ਹਰਜੀਤ ਸਿੰਘ
ਜ਼ੀਰਕਪੁਰ, 13 ਦਸੰਬਰ
ਅੱਜ ਸਵੇਰੇ ਜ਼ੀਰਕਪੁਰ ਦੇ ਪੀਰਮੁੱਛਲਾ ਖੇਤਰ ਵਿੱਚ ਪੁਲੀਸ ਗ੍ਰਿਫ਼ਤ ’ਚੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਨੂੰ ਪੁਲੀਸ ਨੇ ਗੋਲੀ ਮਾਰ ਕੇ ਜ਼ਖ਼ਮੀ ਕਰਨ ਬਾਅਦ ਮੁੜ ਕਾਬੂ ਕਰ ਲਿਆ। ਪੁਲੀਸ ਟੀਮ ਜੱਸੇ ਨੂੰ ਇਰਾਦਾ ਕਤਲ ਦੇ ਕੇਸ ਵਿੱਚ ਅਸਲਾ ਅਤੇ ਪਿਸਤੌਲ ਬਰਾਮਦ ਕਰਨ ਇਥੇ ਲੈ ਕੇ ਆਈ ਸੀ। ਇਸ ਦੌਰਾਨ ਉਸ ਨੇ ਫ਼ਰਾਰ ਹੋਣ ਦੀ ਕੋਸਿਸ਼ ਕੀਤੀ। ਪੁਲੀਸ ਨੇ ਉਸ ਨੂੰ ਚਿਤਾਵਨੀ ਦਿੰਦੇ ਹੋਏ ਪਹਿਲਾਂ ਹਵਾ ਵਿੱਚ ਗੋਲੀ ਚਲਾਈ, ਇਸ ਦੇ ਬਾਵਜੂਦ ਜਦੋਂ ਉਹ ਨਹੀਂ ਰੁਕਿਆ ਤਾਂ ਉਸ ਨੂੰ ਗੋਲੀ ਮਾਰ ਦਿੱਤੀ। ਉਸ ਦੀ ਹਾਲਤ ਬਾਰੇ ਫਿਲਹਾਲ ਪਤਾ ਨਹੀਂ ਲੱਗਿਆ। ਸੂਤਰਾਂ ਮੁਤਾਬਕ ਜੱਸੇ ਨੂੰ ਛੇ ਗੋਲੀਆਂ ਲੱਗੀਆਂ ਹਨ। ਇਸ ਦੌਰਾਨ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ।
ਜੱਸਾ 6 ਕਤਲ ਕੇਸਾਂ ਵਿੱਚ ਲੋੜੀਂਦਾ ਹੈ। ਮੌਕੇ ’ਤੇ ਪਹੁੰਚੇ ਏਜੀਟੀਐੱਫ ਦੇ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਨਵਾਂਸ਼ਹਿਰ ਦਾ ਰਹਿਣ ਵਾਲਾ ਜੱਸਾ ਗੈਂਗਸਟਰਾਂ ਹਰਵਿੰਦਰ ਰਿੰਦਾ ਅਤੇ ਸੋਨੂੰ ਖੱਤਰੀ ਦਾ ਨਜ਼ਦੀਕੀ ਹੈ। ਜੱਸੇ ਨੂੰ ਅੱਜ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ। ਉਸ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਸ ਨੇ ਇੱਥੇ ਚੀਨ ਦੀ ਬਣੀ ਪਿਸਤੌਲ ਲੁਕਾਈ ਹੈ,ਜਿਸ ਨੂੰ ਬਰਾਮਦ ਕਰਨ ਲਈ ਲਿਆਂਦਾ ਗਿਆ ਸੀ। ਜੱਸੇ ਦੇ ਹੱਥਕੜੀ ਲਗੀ ਹੋਈ ਸੀ, ਜਿਸ ਨੂੰ ਉਹ ਛੁਡਵਾ ਕੇ ਭਜਣ ਲੱਗਾ ਸੀ।
The post ਜ਼ੀਰਕਪੁਰ: ਪੁਲੀਸ ਗ੍ਰਿਫ਼ਤ ’ਚੋਂ ਫ਼ਰਾਰ ਹੋਣ ਦੀ ਕੋਸ਼ਿਸ਼ ਦੌਰਾਨ ਗੈਂਗਸਟਰ ਜੱਸਾ ਹੈਪੋਵਾਲ ਗੋਲੀਆਂ ਲੱਗਣ ਕਾਰਨ ਜ਼ਖ਼ਮੀ appeared first on punjabitribuneonline.com.