ਬਲਵੰਤ ਫ਼ਰਵਾਲ਼ੀ
ਕਥਾ ਪ੍ਰਵਾਹ
ਸਰਦੀਆਂ ਦੀ ਨਿੱਘੀ ਜਿਹੀ ਧੁੱਪ। ਪਿੰਡ ਦੇ ਬਾਹਰਵਾਰ ਹਰਿਆਲੀ ਦਾ ਨਮੂਨਾ ਪੇਸ਼ ਕਰਦਾ ਬਾਬੇ ਦਾ ਡੇਰਾ। ਜਿਹੜਾ ਵਰਤਮਾਨ ਦੀ ਨਬਜ਼ ਫੜ ਕੇ ਲੋਕਾਂ ਦਾ ਨਹੀਂ ਸਗੋਂ ਆਪਣਾ ਭਵਿੱਖ ਸਿਰਜਦਾ ਸੀ। ਅੱਜ ਡੇਰੇੇ ਦੇ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਸਨ। ਲੋਕ ਕੱਚੀ ਪਹੀ ਤੋਂ ਦੀ ਧੂੜਾਂ ਪੁੱਟਦੇ ਡੇਰੇ ਨੂੰ ਜਾ ਰਹੇ ਸਨ। ਹੈਰਾਨੀ ਦੀ ਗੱਲ ਇਹ ਸੀ ਕਿ ਪੜ੍ਹੇ ਲਿਖੇ ਲੋਕ ਵੀ ਲੱਖਾਂ ਦੀਆਂ ਗੱਡੀਆਂ ’ਤੇ ਹੁੰਮ-ਹੁਮਾ ਕੇ ਪੁੱਜ ਰਹੇ ਸਨ। ਸਰਕਾਰ ਨੇ ਵੀ ਇਸ ਹਲਕੇ ਵਿੱਚ ਛੁੱਟੀ ਕੀਤੀ ਹੋਈ ਸੀ ਕਿਉਂਕਿ ਬਾਬੇ ਫੁੰਮਣ ਦਾਸ ਦਾ ਸਰਕਾਰ ਬਣਾਉਣ ਵਿੱਚ ਹਲਕੇ ਲਈ ਅਹਿਮ ਯੋਗਦਾਨ ਰਿਹਾ ਸੀ। ਸਰਕਾਰ ਦਾ ਕੋਈ ਖ਼ਾਸ ਨੁਮਾਇੰਦਾ ਵੀ ਇਸ ਸਥਾਨ ’ਤੇ ਅੱਜ ਪੁੱਜ ਰਿਹਾ ਸੀ ਕਿਉਂਕਿ ਧੂੜ ਪੁੱਟਦੀ ਦੋ ਕਿਲੋਮੀਟਰ ਦੀ ਪਹੀ ਨੂੰ ਸੜਕ ਬਣਾਉਣ ਦਾ ਐਲਾਨ ਜੋ ਕਰਨਾ ਸੀ। ਪਿੰਡ ਦੇ ਸਕੂਲ ਨੂੰ ਜਾਂਦੀ ਸੜਕ ਮੀਂਹ ਦੇ ਦਿਨਾਂ ਵਿੱਚ ਟੋਭਾ ਬਣ ਜਾਂਦੀ ਸੀ ਪਰ ਅੱਜ ਬਾਬੇ ਦੀ ਕੱਚੀ ਪਹੀ ਜੀਹਨੇ ਸੜਕ ਬਣ ਜਾਣਾ ਸੀ ਉਹ ਸਕੂਲ ਦੀ ਪੱਕੀ ਟੁੱਟੀ ਸੜਕ ਦਾ ਮਖੌਲ ਉਡਾਉਂਦੀ ਨਜ਼ਰ ਆ ਰਹੀ ਸੀ।
