ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਦਸੰਬਰ
ਸੀਵਰੇਜ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਅੱਜ ਵਿਧਾਨ ਸਭਾ ਹਲਕੇ ਮਟੀਆ ਮਹਿਲ ਦੇ ਚਿਤਾਲਾ ਗੇਟ ਅਤੇ ਨਹਿਰੂ ਹਿੱਲ ਜੇਜੇ ਕਲੋਨੀ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ। ਸੀਵਰੇਜ ਦੀ ਮਾੜੀ ਹਾਲਤ ਨੂੰ ਦੇਖਦਿਆਂ ਜਲ ਮੰਤਰੀ ਨੇ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਸੀਵਰੇਜ ਦੀ ਸਹੂਲਤ ਲੋਕਾਂ ਦੀ ਮੁੱਢਲੀ ਲੋੜ ਹੈ। ਇਸ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਬਹੁਤ ਸਾਰੇ ਅਧਿਕਾਰੀ ਆਪਣਾ ਕੰਮ ਜ਼ਿੰਮੇਵਾਰੀ ਨਾਲ ਕਰਨ ਨਹੀਂ ਤਾਂ ਸਖ਼ਤ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਦੌਰੇ ਦੌਰਾਨ ਲੋਕਾਂ ਨੇ ਜਲ ਮੰਤਰੀ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਖੜ੍ਹਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਦੋਂ ਲੋਕ ਇਸ ਸਬੰਧੀ ਅਧਿਕਾਰੀਆਂ ਨੂੰ ਸ਼ਿਕਾਇਤ ਕਰਦੇ ਹਨ ਤਾਂ ਉਹ ਅਣਗੌਲਿਆ ਕਰ ਦਿੰਦੇ ਹਨ। ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਅਤੇ ਅਧਿਕਾਰੀ ਸਮੱਸਿਆ ਸੁਣਨ ਨੂੰ ਤਿਆਰ ਨਹੀਂ ਹਨ।
ਜਲ ਮੰਤਰੀ ਨੇ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ’ਚ ਲਾਪਰਵਾਹੀ ਵਾਲੇ ਲਈ ਕੋਈ ਥਾਂ ਨਹੀਂ ਹੈ। ਅਫਸਰਾਂ ਨੂੰ ਹਮੇਸ਼ਾ ਜਨਤਾ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ, ਜੇਕਰ ਕੋਈ ਅਧਿਕਾਰੀ ਇਸ ਵਿੱਚ ਲਾਪਰਵਾਹੀ ਦਿਖਾਵੇ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਲਾਕੇ ਵਿੱਚ ਸੀਵਰੇਜ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।
ਜਲ ਮੰਤਰੀ ਨੇ ਅਚਨਚੇਤ ਨਿਰੀਖਣ ਦੌਰਾਨ ਦੇਖਿਆ ਕਿ ਕਈ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਵਗ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲ ਮੰਤਰੀ ਨੇ ਕਿਹਾ ਕਿ ਜੇਕਰ ਅਧਿਕਾਰੀ ਜਨਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨਹੀਂ ਹਨ ਤਾਂ ਉਨ੍ਹਾਂ ਨੂੰ ਨੌਕਰੀ ਛੱਡ ਦੇਣੀ ਚਾਹੀਦੀ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਮਾਹਿਰਾਂ ਅਤੇ ਤਕਨਾਲੋਜੀ ਦੀ ਮਦਦ ਨਾਲ ਸਮੁੱਚੇ ਇਲਾਕੇ ਵਿੱਚ ਸੀਵਰੇਜ ਲਾਈਨਾਂ ਦੀ ਜਲਦੀ ਤੋਂ ਜਲਦੀ ਸਫ਼ਾਈ ਕਰਵਾਈ ਜਾਵੇ ਅਤੇ ਸਾਰੇ ਸਬੰਧਤ ਅਧਿਕਾਰੀ ਰੋਜ਼ਾਨਾ ਦੌਰਾ ਕਰਨ।
The post ਆਤਿਸ਼ੀ ਵੱਲੋਂ ਅਧਿਕਾਰੀਆਂ ਦੀ ਝਾੜ-ਝੰਬ appeared first on punjabitribuneonline.com.