ਨਿਹੰਗ ਸਿੰਘਾਂ ਵੱਲੋਂ ਭਲਕੇ ਸਜਾਇਆ ਜਾਵੇਗਾ ਮਹੱਲਾ: ਬਾਬਾ ਬਲਬੀਰ ਸਿੰਘ

ਨਿਹੰਗ ਸਿੰਘਾਂ ਵੱਲੋਂ ਭਲਕੇ ਸਜਾਇਆ ਜਾਵੇਗਾ ਮਹੱਲਾ: ਬਾਬਾ ਬਲਬੀਰ ਸਿੰਘ


ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 27 ਦਸੰਬਰ
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਅਨੁਸਾਰ ਸ਼੍ਰੋੋਮਣੀ ਸੇਵਾ ਰਤਨ, ਸ਼੍ਰੋੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਵਿਖੇ ਸ਼ਰਧਾ ਪੂਰਵਕ ਸ਼ੁਰੂ ਹੋ ਗਿਆ। ਇਸ ਮੌਕੇ ਅਖੰਡ ਪਾਠ ਦੇ ਪਾਠ ਆਰੰਭ ਹੋਏ ਜਿਨ੍ਹਾਂ ਦਾ ਭੋਗ 29 ਦਸੰਬਰ ਨੂੰ ਪਾਇਆ ਜਾਵੇਗਾ ਜਿਸ ਉਪਰੰਤ 29 ਦਸੰਬਰ ਨੂੰ ਸਮੂਹ ਨਿਹੰਗ ਸਿੰਘ ਦਲਾ ਵਲੋਂ ਬੁੱਢਾ ਦਲ ਦੀ ਅਗਵਾਈ ਹੇਠ ਮਹੱਲਾ ਸਜਾਇਆ ਜਾਵੇਗਾ। ਉਨ੍ਹਾਂ ਕਿਹਾ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਨੂਠੀ ਤੇ ਲਾ-ਮਿਸਾਲ ਹੈ ਜਿਸ ਦੀ ਮਿਸਾਲ ਦੁਨੀਆ ਵਿੱਚ ਕਿਧਰੇ ਨਹੀਂ ਮਿਲਦੀ। ਇਸ ਲਈ ਇਨ੍ਹਾਂ ਸ਼ਹੀਦੀ ਦਿਹਾੜਿਆਂ ਦੀ ਇਤਿਹਾਸਕ ਮਹੱਤਤਾ, ਪ੍ਰਸੰਗਤਾਂ ਨੂੰ ਸਮਝਦਿਆਂ ਇਨ੍ਹਾਂ ਸਭਾਵਾਂ ਮੌਕੇ ਸਾਰੀਆਂ ਸਿਆਸੀ ਪਾਰਟੀਆਂ ਆਪਸੀ ਦੂਸ਼ਣਬਾਜ਼ੀਆਂ ਦਾ ਪ੍ਰਦੂਸ਼ਣ ਪੈਦਾ ਨਾ ਕਰਨ ਸਗੋਂ ਸਿਆਸੀ ਕਾਨਫਰੰਸਾਂ ਤੋਂ ਦੂਰ ਰਹਿ ਕੇ ਸਾਹਿਬਜ਼ਾਦਿਆਂ ਨੂੰ ਸੰਗਤੀ ਰੂਪ ਵਿੱਚ ਸ਼ਰਧਾ ਤੇ ਸਤਿਕਾਰ ਭੇਟ ਕਰਨ, ਕੇਵਲ ਗੁਰਮਤਿ ਸਮਾਗਮ ਹੀ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਵਿਖੇ ਮਹਾਨ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ ਲਈ ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ ਸਿਖ ਇਤਿਹਾਸ ਦੀ ਮਹਿਮਾਂ ਨਾਲ ਸੰਗਤ ਨੂੰ ਜੋੜਨਗੇ ਤੇ 29 ਦਸੰਬਰ ਤੱਕ ਗੁਰਮਤਿ ਸਮਾਗਮ ਜਾਰੀ ਰਹਿਣਗੇ, 28 ਦਸੰਬਰ ਨੂੰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਨਗਰ ਕੀਰਤਨ ਹੋਵੇਗਾ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ, ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿਖ ਸੰਸਥਾਵਾਂ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਜਥੇ. ਜੱਸਾ ਸਿੰਘ ਆਹਲੂਵਾਲੀਆਂ, ਅਕਾਲੀ ਫੂਲਾ ਸਿੰਘ ਸ਼ਹੀਦ, ਬਾਬਾ ਦੀਪ ਸਿੰਘ ਸ਼ਹੀਦ ਦੇ ਇਤਿਹਾਸ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ।

The post ਨਿਹੰਗ ਸਿੰਘਾਂ ਵੱਲੋਂ ਭਲਕੇ ਸਜਾਇਆ ਜਾਵੇਗਾ ਮਹੱਲਾ: ਬਾਬਾ ਬਲਬੀਰ ਸਿੰਘ appeared first on punjabitribuneonline.com.



Source link