ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਦਸੰਬਰ
ਕਿਦਵਈ ਨਗਰ ਇਲਾਕੇ ’ਚ ਇੱਕ ਪਿਟਬੁਲ ਕੁੱਤੇ ਨੇ ਔਰਤ ’ਤੇ ਹਮਲਾ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਅਚਾਨਕ ਤੋਂ ਕੀਤੇ ਹਮਲੇ ’ਚ ਕੁੱਤੇ ਨੇ ਕਾਫ਼ੀ ਸਮਾਂ ਔਰਤ ਦੀ ਬਾਂਹ ਨੂੰ ਆਪਣੇ ਜਬਾੜੇ ’ਚ ਦਬਾਈ ਰੱਖਿਆ। ਔਰਤ ਕਾਫ਼ੀ ਸਮੇਂ ਤੱਕ ਚੀਕਦੀ ਰਹੀ, ਪਰ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਉਹ ਔਰਤ ਨੂੰ ਅੱਗੇ ਜਾ ਕੇ ਛੁਡਵਾ ਸਕੇ। ਬਾਅਦ ’ਚ ਲੋਕਾਂ ਨੇ ਕੁੱਤੇ ਦੇ ਡੰਡੇ ਮਾਰ ਕੇ ਔਰਤ ਦੀ ਬਾਂਹ ਛੁਡਵਾਈ ਤੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਉਸ ਦੀ ਪਛਾਣ ਰੀਤੂ ਦੇ ਵਜੋਂ ਹੋਈ ਹੈ।
ਪੀੜਤ ਨੇ ਦੱਸਿਆ ਕਿ ਉਹ ਬੈਂਕ ’ਚੋਂ ਕੋਈ ਕੰਮ ਕਰਵਾ ਕੇ ਵਾਪਸ ਘਰ ਜਾ ਰਹੀ ਸੀ। ਦੁਪਹਿਰ ਕਰੀਬ 1 ਵਜੇ ਉਹ ਜਦੋਂ ਗਲੀ ’ਚੋਂ ਲੰਘ ਰਹੀ ਸੀ ਤਾਂ ਅਚਾਨਕ ਤੋਂ ਇੱਕ ਘਰ ’ਚੋਂ ਪਿਟਬੁਲ ਕੁੱਤਾ ਬਾਹਰ ਆਇਆ। ਉਸ ਨੇ ਆਉਂਦੇ ਹੀ ਉਸ ਦੀ ਬਾਂਹ ਫੜ ਲਈ। ਉਸ ਵੱਲੋਂ ਰੌਲਾ ਪਾਉਣ ’ਤੇ ਲੋਕ ਇਕੱਤਰ ਹੋ ਗਏ। ਲੋਕਾਂ ਨੇ ਕੁੱਤੇ ਦੇ ਡੰਡੇ ਮਾਰੇ ਪਰ ਫਿਰ ਵੀ ਕੁੱਤੇ ਨੇ ਉਸ ਦੀ ਬਾਂਹ ਨੂੰ ਨਹੀਂ ਛੱਡਿਆ। ਕੁੱਤਾ ਔਰਤ ਨੂੰ ਜ਼ਮੀਨ ’ਤੇ ਸੁੱਟ ਕੇ ਨੋਚਣ ਲੱਗਿਆ। ਲੋਕਾਂ ਨੇ ਕਾਫ਼ੀ ਮਿਹਨਤ ਕਰ ਕੇ ਉਸ ਨੂੰ ਕੁੱਤੇ ਤੋਂ ਛੁਡਵਾਇਆ। ਇਸ ਤੋਂ ਬਾਅਦ ਉਸ ਦੇ ਪਤੀ ਨੇ ਜ਼ਖ਼ਮੀ ਔਰਤ ਨੂੰ ਹਸਪਤਾਲ ਪਹੁੰਚਾਇਆ।
ਪੀੜਤ ਰੀਤੂ ਨੇ ਕਿਹਾ ਕਿ ਕਪਿਲ ਨਾਂ ਦੇ ਨੌਜਵਾਨ ਨੇ ਘਰ ’ਚ ਪਿਟਬੁਲ ਕੁੱਤਾ ਰੱਖਿਆ ਹੈ। ਕਪਿਲ ਦੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਚਾਨਕ ਤੋਂ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ। ਉਧਰ, ਕੁੱਤੇ ਦੇ ਮਾਲਕ ਕਪਿਲ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਕੁੱਤਾ ਇੰਨਾ ਖ਼ਤਰਨਾਕ ਹੋ ਗਿਆ ਹੈ। ਉਸ ਨੇ ਕਿਹਾ ਕਿ ਕੁੱਤੇ ਨੂੰ ਸਾਰੇ ਲੋੜੀਂਦੇ ਟੀਕੇ ਲੱਗੇ ਹੋਏ ਹਨ।
The post ਪਿਟਬੁਲ ਕੁੱਤੇ ਨੇ ਔਰਤ ਨੂੰ ਵੱਢਿਆ appeared first on punjabitribuneonline.com.