ਸਤਵਿੰਦਰ ਬਸਰਾ
ਲੁਧਿਆਣਾ, 2 ਜਨਵਰੀ
ਟਰੱਕ, ਬੱਸ ਅਤੇ ਟੈਕਸੀ ਡਰਾਈਵਰਾਂ ਦੀ ਹੜਤਾਲ ਕਾਰਨ ਚੜ੍ਹਦੇ ਸਾਲ ਹੀ ਸਨਅਤੀ ਸ਼ਹਿਰ ’ਚ ਹਾਹਾਕਾਰ ਮਚ ਗਈ। ਲੋਕ ਸਾਲ ਦੀ ਪਹਿਲੀ ਰਾਤ ਤੋਂ ਹੀ ਪੈਟਰੋਲ ਪੰਪਾਂ ਅੱਗੇ ਲਾਈਨਾਂ ਵਿੱਚ ਖੜ੍ਹੇ ਹੋਣ ਲਈ ਮਜਬੂਰ ਹੋ ਗਏ ਹਨ। ਅੱਜ ਮੰਗਲਵਾਰ ਵੀ ਸਾਰਾ ਦਿਨ ਲੋਕ ਪੈਟਰੋਲ ਅਤੇ ਡੀਜ਼ਲ ਲਈ ਪੈਟਰੋਲ ਪੰਪਾਂ ਅੱਗੇ ਖੜ੍ਹੇ ਰਹੇ। ਸ਼ਹਿਰ ਦੇ 70 ਤੋਂ 80 ਫੀਸਦੀ ਪੈਟਰੋਲ ਪੰਪ ਪੂਰੀ ਤਰ੍ਹਾਂ ‘ਡਰਾਈ’ ਹੋ ਚੁੱਕੇ ਹਨ। ਤੇਲ ਨਾ ਮਿਲਣ ਕਰਕੇ ਸ਼ਹਿਰ ਦੀਆਂ ਸੜਕਾਂ ’ਤੇ ਗੱਡੀਆਂ ਦੀ ਆਵਾਜਾਈ ਵੀ ਨਾ-ਮਾਤਰ ਹੀ ਰਹਿ ਗਈ ਹੈ। ਕੇਂਦਰ ਵੱਲੋਂ ਧਾਰਾ 104 ਵਿੱਚ ਸੋਧ ਕਰਕੇ ਧਾਰਾ 104-ਏ ਤਹਿਤ ਲਿਆਂਦੇ ਜਾ ਰਹੇ ਨਵੇਂ ਕਾਨੂੰਨ ‘ਹਿੱਟ ਐਂਡ ਰਨ’ ਦੇ ਵਿਰੋਧ ਵਿੱਚ ਬੱਸ, ਟਰੱਕ ਅਤੇ ਟੈਕਸੀ ਡਰਾਈਵਰਾਂ ਵੱਲੋਂ ਹੜਤਾਲ ਕਰਕੇ ਸਰਕਾਰ ਤੋਂ ਆਪਣਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਫੈਸਲੇ ਵਿਰੁੱਧ ਸਮੂਹ ਡਰਾਈਵਰਾਂ ਵੱਲੋਂ ਸ਼ੁਰੂ ਕੀਤੀ ਹੜਤਾਲ ਦੇ ਅੱਜ ਦੂਜੇ ਦਿਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਲੋਕਾਂ ਨੂੰ ਪੈਟਰੋਲ ਪੰਪਾਂ ਅੱਗੇ ਕਈ ਕਈ ਘੰਟੇ ਖੜ੍ਹੇ ਹੋਣ ਤੋਂ ਬਾਅਦ ਵੀ ਪੈਟਰੋਲ/ਡੀਜ਼ਲ ਨਹੀਂ ਮਿਲ ਰਿਹਾ। ਜਿਨਾਂ ਕੁਝ ਕੁ ਪੈਟਰੋਲ ਪੰਪਾਂ ’ਤੇ ਤੇਲ ਸੀ, ਉਹ ਵੀ ਦੁਪਹਿਰ ਤੋਂ ਬਾਅਦ ਖਤਮ ਹੋ ਗਿਆ। ਸੂਤਰਾਂ ਅਨੁਸਾਰ ਸ਼ਹਿਰ ਦੇ 80 ਫੀਸਦੀ ਪੈਟਰੋਲ ਪੰਪ ਪੂਰੀ ਤਰ੍ਹਾਂ ਡਰਾਈ ਹੋ ਗਏ ਹਨ। ਤੇਲ ਨਾ ਮਿਲਣ ਕਰਕੇ ਸੜਕ ’ਤੇ ਵਾਹਨਾਂ ਦੀ ਆਵਾਜਾਈ ਵੀ ਨਾ-ਮਾਤਰ ਰਹਿ ਗਈ ਹੈ। ਰੋਜ਼ਾਨਾ ਆਪਣੇ ਕੰਮਾਂ ’ਤੇ ਜਾਣ ਲਈ ਬੱਸਾਂ, ਪ੍ਰਾਈਵੇਟ ਗੱਡੀਆਂ, ਆਟੋ ਰਿਕਸ਼ਿਆਂ ਅਤੇ ਹੋਰ ਵਾਹਨਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਅਤੇ ਡਰਾਈਵਰ ਜਥੇਬੰਦੀਆਂ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਨਾ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਚਾਹੀਦਾ ਹੈ।
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਜਪਾ ਸਰਕਾਰ ਵੱਲੋਂ ਨਵੇਂ ਬਣਾਏ ‘ਹਿੱਟ ਐਂਡ ਰਨ’ ਕਾਨੂੰਨ ਦੇ ਵਿਰੋਧ ਵਿੱਚ ਟਰੱਕ ਡਰਾਈਵਰਾਂ ਵੱਲੋਂ ਹੜਤਾਲ ’ਤੇ ਚਲੇ ਜਾਣ ਕਾਰਨ ਪੈਟਰੋਲ ਪੰਪਾਂ ਉੱਪਰ ਡੀਜ਼ਲ ਤੇ ਪੈਟਰੋਲ ਭਰਾਉਣ ਵਾਲਿਆਂ ਦਾ ਹੜਕੰਪ ਮੱਚਿਆ, ਜਿੱਥੇ ਲੋਕੀਂ ਤੇਲ ਪਵਾਉਣ ਲਈ ਇੱਕ ਦੂਜੇ ਤੋਂ ਪਹਿਲਾਂ ਤਰਲੋਮੱਛੀ ਹੁੰਦੇ ਵੇਖੇ ਗਏ। ਜਿਉਂ ਹੀ ਲੋਕਾਂ ਨੂੰ ਡਰਾਈਵਰਾਂ ਦੀ ਹੜਤਾਲ ਦਾ ਪਤਾ ਲੱਗਾ ਤਾਂ ਲੋਕ ਟਰੈਕਟਰਾਂ ਤੇ ਢੋਲ ਲੱਦ ਡੀਜ਼ਲ ਲੈਣ, ਮੋਟਰਸਾਇਕਲ ਵਾਲੇ ਪੀਪੀਆਂ, ਬੋਤਲਾਂ, ਬਾਲਟੀਆਂ ਭਰਵਾਉਣ ਲਈ ਲੋਕ ਵੱਡੀਆਂ ਵੱਡੀਆਂ ਲਾਈਨਾਂ ਵਿੱਚ ਧੱਕਾ ਮੁੱਕੀ ਹੁੰਦੇ ਵੇਖੇ ਗਏ।
ਸਮਰਾਲਾ (ਪੱਤਰ ਪ੍ਰੇਰਕ): ਟਰੱਕ ਡਰਾਈਵਰਾਂ ਵੱਲੋਂ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਅੱਜ ਸਵੇਰ ਤੋਂ ਹੀ ਤੇਲ ਲੈਣ ਵਾਲਿਆਂ ਦੀਆਂ ਪੈਟਰੋਲ ਪੰਪਾਂ ’ਤੇ ਲੰਬੀਆਂ ਲਾਈਨਾਂ ਲੱਗਣੀਆ ਸ਼ੁਰੂ ਹੋ ਗਈਆਂ ਹਨ। ਤੇਲ ਦੀ ਸਪਲਾਈ ਲਈ ਟੈਂਕਰ ਡਰਾਈਵਰਾਂ ਦੀ ਹੜਤਾਲ ਕਾਰਨ ਇਕ ਦਮ ਤੇਲ ਭਰਵਾਉਣ ਦੀ ਹੋੜ ਵਿੱਚ ਪੰਪ ਡਰਾਈ ਹੋਣ ਦੀ ਸਥਿਤੀ ਨੂੰ ਭਾਪਦਿਆਂ ਪੈਟਰੋਲ ਪੰਪਾਂ ਦੇ ਸਟਾਫ ਵਲੋਂ ਅਪਣੇ ਪੱਧਰ ’ਤੇ ਹੀ ਤੇਲ ਦੀ ਰਾਸ਼ਨਿੰਗ ਸ਼ੁਰੂ ਕਰ ਦਿੱਤੀ ਗਈ ਜਿਸ ਅਨੁਸਾਰ ਦੋਪਹੀਆ ਵਾਹਨ ਲਈ ਦੋ ਲਿਟਰ ਅਤੇ ਚਾਰ ਪਹੀਆ ਵਾਹਨ ਲਈ ਚਾਰ ਲਿਟਰ ਤੇਲ ਹੀ ਦਿੱਤਾ ਜਾ ਰਿਹਾ ਸੀ।