ਬਾਬਾ ਫੁੰਮਣ ਦਾਸ ਡੇਰੇ ਵਿੱਚ ਸਮਾਧੀ ਲਾਈ ਬੈਠਾ ਸੀ। ਬਾਬੇ ਦੇ ਬੈਠਣ ਵਾਲੀ ਚੌਂਕੀ ਦੀ ਪਿਛਲੀ ਕੰਧ ਦੇ ਕੰਸਾਂ ’ਤੇ ਨਿੱਕੇ-ਵੱਡੇ ਬਣਾਉਟੀ ਜਹਾਜ਼ਾਂ ਦੀਆਂ ਕਤਾਰਾਂ ਲੱਗੀਆਂ ਪਈਆਂ ਸਨ ਅਤੇ ਨਾਲ ਹੀ ਨਿੱਕੇ-ਵੱਡੇ ਫਰੇਮਾਂ ਵਿੱਚ ਨਵੇਂ ਜੰਮੇ ਬੱਚਿਆਂ ਦੀਆਂ ਤਸਵੀਰਾਂ ਸਜੀਆਂ ਹੋਈਆਂ ਸਨ। ਇਹ ਦੇਖ ਕੇ ਲੱਗਦਾ ਸੀ ਜਿਵੇਂ ਬਾਬਾ ਵੀਜ਼ਿਆਂ ਅਤੇ ਬੱਚਿਆਂ ਦਾ ਮਾਹਰ ਹੋਵੇ। ਬਾਬੇ ਦੀ ਲੱਤ ਕੋਲ ਪਿਆ ਮੋਰਾਂ ਦੇ ਖੰਭਾਂ ਦਾ ਬਣਿਆ ਝਾੜਨਾ ਇਹ ਦਰਸਾਉਂਦਾ ਸੀ ਕਿ ਬਾਬਾ ਸਮੇਂ ਦੀਆਂ ਹਵਾਵਾਂ ਦਾ ਰੁਖ਼ ਵੀ ਆਪਣੇ ਮੁਤਾਬਿਕ ਬਦਲਣ ਦੀ ਸਮਰੱਥਾ ਰੱਖਦਾ ਹੈ।
ਸੰਗਤਾਂ ਉਸ ਦੇ ਸਾਹਮਣੇ ਹੱਥੀ ਜੋੜੀ ਬੈਠੀਆਂ ਸਨ। ਉਹ ਸ਼ਰਧਾ ਵਿੱਚ ਇੰਝ ਹੈਰਾਨ ਹੋ ਰਹੀਆਂ ਸਨ ਜਿਵੇਂ ਕੋਈ ਗੈਬੀ ਸ਼ਕਤੀ ਉਨ੍ਹਾਂ ਦੇ ਹੱਥ ਲੱਗ ਗਈ ਹੋਵੇ। ਉਨ੍ਹਾਂ ਦੀਆਂ ਧੜਕਣਾਂ ਬਾਬੇ ਦੇ ਵੈਰਾਗ ਵਿੱਚ ਵਾਹੋ-ਦਾਹੀ ਧੜਕ ਰਹੀਆਂ ਸਨ। ਸੰਗਤਾਂ ਵਿੱਚ ਬਹੁਤੀਆਂ ਸ਼ਰਧਾਲੂ ਬੀਬੀਆਂ ਹੀ ਨਜ਼ਰ ਆ ਰਹੀਆਂ ਸਨ ਜੋ ਬਾਬੇ ਦੀਆਂ ਤਪੱਸਵੀ ਅੱਖਾਂ ਨਾਲ ਅੱਖਾਂ ਮਿਲਾਉਣ ਦਾ ਯਤਨ ਕਰ ਰਹੀਆਂ ਸਨ। ਜਿਨ੍ਹਾਂ ਦੀਆਂ ਨਜ਼ਰਾਂ ਬਾਬੇ ਦੀਆਂ ਨਜ਼ਰਾਂ ਨਾਲ ਮਿਲ ਜਾਂਦੀਆਂ ਉਹ ਆਪਣੇ ਆਪ ਨੂੰ ਧੰਨ ਹੋਇਆ ਮਹਿਸੂਸ ਕਰਦੀਆਂ ਤੇ ਬਾਬਾ ਵੀ ਬੀਬੀਆਂ ਨੂੰ ਚੁਣ-ਚੁਣ ਕੇ ਨਿਹਾਲ ਕਰ ਰਿਹਾ ਸੀ।
ਸ਼ਬਦ ਗੁਰੂ ਦੇ ਸ਼ਬਦਾਂ ਦੇ ਆਸਰੇ ਹੀ ਬਾਬਾ ਲੋਕਾਂ ਨੂੰ ਨਿਸ਼ਬਦ ਕਰ ਰਿਹਾ ਸੀ। ਖ਼ੈਰ…! ਬਾਬਾ ਕਦੇ-ਕਦੇ ਰੱਬੀ ਵੈਰਾਗ ਵਿੱਚ ਫੁੰਕਾਰਾ ਜਿਹਾ ਮਾਰਦਾ ਅਤੇ ਮੁੱਠੀਆਂ ਭਰ-ਭਰ ਸੰਗਤਾਂ ਵੱਲ ਵਗ੍ਹਾਉਣ ਲੱਗ ਜਾਂਦਾ। ਸੰਗਤਾਂ ਮਹਿਸੂਸ ਕਰਦੀਆਂ ਜਿਵੇਂ ਕੋਈ ਰੱਬੀ ਵਰਦਾਨ ਉਨ੍ਹਾਂ ਦੀ ਝੋਲ਼ੀ ਪਾ ਰਿਹਾ ਹੋਵੇ।
ਇਨ੍ਹਾਂ ਵਿਚਕਾਰ ਹੀ ਸੋਹਣੇ ਸਮਾਜ ਦੀ ਸਿਰਜਣਾ ਦਾ ਸੁਪਨਾ ਵੇਖਣ ਵਾਲਾ ਕਾਮਰੇਡ ਗੁਰਮੀਤ ਸਿੰਘ ਮਜਬੂਰੀਵੱਸ ਬੈਠਾ ਸੀ, ਪਰ ਇੱਥੇ ਬੈਠਾ ਉਹ ਇਲਾਕੇ ਦੇ ਲੋਕਾਂ ਨੂੰ ਬਾਬੇ ਦਾ ਚੇਲਾ ਹੋਣ ਦਾ ਭੁਲੇਖਾ ਪਾਉਂਦਾ ਸੀ। ਜੋ ਵੀ ਉਸ ਨੂੰ ਜਾਣਨ ਵਾਲਾ ਆਉਂਦਾ, ਉਸ ਨੂੰ ਦੇਖ ਕੇ ਤਸੱਲੀ ਜਿਹੀ ਪ੍ਰਗਟਾਉਂਦਾ ਬਈ ਜੇ ਗੁਰਮੀਤ ਕਾਮਰੇਡ ਇੱਥੇ ਬੈਠਾ ਤਾਂ ਬਾਬਾ ਜ਼ਰੂਰ ਕਰਨੀ ਵਾਲਾ ਹੀ ਹੋਵੇਗਾ। ਪਰ ਗੁਰਮੀਤ ਜਦੋਂ ਬਾਬੇ ਦੀਆਂ ਬੇਥਵੀਆਂ ਜਿਹੀਆਂ ਗੱਲਾਂ ਸੁਣਦਾ ਤਾਂ ਉਸ ਨੂੰ ਸਮਾਜ ਦੇ ਅੰਨ੍ਹੇਪਣ ’ਤੇ ਤਰਸ ਜਿਹਾ ਆਉਂਦਾ। ਜਦੋਂ ਉਹ ਖ਼ੁਦ ਨੂੰ ਵੀ ਬਾਬੇ ਦੇ ਚਰਨੀਂ ਲੱਗਿਆ ਦੇਖਦਾ ਤਾਂ ਉਸ ਨੂੰ ਘੁਮੇਟਣੀ ਜਿਹੀ ਆ ਜਾਂਦੀ। ਉਸ ਨੂੰ ਵਾਰ-ਵਾਰ ਆਪਣੇ ਆਪ ’ਤੇ ਖਿਝ ਜਿਹੀ ਆ ਰਹੀ ਸੀ। ਉਹ ਸੋਚਦਾ-ਸੋਚਦਾ ਅਤੀਤ ਦੇ ਉਸ ਦਰੱਖਤ ਹੇਠ ਪਹੁੰਚ ਗਿਆ ਜਿਸ ਦੇ ਪੱਤੇ-ਪੱਤੇ ’ਤੇ ਉਸ ਦੇ ਆਪਣੇ ਵਿਚਾਰ ਉੱਕਰੇ ਹੋਏ ਸਨ। ਉਹ ਉਨ੍ਹਾਂ ਹਵਾਵਾਂ ਵਿੱਚ ਪੁੱਜ ਗਿਆ ਜਿਹੜੀਆਂ ਉਸ ਦੀ ਨਿੱਗਰ ਸੋਚ ਨਾਲ ਨਿੱਸਰੀਆਂ-ਨਿੱਸਰੀਆਂ ਜਾਪਦੀਆਂ ਸਨ।
ਯੂਨੀਵਰਸਿਟੀ ਕੈਂਪਸ ਵਿੱਚ ਯੂਨੀਵਰਸਿਟੀ ਦੇ ਬਹੁਤੇ ਵਿਦਿਆਰਥੀ ਉਸ ਦੇ ਚੇਲੇ ਹੀ ਸਨ। ਹਰ ਕੋਈ ਉਸ ਦੇ ਵਿਚਾਰਾਂ ਦੀ ਕਦਰ ਕਰਦਾ ਸੀ। ਉਹ ਸਟੇਜ ਦੇ ਅਖਾੜੇ ਦਾ ਮੱਲ ਹੋਇਆ ਕਰਦਾ ਸੀ। ਉਹ ਜ਼ਿੰਦਗੀ ਨੂੰ ਫੜ-ਫੜ ਕੇ, ਟੋਹ-ਟੋਹ ਕੇ ਜਿਉਣ ਵਾਲਾ ਅਤੇ ਮਾਰਕਸ ਲੈਨਿਨ ਵਰਗੀਆਂ ਸ਼ਖ਼ਸੀਅਤਾਂ ਦਾ ਸਾਬਤ ਸਬੂਤਾ ਪਰਛਾਵਾਂ ਜਾਪਦਾ ਸੀ। ਮਾਰਕਸੀ ਲੀਹਾਂ ’ਤੇ ਚੱਲ ਕੇ ਉਹ ਸਭ ਲੋਕਾਂ ਨੂੰ ਸਮ ਦੇਖਣ ਦਾ ਸੁਪਨਾ ਸਜਾਈ ਬੈਠਾ ਸੀ।
ਉਸ ਦੀ ਤਕਰੀਰ ਹਰ ਵਰਗ ਤੇ ਉਮਰ ਦੇ ਲੋਕਾਂ ਨੂੰ ਟੁੰਬ ਕੇ ਰੱਖ ਦਿੰਦੀ ਸੀ। ਛੋਟੀ ਉਮਰ ਵਿੱਚ ਹੀ ਉਸ ਦੀਆਂ ਦਲੀਲਾਂ ਵਿਚਲੀ ਪਕਿਆਈ ਉਸ ਦੇ ਸੁਨਹਿਰੀ ਭਵਿੱਖ ਦੇ ਆਸਾਰ ਦਰਸਾਉਂਦੀ ਸੀ। ਉਹ ਦਲੀਲਾਂ ਦਿੰਦਿਆਂ ਆਖਦਾ, ‘‘ਦੋਸਤੋ! ਜ਼ਿੰਦਗੀ ਢਿੱਡ ਭਰਨ ਦਾ ਹੀ ਨਾਂ ਨਹੀਂ ਹੈ ਸਗੋਂ ਸਾਡੇ ਅਨੇਕਾਂ ਫਰਜ਼ ਨੇ… ਸਮੇਂ ਦੀ ਜਿਸ ਦਹਿਲੀਜ਼ ’ਤੇ ਤੁਸੀਂ ਖੜ੍ਹੇ ਹੋ ਉਹ ਕੁਰਬਾਨੀ ਮੰਗਦੀ ਏ… ਧਾਰਮਿਕ ਦੇ ਨਾਲ-ਨਾਲ ਭਾਵਨਾਤਮਕ ਹੋਣਾ ਵੀ ਜ਼ਰੂਰੀ ਆ… ਮਹਿਲਾਂ ਵੱਲ ਹੀ ਨਾ ਤੱਕੀ ਜਾਓ… ਝੁੱਗੀਆਂ ਵਿੱਚ ਵੀ ਝਾਤੀ ਮਾਰੋ ਜਿੱਥੇ ਕੀੜੀਆਂ ਵਾਂਗ ਰੀਂਗਦੀਆਂ ਜਿੰਦਾਂ ਤੁਹਾਡੇ ’ਤੇ ਉਮੀਦ ਲਾਈ ਬੈਠੀਆਂ ਨੇ… ਜਿਨ੍ਹਾਂ ਨੇ ਸਹੀ ਮਾਅਨਿਆਂ ਵਿੱਚ ਸਦੀਆਂ ਤੋਂ ਬਲ਼ਦਾ ਸੂਰਜ ਵੀ ਨਹੀਂ ਤੱਕਿਆ… ਉਨ੍ਹਾਂ ਦਾ ਸੂਰਜ ਤਾਂ ਅੱਜ ਵੀ ਸਾਰਥਿਕ ਸਿੱਖਿਆ ਬਾਝੋਂ ਆਟੇ ਦਾਲ ਸਕੀਮਾਂ ਵਿੱਚ ਹੀ ਪਲ਼ਮਿਆ ਪਿਆ… ਪਰ ਉਹ ਬੋਤੇ ਦੇ ਬੁੱਲ੍ਹ ਦੇ ਡਿੱਗਣ ਦੀ ਝੂਠੀ ਆਸ ਲਗਾਈ ਬੈਠੇ ਨੇ… ਦੋਸਤੋ! ਕਾਮਰੇਡਾਂ ਨੂੰ ਅਵਾਮ ਤੋਂ ਅਲੱਗ ਕਰਨ ਦੇ ਯਤਨਾਂ ਦਾ ਅਰਥ ਹੈ ਕਿ ਲੋਕਾਂ ਨੂੰ ਸੱਚ ਤੋਂ ਦੂਰ ਕਰਨਾ। ਇਸ ਲਈ ਇਖਲਾਕੀ ਸੋਚ ਨੂੰ ਜ਼ਿੰਦਾ ਰੱਖੋ ਤੇ ਭਵਿੱਖ ਨੂੰ ਸਿਰਜਣਾ ਤੇ ਸਾਂਭਣਾ ਸਿੱਖੋ।’’
ਉਸ ਦੇ ਇਨ੍ਹਾਂ ਵਿਚਾਰਾਂ ਨੇ ਸੂਝਵਾਨ ਲੋਕਾਂ ਵਿੱਚ ਚਿਣਗ ਲਗਾ ਦਿੱਤੀ ਸੀ। ਉਸ ਨੇ ਸਮਾਜ ਦੀ ਉਸਾਰੀ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ। ਉਹ ਅਗਾਂਹਵਧੂ ਵਿਚਾਰਾਂ ਦੀ ਸਾਣ ’ਤੇ ਭਵਿੱਖ ਨੂੰ ਪੱਕੇ ਕਰਨਾ ਲੋਚਦਾ ਸੀ। ਯੂਨੀਵਰਸਿਟੀ ਵਿੱਚ ਸਜਾਏ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ ਕਰਦਾ ਗੁਰਮੀਤ ਪੜ੍ਹਾਈ ਮੁਕੰਮਲ ਕਰ ਕੇ ਆਪਣੇ ਪਿੰਡ ਪਰਤ ਆਇਆ ਸੀ ਤੇ ਉਸ ਨੇ ਸਮਾਜ ਸੁਧਾਰਕ ਕੰਮ ਵੀ ਜਾਰੀ ਰੱਖੇ। ਉਹ ਪੜ੍ਹਾਈ ਨੂੰ ਹੀ ਮਨੁੱਖੀ ਵਿਕਾਸ ਦਾ ਦਰਵਾਜ਼ਾ ਦੱਸਦਾ ਸੀ। ਉਸ ਨੇ ਪਿੰਡ ਤੇ ਸਮਾਜ ਦੀ ਸਿਰਜਣਾ ਹਿਤ ਨਵੇਂ ਨੌਜਵਾਨਾਂ ਨੂੰ ਵੀ ਆਪਣੇ ਨਾਲ ਜੋੜ ਕੇ ਕਾਫ਼ਲਾ ਬਣਾ ਲਿਆ ਸੀ।
ਉਹ ਲੋਕਾਂ ਨੂੰ ਸਮਝਾਉਂਦਾ ਰਹਿੰਦਾ, ਪਰ ਉਸ ਦੇ ਅਨਪੜ੍ਹ ਮਾਂ-ਬਾਪ ਉਸ ਨੂੰ ਸਮਝਾਉਂਦੇ ਰਹਿੰਦੇ। ਉਸ ਦੀ ਮਾਤਾ ਉਸ ਨੂੰ ਸਮਝਾਉਂਦੀ ਹੋਈ ਬੋਲੀ, ‘‘ਪੁੱਤ! … ਤੂੰ ਕੋਈ ਕੌਤਕੀ ਤਾਂ ਹੈ ਨੀ ਜੋ ਫੂਕ ਮਾਰ ਕੇ ਲੋਕਾਂ ਦਾ ਸੁਧਾਰ ਕਰ ਲਵੇਂਗਾ? ਵੇ ਪੁੱਤ! ਦੱਸ …’ਕੱਲਾ ਚਨਾ ਕੀ ਪਹਾੜ ਤੋੜੇਗਾ?’’
‘‘ਬੇਬੇ! ਤੁਸੀਂ ਹੀ ਤਾਂ ਸਿਖਾਇਆ ਕਿ ਤਿਣਕੇ ਦਾ ਵੀ ਸਹਾਰਾ ਹੁੰਦਾ, ਫਿਰ ਮੈਂ ਤਾਂ ਪੂਰੇ ਦਾ ਪੂਰਾ ਸਾਬਤ-ਸਬੂਤਾ ਬੰਦਾਂ, ਮੈਂ ਹੀ ਸਮਾਜ ਹਾਂ, ਮੈਂ ਹੀ ਦੇਸ਼ ਹਾਂ, ਜੇ ਹਰ ਕੋਈ ਇਸ ਤਰ੍ਹਾਂ ਸੋਚੇ ਤਾਂ ਦੱਸ ਮੈਂ ’ਕੱਲਾ ਕਿੱਥੇ ਆਂ ਭਲਾ?’’
