ਕਿਰਪਾਨ ਨਾਲ ਗੁਆਂਢੀ ’ਤੇ ਕੀਤਾ ਹਮਲਾ

ਕਿਰਪਾਨ ਨਾਲ ਗੁਆਂਢੀ ’ਤੇ ਕੀਤਾ ਹਮਲਾ


ਦੇਵਿੰਦਰ ਸਿੰਘ ਜੱਗੀ
ਪਾਇਲ, 17 ਦਸੰਬਰ
ਪੁਲੀਸ ਚੌਕੀ ਰੌਣੀ ਅਧੀਨ ਪੈਂਦੇ ਪਿੰਡ ਮਾਂਹਪੁਰ ਵਿੱਚ ਆਪਣੇ ਘਰ ਦੇ ਗੇਟ ਅੱਗੇ ਰੇਹੜੇ ਤੋਂ ਹਰਾ ਚਾਰਾ ਉਤਾਰ ਰਹੇ ਵਿਅਕਤੀ ’ਤੇ ਉਸ ਦੇ ਗੁਆਂਢੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ, ਜੋ ਸਿਵਲ ਹਸਪਤਾਲ ਪਾਇਲ ਵਿੱਚ ਜ਼ੇਰੇ ਇਲਾਜ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਪੁੱਤਰ ਮੱਲ ਸਿੰਘ ਵਾਸੀ ਪਿੰਡ ਮਾਂਹਪੁਰ ਆਪਣੇ ਗੇਟ ਅੱਗੇ ਜਦੋਂ ਪਸ਼ੂਆਂ ਲਈ ਲਿਆਂਦਾ ਹਰਾ ਚਾਰਾ ਰੇਹੜੇ ਤੋਂ ਉਤਾਰ ਰਿਹਾ ਸੀ ਤਾਂ ਉਸ ਦੇ ਗੁਆਂਢੀ ਹਰਵਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਅਤੇ ਉਸ ਦੇ ਭਤੀਜੇ ਰਵਨੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵੱਲੋਂ ਕਿਰਪਾਨ ਨਾਲ ਉਸ ਦੇ ਸਿਰ ’ਚ ਕਈ ਵਾਰ ਕਰ ਦਿੱਤੇ ਅਤੇ ਕਿਰਪਾਨ ਦੇ ਵਾਰ ਨੂੰ ਰੋਕਦੇ ਹੋਏ ਉਸ ਦੇ ਹੱਥਾਂ ’ਚ ਵੀ ਕਿਰਪਾਨ ਦੇ ਡੂੰਘੇ ਫੱਟ ਲੱਗ ਗਏ ਅਤੇ ਜਦੋਂ ਉਹ ਉਥੋਂ ਆਪਣੀ ਜਾਨ ਬਚਾ ਕੇ ਭੱਜਣ ਲਗਾ ਤਾਂ ਪਿੱਛੋਂ ਉਸ ਦੀ ਪਿੱਠ ’ਤੇ ਵੀ ਕਿਰਪਾਨ ਨਾਲ ਵਾਰ ਕਰ ਦਿੱਤਾ, ਜਿਸਦੇ ਸਿੱਟੇ ਵਜੋਂ ਉਹ ਲਹੂ ਲੁਹਾਨ ਹੋ ਗਿਆ। ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਪਾਇਲ ਵਿੱਚ ਦਾਖ਼ਲ ਕਰਵਾਇਆ ਗਿਆ।
ਹਰਿੰਦਰ ਸਿੰਘ ਨੇ ਦੱਸਿਆ ਕਿ ਬਿਨਾਂ ਕੋਈ ਲੜਾਈ ਝਗੜੇ ਦੇ ਉਸ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਇਸ ਹਮਲੇ ਦੀ ਵਜ੍ਹਾ ਇਹ ਹੈ ਕਿ ਹਰਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਪਹਿਲਾ ਪਿੰਡ ਦੇ ਇੱਕ ਵਿਅਕਤੀ ਅੰਮ੍ਰਿਤਪਾਲ ਸਿੰਘ ਦੇ ਘਰ ਜਾ ਕੇ ਉਸ ਉਪਰ ਹਮਲਾ ਕੀਤਾ ਗਿਆ ਸੀ, ਜਿਸ ਦੀ ਸੋਮਵਾਰ ਨੂੰ ਅਦਾਲਤ ਵਿੱਚ ਤਾਰੀਕ ਹੈ ਅਤੇ ਉਸ ਕੇਸ ’ਚ ਪੀੜਤ ਦੇ ਭਰਾ ਅੱਛਰਾ ਸਿੰਘ ਦੀ ਗਵਾਹੀ ਹੈ। ਇਸੇ ਕਰ ਕੇ ਹੀ ਹਰਵਿੰਦਰ ਸਿੰਘ ਤੇ ਉਸ ਦੇ ਭਤੀਜੇ ਵੱਲੋਂ ਉਸ ਉਪਰ ਜਾਨਲੇਵਾ ਹਮਲਾ ਕੀਤਾ ਗਿਆ ਹੈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਥਾਣਾ ਪਾਇਲ ਦੇ ਮੁਖੀ ਸੰਤੋਖ ਸਿੰਘ ਨੇ ਕਿਹਾ ਕਿ ਡਾਕਟਰਾਂ ਵੱਲੋਂ ਐੱਮਐੱਲਆਰ ਮਿਲ ਗਈ ਹੈ ਤੇ ਮੁਲਜ਼ਮਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

The post ਕਿਰਪਾਨ ਨਾਲ ਗੁਆਂਢੀ ’ਤੇ ਕੀਤਾ ਹਮਲਾ appeared first on punjabitribuneonline.com.



Source link