ਦੇਵਿੰਦਰ ਜੱਗੀ
ਪਾਇਲ, 23 ਦਸੰਬਰ
ਈਸੜੂ ਇਲਾਕੇ ਵਿੱਚ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਕਾਰਨ ਲੋਕਾਂ ਅੰਦਰ ਸਹਿਮ ਹੈ। ਦੂਜੇ ਪਾਸੇ ਪੁਲੀਸ ਵਿਭਾਗ ਮੂਕ ਦਰਸ਼ਕ ਬਣਿਆ ਹੋਇਆ ਹੈ। ਪਿਛਲੇ ਦਿਨਾਂ ਅੰਦਰ ਹੀ ਪਹਿਲਾਂ ਪਸ਼ੂ ਹਸਪਤਾਲ ਹੋਲ ’ਚੋਂ ਰਿਕਾਰਡ, ਟੈਗ, ਸਰਿੰਜਾਂ ਅਤੇ ਫਿਰ ਬਾਬੇ ਸ਼ਹੀਦਾਂ ਪਿੰਡ ਜਲਾਜਣ ਤੋਂ ਐੱਲਈਡੀ, ਇਨਵਰਟਰ, ਡੀਵੀਆਰ ਅਤੇ ਲੰਘੀ ਰਾਤ ਪਿੰਡ ਰੋਹਣੋਂ ਖੁਰਦ ਦੇ ਪੰਚ ਰੁਪਿੰਦਰ ਸਿੰਘ ਦੇ ਘਰੋਂ 90 ਕਬੂਤਰ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਹਨ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਕੋਠੇ ਉੱਤੇ ਕਬੂਤਰਾਂ ਲਈ ਖੁੱਡੇ ਬਣਾਏ ਹੋਏ ਹਨ, ਜਿਨ੍ਹਾਂ ਵਿੱਚ ਚੰਗੀ ਨਸਲ ਦੇ ਕਬੂਤਰ ਰੱਖੇ ਹੋਏ ਸਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਲੰਘੀ ਰਾਤ ਘਰ ਦੇ ਪਿਛਲੇ ਪਾਸੇ ਤੋਂ ਪੌੜੀ ਰਾਹੀਂ ਕੋਠੇ ’ਤੇ ਚੜ੍ਹ ਕੇ ਸਾਰੇ ਕਬੂਤਰ ਚੋਰੀ ਕਰ ਲਏ। ਪੰਚ ਰੁਪਿੰਦਰ ਸਿੰਘ ਨੇ ਦੱਸਿਆ ਕਿ ਕਬੂਤਰ ਚੋਰੀ ਹੋਣ ਦੀ ਰਿਪੋਰਟ ਪੁਲੀਸ ਚੌਕੀ ਈਸੜੂ ਦੇ ਇੰਚਾਰਜ ਚਰਨਜੀਤ ਸਿੰਘ ਨੂੰ ਦੇ ਦਿੱਤੀ ਗਈ ਹੈ।
The post ਈਸੜੂ ’ਚ ਵਧ ਰਹੀਆਂ ਚੋਰੀਆਂ ਕਾਰਨ ਲੋਕਾਂ ’ਚ ਸਹਿਮ appeared first on punjabitribuneonline.com.