‘‘ਤੂੰ ਛੱਡ ਵੇ ਪੁੱਤਰਾ! ਇਨ੍ਹਾਂ ਕਾਮਰੇਡੀਆਂ ਨੂੰ। ਜਦੋਂ ਦੀ ਮੇਰੀ ਸੁਰਤ ਸੰਭਲ਼ੀ ਆ ਇਨ੍ਹਾਂ ਕਾਮਰੇਡਾਂ ਦਾ ਕੋਈ ਵਜ਼ੀਰ ਤੱਕ ਨੀ ਬਣਿਆ।’’
ਗੁਰਮੀਤ ਦੀ ਮਾਂ ਜਦੋਂ ਉਸ ਨੂੰ ਸਮਝਾਉਂਦੀ ਹੋਈ ਬੋਲੀ ਤਾਂ ਉਸ ਦਾ ਬਾਪੂ ਵੀ ਖੰਘੂਰਾ ਮਾਰਦਾ ਹੋਇਆ ਬਾਹਰੋਂ ਆਉਂਦਾ ਹੀ ਬੋਲਿਆ, ‘‘ਤੂੰ ਵਜ਼ੀਰ ਨੂੰ ਰੋਨੀ ਏਂ, ਕਦੇ ਪਿੰਡ ਦਾ ਪੰਚਾਇਤ ਮੰਬਰ ਨਹੀਂ ਬਣ ਸਕਿਆ, ਉਹ ਲਹਿਣੇ ਕਾ ਕਾਮਰੇਡ ਸਾਰੀ ਉਮਰ ਮੰਬਰੀ ਨੂੰ ਤਰਸਦਾ ਮਰ ਗਿਆ।’’
‘‘ਬਾਪੂ! ਜੋ ਲੋਕ ਰਾਜਨੀਤਿਕ ਕਾਮਰੇਡ ਹੁੰਦੇ ਨੇ ਜ਼ਰੂਰੀ ਨਹੀਂ ਕਿ ਉਹ ਸਮਾਜ ਸੁਧਾਰਕ ਹੀ ਹੋਣ।’’
ਉਹ ਆਪਣੇ ਮਾਂ-ਬਾਪ ਨੂੰ ਸਮਝਾਉਂਦਾ ਰਹਿੰਦਾ ਤੇ ਨਾਲ ਹੀ ਆਪਣੇ ਉਦੇਸ਼ਾਂ ਹਿਤ ਯਤਨ ਵੀ ਕਰਦਾ ਰਹਿੰਦਾ। ਉਸ ਨੇ ਪਿੰਡ ਦੇ ਨਵੇਂ ਖ਼ੂਨ ਵਿੱਚ ਜਾਗ੍ਰਿਤੀ ਦੀ ਚਿਣਗ ਛੇੜ ਦਿੱਤੀ ਸੀ। ਉਸ ਨੇ ਲੋਕਾਂ ਲਈ ਪਿੰਡ ਦੇ ਉਨ੍ਹਾਂ ਲੋਕਾਂ ਨਾਲ ਵੀ ਮੱਥਾ ਲਾ ਲਿਆ ਜਿਹੜੇ ਨਸ਼ੇ ਦੇ ਸੌਦਾਗਰ ਸਨ। ਉਸ ਦੀ ਮਾਂ ਉਸ ਨੂੰ ਸਮਝਾਉਂਦੀ, ‘‘ਪੁੱਤ! ਇਹ ਉਹ ਲੋਕ ਨੇ ਜਿਨ੍ਹਾਂ ਦੇ ਮੂੰਹ ਨੂੰ ਖ਼ੂਨ ਲੱਗਾ ਬਿਆ, ਜਿਨ੍ਹਾਂ ਲੋਕਾਂ ਲਈ ਤੂੰ ਇਨ੍ਹਾਂ ਨਾਲ ਮੱਥਾ ਲਾ ਰਿਹਾਂ ਨਾ… ਉਹ ਵੀ ਤੇਰੀਆਂ ਗੋਡਣੀਆਂ ਲਵਾ ਦੇਣਗੇ।’’
