ਸ਼ਸ਼ੀਪਾਲ ਜੈਨ
ਖਰੜ, 14 ਦਸੰਬਰ
ਜਨ ਹਿੱਤ ਵਿਕਾਸ ਕਮੇਟੀ ਖਰੜ ਦਾ ਮੰਚ ਲਗਪੱਗ ਪੰਜ ਸਾਲਾਂ ਤੋਂ ਸ਼ਹਿਰ ਦੀਆਂ ਸਮਸਿਆਵਾਂ ਹੱਲ ਕਰਾਉਣ ਅਤੇ ਵਿਕਾਸ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਣ ਸਬੰਧੀ ਖਰੜ ਦੀ ਵਿਧਾਇਕਾਂ ਅਤੇ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਜੋ ਮੰਤਰੀ ਦੇ ਦਫਤਰ ਵਿੱਚ ਹੋਈ ਵਿੱਚ ਰਣਜੀਤ ਸਿੰਘ ਹੰਸ ਪ੍ਰਧਾਨ, ਬ੍ਰਿੱਜ ਮੋਹਣ ਸ਼ਰਮਾ ਜਰਨਲ ਸਕੱਤਰ, ਮਾਸਟਰ ਅਜਾਇਬ ਸਿੰਘ, ਪਾਲ ਸਿੰਘ, ਰਾਜਿੰਦਰ ਸਿੰਘ ਸੋਹਲ, ਜੋਗਿੰਦਰ ਸਿੰਘ, ਜਸਵੀਰ ਸਿੰਘ, ਸਤਵੰਤ ਸਿੰਘ, ਕਰਨੈਲ ਸਿੰਘ ਆਦਿ ਮੌਜੂਦ ਸਨ। ਮੀਟਿੰਗ ਵਿੱਚ ਵਫਦ ਨੇ ਸ਼ਿਵਜੋਤ ਕਲੋਨੀ ਦੇ ਨੇੜੇ 7 ਏਕੜ ਜਗ੍ਹਾ ਵਿੱਚ ਐਨੀਮਲਜ ਸੈਂਚੂਰੀ ਬਣਾ ਕੇ ਇਸ ਥਾਂਲ ਲਾਵਾਰਿਸ ਪਸ਼ੂਆਂ, ਆਵਾਰਾ ਕੁੱਤਿਆਂ ਨੂੰ ਰੱਖਣ ਦਾ ਪ੍ਰਬੰਧ ਕਰਨਾ, ਅੱਜ ਸਰੋਵਰ ਜਿਸ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਪਹਿਲਾਂ ਤੋਂ ਬਣੇ ਸਰੋਵਰ ਵਿੱਚ ਪਾਣੀ ਦਾ ਪ੍ਰਬੰਧ ਕਰ ਕੇ ਫੁਆਰਾ ਚਲਾਉਣਾ, ਕੰਟਰੋਲ ਰੇਟਾਂ ’ਤੇ ਕੰਨਟੀਨ/ਰੈਸਟੋਰੈਂਟ ਬਣਾਉਣਾ, ਖਰੜ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਲਈ ਥੀਏਟਰ ਕਲਾ ਭਵਨ ਚੰਡੀਗੜ੍ਹ ਦੀ ਤਰਜ ’ਤੇ ਬਣਾਉਣਾ, ਬੱਸ ਸਟੈਂਡ ਬਣਾਉਣ ਦੇ ਕੰਮ ਨੂੰ ਜਲਦੀ ਸਿਰੇ ਲਾਉਣਾ, ਭਾਗੋ ਮਾਜਰਾ ਨੇੜੇ ਕਮਿਊਨਟੀ ਸੈਂਟਰ ਬਣਾਉਣਾ, ਸ਼ੋਰ ਪ੍ਰਦੂਸਣ ਰੋਕਣਾ ਅਤੇ ਦੁਕਾਨਦਾਰਾਂ ਵੱਲੋਂ ਸੜਕਾਂ ’ਤੇ ਸਾਮਾਨ ਰੱਖਣ ਕਾਰਨ ਅਤੇ ਪ੍ਰਾਈਵੇਟ ਬੱਸਾਂ ਦੇ ਗਲਤ ਤਰੀਕੇ ਨਾਲ ਅੱਡੇ ਵਿੱਚ ਖੜ੍ਹਨ ਕਾਰਨ ਟ੍ਰੈਫਿਕ ਜਾਮ ਲੱਗਣ ਕਾਰਨ ਆਵਾਜਾਈ ਦੀਆਂ ਗੰਭੀਰ ਸਮੱਸਿਆ ਦਾ ਹੱਲ ਕਰਨ ਸਬੰਧੀ ਵਿਚਾਰਾਂ ਕੀਤੀਆਂ। ਮੀਟਿੰਗ ਵਿੱਚ ਰੇਹੜੀਆਂ ਲਈ ਜਗ੍ਹਾ ਨਿਰਧਾਰਤ ਕਰਨ ਦੀ ਮੰਗ ਵੀ ਕੀਤੀ ਅਤੇ ਛੋਟੇ ਕਾਰੋਬਾਰੀਆਂ ਲਈ ਇਕ ਜਗ੍ਹਾ ਬੂਥ ਬਣਾਏ ਜਾਣ। ਵਫ਼ਦ ਨੇ ਖਰੜ ਲਈ ਕਜੋਲੀ ਵਾਟਰ ਵਰਕਸ ਦੇ ਪਾਣੀ ਸਪਲਾਈ ਦੇ ਪ੍ਰਾਜੈਕਟ ਦੇ ਕੰਮ ਨੂੰ ਜਲਦੀ ਸਮੇਂ ਸਿਰ ਮੁਕੰਮਲ ਕਰਾਉਣਾ, ਸ਼ਹਿਰ ਦੇ ਵਿਚਕਾਰੋਂ ਲੰਘਦੇ ਗੰਦੇ ਨਾਲਿਆਂ ਦੀ ਸਫ਼ਾਈ ਤੇ ਇਨ੍ਹਾਂ ਨੂੰ ਕਵਰ ਕਰਨਾ, ਹਸਪਤਾਲ ਰੋਡ ਨੂੰ ਚੌੜਾ ਕਰ ਕੇ ਡਿਵਾਈਡਰ ਲਾਉਣਾ ਆਦਿ ਮਸਲਿਆਂ ’ਤੇ ਲੰਮੀ ਚਰਚਾ ਕੀਤੀ। ਇਨ੍ਹਾਂ ਵਿੱਚੋਂ ਕਈ ਮਸਲਿਆਂ ’ਤੇ ਸਬੰਧਤ ਅਧਿਕਾਰੀਆਂ ਨੂੰ ਅਨਮੋਲ ਗਗਨ ਮਾਨ ਨੇ ਤੁਰੰਤ ਆਦੇਸ਼ ਦਿੱਤੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਜਨ ਹਿੱਤ ਵਿਕਾਸ ਕਮੇਟੀ ਦੀ ਲੀਡਰਸ਼ਿਪ ਨਾਲ ਮੀਟਿੰਗਾਂ ਕਰ ਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਕਿਹਾ।
The post ਵਿਧਾਇਕਾ ਨੂੰ ਖਰੜ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ appeared first on punjabitribuneonline.com.