ਪੈਟਰੋਲ ਪੰਪਾਂ ’ਤੇ ਲੱਗੀਆਂ ਲੋਕਾਂ ਦੀਆਂ ਲੰਮੀਆਂ ਕਤਾਰਾਂ
ਮਾਛੀਵਾੜਾ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਸੜਕ ਦੁਰਘਟਨਾਵਾਂ ਬਾਰੇ ਬਣਾਏ ਗਏ ਨਵੇਂ ਕਾਨੂੰਨਾਂ ਵਿਰੁੱਧ ਟਰੱਕ ਚਾਲਕਾਂ ਵੱਲੋਂ ਪਹਿਲੀ ਜਨਵਰੀ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ ਜਿਸ ਕਾਰਨ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੁੰਦਾ ਦਿਖਾਈ ਦੇ ਰਿਹਾ ਹੈ। ਟਰੱਕਾਂ ਦੀ ਹੜਤਾਲ ਕਾਰਨ ਸਭ ਤੋਂ ਪਹਿਲਾਂ ਪੈਟਰੋਲ ਪੰਪਾਂ ’ਤੇ ਇਸ ਦਾ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਪਿੱਛੋਂ ਤੇਲ ਦੀ ਸਪਲਾਈ ਨਾ ਆਉਣ ਕਾਰਨ ਇਹ ਪੰਪ ਡ੍ਰਾਈ ਹੋ ਰਹੇ ਹਨ ਅਤੇ ਲੋਕਾਂ ਵਿਚ ਡੀਜ਼ਲ, ਪੈਟਰੋਲ ਲੈਣ ਲਈ ਹਾਹਾਕਾਰ ਮਚੀ ਦਿਖਾਈ ਦਿੱਤੇ। ਅੱਜ ਮਾਛੀਵਾੜਾ ਇਲਾਕੇ ਦੇ ਪੈਟਰੋਲ ਪੰਪਾਂ ’ਤੇ ਸਵੇਰ ਤੋਂ ਹੀ ਲੋਕਾਂ ਦੀ ਡੀਜ਼ਲ, ਪੈਟਰੋਲ ਲੈਣ ਲਈ ਭੀੜ ਜੁਟ ਗਈ ਜੋ ਕਿ ਸਮੇਂ ਦੇ ਨਾਲ-ਨਾਲ ਵਧਦੀ ਗਈ ਅਤੇ ਲੋਕ ਆਪਸ ਵਿਚ ਬਹਿਸਦੇ ਵੀ ਦੇਖਣ ਨੂੰ ਮਿਲੇ। ਹੋਰ ਤਾਂ ਹੋਰ ਪੰਪਾਂ ’ਤੇ ਲੱਗੀਆਂ ਲੰਬੀਆਂ ਕਤਾਰਾਂ ਕਾਰਨ ਸੜਕਾਂ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਕਈ ਥਾਵਾਂ ’ਤੇ ਜਾਮ ਵਰਗੀ ਸਥਿਤੀ ਬਣੀ ਦਿਖਾਈ ਦਿੱਤੇ।
The post ਡਰਾਈਵਰਾਂ ਦੀ ਹੜਤਾਲ ਨੇ ਪੈਟਰੋਲ ਪੰਪ ‘ਡਰਾਈ’ ਕੀਤੇ appeared first on punjabitribuneonline.com.