ਗਗਨਦੀਪ ਅਰੋੜਾ
ਲੁਧਿਆਣਾ, 22 ਦਸੰਬਰ
ਫਿਰੋਜ਼ਪੁਰ ਰੋਡ ’ਤੇ ਬਣਨ ਵਾਲੇ ਐਲੀਵੇਟਿਡ ਪੁਲ ਦੇ ਭਾਰਤ ਨਗਰ ਚੌਕ ਵਾਲੇ ਹਿੱਸੇ ’ਤੇ ਸਲੈਬ ਪਾਉਣ ਦਾ ਕੰਮ ਪੂਰਾ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਇੱਕ ਮਹੀਨੇ ਤੋਂ ਬੰਦ ਪਿਆ ਭਾਰਤ ਨਗਰ ਚੌਕ ਦਾ ਰਸਤਾ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਨਾਲ ਹੁਣ ਫਿਰੋਜ਼ਪੁਰ ਰੋਡ ਤੋਂ ਭਾਰਤ ਨਗਰ ਚੌਕ ਹੁੰਦੇ ਹੋਏ ਬੱਸ ਸਟੈਂਡ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਹੁਣ ਗਲੀਆਂ ’ਚੋਂ ਜਾਣ ਦੀ ਥਾਂ ਸਿੱਧੀ ਸੜਕ ਦੇ ਰਸਤਿਓਂ ਹੀ ਬੱਸ ਅੱਡੇ ਵੱਲ ਜਾਣ ਦਾ ਰਸਤਾ ਸਾਫ਼ ਹੋ ਗਿਆ ਹੈ। ਆਉਣ ਵਾਲੇ ਦਿਨਾਂ ’ਚ ਬੱਸ ਅੱਡੇ ਤੋਂ ਭਾਰਤ ਨਗਰ ਚੌਕ ਦੀ ਹੁੰਦੇ ਹੋਏ ਫਿਰੋਜ਼ਪੁਰ ਰੋਡ ਵੱਲ ਜਾਣ ਵਾਲਾ ਰਸਤਾ ਵੀ ਖੋਲ੍ਹ ਦਿੱਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਟਰੈਫਿਕ ਜਾਮ ਤੋਂ ਪੂਰੀ ਤਰ੍ਹਾਂ ਰਾਹਤ ਮਿਲ ਜਾਵੇਗੀ। ਪਿਛਲ਼ੇ ਕਾਫ਼ੀ ਸਮੇਂ ਤੋਂ ਭਾਰਤ ਨਗਰ ਚੌਕ ਦੇ ਉਪਰ ਐਲੀਵੇਟਿਡ ਪੁਲ ’ਤੇ ਸਲੈਬ ਪਾਉਣ ਦੇ ਕਾਰਨ ਟਰੈਫਿਕ ਬੰਦ ਪਿਆ ਸੀ। ਸ਼ੁੱਕਰਵਾਰ ਨੂੰ ਟਰੈਫਿਕ ਖੁੱਲ੍ਹਣ ਤੋਂ ਬਾਅਦ ਲੋਕਾਂ ਦੇ ਨਾਲ-ਨਾਲ ਪੁਲੀਸ ਨੇ ਵੀ ਸੁੱਖ ਦਾ ਸਾਹ ਲਿਆ ਹੈ। ਲੰਬੇ ਜਾਮ ਨੂੰ ਕੰਟਰੋਲ ਕਰਨ ’ਚ ਮਿਹਨਤ ਕਰਨ ਵਾਲੀ ਟਰੈਫਿਕ ਪੁਲੀਸ ਨੂੰ ਆਰਾਮ ਮਿਲੇਗਾ। ਉਮੀਦ ਲਾਈ ਜਾ ਰਹੀ ਹੈ ਕਿ 26 ਜਨਵਰੀ ਤੱਕ ਐਲੀਵੇਟਿਡ ਰੋਡ ਦੀ ਯੋਜਨਾ ਪੂਰੀ ਹੋ ਜਾਵੇਗੀ। ਕੌਮੀ ਹਾਈਵੇਅ ਅਥਾਰਿਟੀ ਆਫ਼ ਇੰਡੀਆ ਵੱਲੋਂ ਫਿਰੋਜ਼ਪੁਰ ਰੋਡ ’ਤੇ ਐਲੀਵੇਟਿਡ ਰੋਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਹੁਣ ਤੱਕ ਫਿਰੋਜ਼ਪੁਰ ਰੋਡ ਚੂੰਗੀ ਤੋਂ ਜਗਰਾਉਂ ਪੁਲ ਅਤੇ ਫਿਰੋਜ਼ਪੁਰ ਰੋਡ ਤੋਂ ਭਾਈ ਬਾਲਾ ਚੌਕ ਤੱਕ ਐਲੀਵੇਟਿਡ ਰੋਡ ਸ਼ੁਰੂ ਹੋ ਚੁੱਕਿਆ ਹੈ। ਭਾਰਤ ਨਗਰ ਚੌਕ ਦੇ ਉਪਰ ਪੁਲ ’ਤੇ ਸਲੈਬ ਰੱਖਣ ਕਾਰਨ ਰਸਤਾ ਬੰਦ ਕਰਨਾ ਪਿਆ ਸੀ। ਇੱਕ ਮਹੀਨੇ ਤੋਂ ਸਾਰਾ ਰਸਤਾ ਬੰਦ ਸੀ, ਜਿਸ ਕਰ ਕੇ ਦੋ ਪਹੀਆ ਤੇ ਚਾਰ ਪਹੀਆ ਵਾਹਨ ਅੰਦਰੂਨੀ ਰਸਤਿਆਂ ਤੋਂ ਹੁੰਦੇ ਹੋਏ ਕੋਚਰ ਮਾਰਕੀਟ ਤੇ ਫਿਰ ਡੀਸੀ ਦਫ਼ਤਰ ਵੱਲ ਜਾਂਦੇ ਸਨ। ਇਸ ਕਾਰਨ ਕਈ ਥਾਵਾਂ ’ਤੇ ਟਰੈਫਿਕ ਜਾਮ ਲੱਗ ਜਾਂਦਾ ਸੀ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਵੀਰਵਾਰ ਨੂੰ ਸਲੈਬ ਪਾਏ ਜਾਣ ਤੋਂ ਬਾਅਦ ਫਿਰੋਜ਼ਪੁਰ ਰੋਡ ਤੋਂ ਬੱਸ ਅੱਡੇ ਵੱਲ ਜਾਣ ਵਾਲੇ ਟਰੈਫਿਕ ਲਈ ਰਸਤਾ ਖੋਲ੍ਹ ਦਿੱਤਾ ਗਿਆ। ਹੁਣ ਸਿਰਫ਼ ਭਾਰਤ ਨਗਰ ਚੌਕ ’ਤੇ 3 ਮੁੱਖ ਸਲੈਬਾਂ ਰੱਖਣ ਦਾ ਕੰਮ ਬਾਕੀ ਹੈ, ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ’ਚ ਬੱਸ ਅੱਡੇ ਤੋਂ ਭਾਰਤ ਨਗਰ ਚੌਕ ਵੱਲ ਜਾਣ ਵਾਲਾ ਰਸਤਾ ਸ਼ੁਰੂ ਹੋ ਜਾਵੇਗਾ। ਡੀਸੀਪੀ ਟਰੈਫਿਕ ਵਰਿੰਦਰ ਬਰਾੜ ਨੇ ਕਿਹਾ ਕਿ ਫਿਰੋਜ਼ਪੁਰ ਰੋਡ ਤੋਂ ਬੱਸ ਅੱਡੇ ਦਾ ਰਸਤਾ ਸ਼ੁੱਕਰਵਾਰ ਦੀ ਸਵੇਰੇ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਹੁਣ ਆਉਣ ਵਾਲੇ ਦਿਨਾਂ ’ਚ ਪੁਲ ਦੇ ਉਪਰ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਸਾਰਾ ਰਸਤਾ ਥੱਲੇ ਤੋਂ ਖੋਲ੍ਹ ਦਿੱਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਕਾਫ਼ੀ ਵੱਡੀ ਰਾਹਤ ਮਿਲੇਗੀ।
The post ਲੁਧਿਆਣਾ ’ਚ ਭਾਰਤ ਨਗਰ ਚੌਕ ਦਾ ਰਾਹ ਖੁੱਲ੍ਹਿਆ appeared first on punjabitribuneonline.com.