ਨਵੇਂ ਵਰ੍ਹੇ ’ਤੇ ਵੱਡੀ ਗਿਣਤੀ ਸੰਗਤ ਹਰਿਮੰਦਰ ਸਾਹਿਬ ਨਤਮਸਤਕ

ਨਵੇਂ ਵਰ੍ਹੇ ’ਤੇ ਵੱਡੀ ਗਿਣਤੀ ਸੰਗਤ ਹਰਿਮੰਦਰ ਸਾਹਿਬ ਨਤਮਸਤਕ


ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 1 ਜਨਵਰੀ
ਨਵੇਂ ਵਰ੍ਹੇ 2024 ਦੀ ਆਮਦ ਮੌਕੇ ਅੱਜ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਅਤੇ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਦਿਆਂ ਜੈਕਾਰੇ ਬੁਲਾਏ।
ਸ਼ਨਿਚਰਵਾਰ ਸਵੇਰ ਤੋਂ ਹੀ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ ਐਤਵਾਰ ਨੂੰ ਸ਼ਾਮ ਪੈਣ ਮਗਰੋਂ ਸੰਗਤ ਪਰਿਕਰਮਾ ਵਿੱਚ ਬੈਠਣੀ ਸ਼ੁਰੂ ਹੋ ਗਈ ਸੀ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹਰ ਪਾਸੇ ਵੱਡੀ ਗਿਣਤੀ ਸੰਗਤ ਮੌਜੂਦ ਸੀ। ਉਨ੍ਹਾਂ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਗੁਰੂ ਦੇ ਚਰਨਾਂ ਵਿੱਚ ਨਵੇਂ ਸਾਲ ਦਾ ਸਵਾਗਤ ਕੀਤਾ। ਹਰ ਪਾਸੇ ਸੰਗਤ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੀ ਦਿਖਾਈ ਦੇ ਰਹੀ ਸੀ। ਇਸ ਮਗਰੋਂ ਰਾਤ 12 ਵਜੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਗੂੰਜਣੇ ਸ਼ੁਰੂ ਹੋ ਗਏ ਅਤੇ ਦਰਬਾਰ ਸਾਹਿਬ ਦਾ ਸਾਰਾ ਕੰਪਲੈਕਸ ਤੇ ਬਾਹਰ ਮੌਜੂਦ ਸੰਗਤ ਇਸ ਵਿੱਚ ਸ਼ਾਮਲ ਹੋਈ।
ਜਿਹੜੀ ਸੰਗਤ ਦਰਬਾਰ ਸਾਹਿਬ ਦੇ ਅੰਦਰ ਨਹੀਂ ਪਹੁੰਚ ਸਕੀ, ਉਨ੍ਹਾਂ ਬਾਹਰ ਰਹਿ ਕੇ ਹੀ ਜੈਕਾਰਿਆਂ ਵਿੱਚ ਸ਼ਮੂਲੀਅਤ ਕੀਤੀ। ਸਾਲ ਦੇ ਪਹਿਲੇ ਦਿਨ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਸੰਗਤ ਨੇ ਕਈ ਘੰਟੇ ਕਤਾਰਾਂ ਵਿੱਚ ਖੜ੍ਹੇ ਹੋ ਕੇ ਇੰਤਜ਼ਾਰ ਕਰਨ ਮਗਰੋਂ ਮੱਥਾ ਟੇਕਿਆ। ਸਾਰੇ ਪਾਸੇ ਵੱਡੀ ਗਿਣਤੀ ਸੰਗਤ ਮੌਜੂਦ ਹੋਣ ਦੇ ਬਾਵਜੂਦ ਕਿਤੇ ਵੀ ਹਫੜਾ-ਦਫੜੀ ਵਾਲਾ ਮਾਹੌਲ ਦਿਖਾਈ ਨਹੀਂ ਦਿੱਤਾ। ਅੰਮ੍ਰਿਤਸਰ ਸ਼ਹਿਰ ਵਿੱਚ ਵੀ ਚਾਰੋਂ ਪਾਸੇ ਸ਼ਹਿਰ ਵਾਸੀਆਂ ਨੇ ਲੈਂਪ ਵਾਲੇ ਗੁਬਾਰੇ ਛੱਡ ਕੇ ਨਵੇਂ ਸਾਲ ਨੂੰ ਖੁਸ਼ਆਮਦੀਦ ਆਖਿਆ, ਜਿਸ ਨਾਲ ਇੱਕ ਵੇਲੇ ਸਾਰਾ ਅਸਮਾਨ ਤਾਰਿਆਂ ਵਾਂਗ ਟਿਮਟਿਮਾਉਣ ਲੱਗ ਪਿਆ।

The post ਨਵੇਂ ਵਰ੍ਹੇ ’ਤੇ ਵੱਡੀ ਗਿਣਤੀ ਸੰਗਤ ਹਰਿਮੰਦਰ ਸਾਹਿਬ ਨਤਮਸਤਕ appeared first on punjabitribuneonline.com.



Source link