ਪ੍ਰਭੂ ਦਿਆਲ
ਸਿਰਸਾ, 5 ਜਨਵਰੀ
ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕਰ ਰਹੇ ਡਰਾਈਵਰਾਂ ਨੇ ਨੈਸ਼ਨਲ ਹਾਈ ਵੇਅ ਨੌਂ ’ਤੇ ਸਥਿਤ ਭਾਵਦੀਨ ਟੌਲ ਪਲਾਜ਼ਾ ਨੂੰ ਪਰਚੀ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਡਰਾਈਵਰਾਂ ਨੂੰ ਡੱਕ ਲਿਆ। ਮਗਰੋਂ ਡਰਾਈਵਰਾਂ ਨੇ ਟੌਲ ਪਲਾਜ਼ਾ ’ਤੇ ਪੱਕਾ ਮੋਰਚਾ ਦੇ ਤਹਿਤ ਧਰਨਾ ਸ਼ੁਰੂ ਕਰ ਦਿੱਤਾ ਹੈ। ਡਰਾਈਵਰਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਹਿੱਟ ਐਂਡ ਰਨ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਜਾਵੇਗਾ, ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ’ਤੇ ਟਰੱਕ ਡਰਾਈਵਰ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਨੇ ਕਿਹਾ ਕਿ ਹਿੱਟ ਐਂਡ ਰਨ ਬਿੱਲ ਨੂੰ ਸੰਸਦ ਵਿੱਚ ਬਿਨ੍ਹਾਂ ਬਹਿਸ ਪਾਸ ਕੀਤਾ ਗਿਆ ਹੈ। ਇਸ ਕਾਨੂੰਨ ਬਾਰੇ ਨਾ ਤਾਂ ਵਿਰੋਧ ਧਿਰ ਦੇ ਨੇਤਾਵਾਂ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਗਿਆ ਤੇ ਨਾ ਹੀ ਡਰਾਈਵਰਾਂ ਤੇ ਟਰਾਂਸਪੋਰਟਰਾਂ ਨਾਲ। ਇਹ ਕਾਨੂੰਨ ਦੋਵਾਂ ਸਦਨਾਂ ਚੋਂ ਪਾਸ ਹੋ ਚੁੱਕਿਆ ਹੈ ਤੇ ਰਾਸ਼ਟਰਪਤੀ ਨੇ ਵੀ ਇਸ ’ਤੇ ਦਸਤਖਤ ਕਰ ਦਿੱਤੇ ਹਨ।
ਸਰਕਾਰ ਹੁਣ ਬਹਾਨੇ ਬਣਾ ਰਹੀ ਹੈ ਕਿ ਫਿਲਹਾਲ ਇਸ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਡਰਾਈਵਰਾਂ ਨੂੰ ਇਸ ਕਾਨੂੰਨ ਨੂੰ ਲਾਗੂ ਨਾ ਕਰਨ ਬਾਰੇ ਕੇਂਦਰ ਸਰਕਾਰ ਵੱਲੋਂ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਡਰਾਈਵਰ ਇਸ ਕਾਨੂੰਨ ਦਾ ਵਿਰੋਧ ਕਰਦੇ ਰਹਿਣਗੇ। ਇਸ ਤੋਂ ਪਹਿਲਾਂ ਡਰਾਈਵਰਾਂ ਨੇ ਟੌਲ ਪਲਾਜ਼ੇ ਨੂੰ ਪਰਚੀ ਮੁਕਤ ਕਰਨ ਦਾ ਐਲਾਨ ਕੀਤਾ ਪਰ ਪੁਲੀਸ ਨੇ ਡਰਾਈਵਰਾਂ ਨੂੰ ਟੌਲ ਪਲਾਜ਼ਾ ਪਰਚੀ ਮੁਕਤ ਨਹੀਂ ਕਰਨ ਦਿੱਤਾ ਤੇ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਲਿਆ, ਜਿਸ ਮਗਰੋਂ ਡਰਾਈਵਰਾਂ ਨੇ ਟੌਲ ਪਲਾਜ਼ੇ ’ਤੇ ਪੱਕਾ ਮੋਰਚਾ ਲਾ ਦਿੱਤਾ ਹੈ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਡਰਾਈਵਰ ਤੇ ਟਰਾਂਸਪੋਰਟਰ ਮੌਜੂਦ ਸਨ।
The post ਸਿਰਸਾ: ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਡਰਾਈਵਰਾਂ ਨੇ ਭਾਵਦੀਨ ਟੌਲ ਪਲਾਜ਼ੇ ’ਤੇ ਪੱਕਾ ਮੋਰਚਾ ਲਾਇਆ appeared first on punjabitribuneonline.com.