਾ ’ਤੇ ਕੰਮ ਕਰ ਰਿਹਾ ਹੈ। ਜੇਕਰ ਲੋੜ ਪਈ ਤਾਂ ਪੀਡਬਲਯੂਡੀ ਪੈਦਲ ਚੱਲਣ ਵਾਲਿਆਂ ਲਈ ਸਹੂਲਤਾਂ ਜਿਵੇਂ ਕਿ ਸੁਰੱਖਿਅਤ ਫੁੱਟਪਾਥ, ਸਹੀ ਸੜਕ ਸੰਕੇਤ, ਸਪੀਡ ਸੀਮਾਵਾਂ ਅਤੇ ਕ੍ਰਾਸਿੰਗ ਸੁਵਿਧਾਵਾਂ ਦਾ ਨਿਰਮਾਣ ਕਰੇਗਾ।
The post ਸੜਕ ਤੇ ਸੁਰੱਖਿਆ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ਦਾ ਫ਼ੈਸਲਾ appeared first on punjabitribuneonline.com.