ਉਸ ਦਾ ਬਾਪੂ ਇੱਕ ਦਿਨ ਉਸ ਦੇ ਇਨ੍ਹਾਂ ਕੰਮਾਂ ਤੋਂ ਤੰਗ ਆ ਕੇ ਕਹਿੰਦਾ, ‘‘ਵੇਖ ਗੁਰਮੀਤ! ਸਾਥੋਂ ਨਹੀਂ ਜੇ ਹੁੰਦਾ ਹੁਣ ਕੰਮ, ਤੇਰੀ ਮਾਂ ਵੀ ਸਾਰੀ ਜ਼ਿੰਦਗੀ ਤੇਰੇ ਲਈ ਸੁਪਨੇ ਸਜਾਉਂਦੀ ਰਹੀ ਆ, ਉਨ੍ਹਾਂ ਨੂੰ ਪੂਰਾ ਕਰ, ਵਿਆਹ ਕਰਵਾ ਲੈ। ਜਦੋਂ ਜਿੰਮੇਵਾਰੀਆਂ ਪਈਆਂ ਤਾਂ ਤੇਰੀਆਂ ਇਹ ਕਾਮਰੇਡੀਆਂ ਵੀ ਖੰਭ ਲਾ ਕੇ ਉੱਡ ਜਾਣਗੀਆਂ।’’
ਗੁਰਮੀਤ ਮਾਪਿਆਂ ਦੀਆਂ ਇਹੋ ਜਿਹੀਆਂ ਗੱਲਾਂ ਹਰ ਵਾਰ ਹਾਸੇ ਠੱਠੇ ਵਿੱਚ ਹੀ ਟਾਲ਼ ਦਿੰਦਾ ਸੀ। ਉਹ ਮਾਂ-ਬਾਪ ਦੀ ਸੇਵਾ ਕਰਨ ਨੂੰ ਵੀ ਫਰਜ਼-ਏ-ਅੱਵਲ ਸਮਝਦਾ ਸੀ। ਉਹ ਸਵੈ ਨਾਲ ਹੀ ਗੱਲਾਂ ਕਰਦਾ ਸੋਚਦਾ, ‘ਯਾਰ! … ਭਗਤ ਸਿੰਘ … ਸਰਾਭੇ ਹੋਰਾਂ ਦੇ ਨਹੀਂ ਸੀ ਮਾਂ-ਬਾਪ… ਕੀ ਉਹ ਨਿਰਮੋਹੇ ਸੀ? ਉਨ੍ਹਾਂ ਦਾ ਫ਼ਰਜ਼ ਨਹੀਂ ਸੀ ਬਣਦਾ ਕਿ ਜੀਹਨੇ ਜੰਮਿਆ ਉਨ੍ਹਾਂ ਦੀ ਸੇਵਾ ਕਰਨ, ਉਨ੍ਹਾਂ ਦਾ ਵੀ ਤਾਂ ਦਿਲ ਹੋਣਾ ਕਿ ਉਨ੍ਹਾਂ ਦੇ ਬੱਚਿਆਂ ਦਾ ਵਿਆਹ ਹੋਵੇ, ਉਨ੍ਹਾਂ ਦੇ ਬੱਚਿਆਂ ਦੇ ਵੀ ਬੱਚੇ ਹੋਣ… ਕੀ ਅੱਜ ਦੇ ਜਵਾਕਾਂ ਵਾਂਗ ਉਹ ਅੱਲੜ੍ਹ ਉਮਰ ਵਿੱਚੋਂ ਨਹੀਂ ਸੀ ਗੁਜ਼ਰੇ? ਅੱਜਕੱਲ੍ਹ ਦੇ ਸਕੂਲ ਪੜ੍ਹਦੇ ਨਿਆਣੇ ਹੀ ਵਿਆਹ ਦੇ ਸੁਪਨੇ ਲੈਣ ਲੱਗ ਜਾਂਦੇ ਆ, ਕੀ ਦੁਨਿਆਵੀ ਚਕਾਚੌਂਧ… ਉਨ੍ਹਾਂ ਲਈ ਵਿਅਰਥ ਸੀ?’
‘ਨਹੀਂ… ਸਭ ਕੁਛ ਸੀ ਬੱਸ ਉਨ੍ਹਾਂ ਦਾ ਦਿਲ ਅਪਣਾ ਨਹੀਂ ਸਗੋਂ ਪੂਰੇ ਆਵਾਮ ਦਾ ਦਿਲ ਸੀ। ਅਸੀਂ ਮਰਨ ਤੋਂ ਡਰਦੇ ਆਂ, ਉਹ ਮਰਨ ਲਈ ਜਿਉਂਦੇ ਸੀ। ਅਸੀਂ ਤੁਰਨ ਤੋਂ ਡਰਦੇ ਆਂ, ਉਨ੍ਹਾਂ ਦੇ ਪੈਰਾਂ ਵਿੱਚ ਸਫ਼ਰ ਸੀ। ਅਸੀਂ ਆਪਣੇ ਲਈ ਸਥਾਈ ਸੋਚ ਰੱਖਦੇ ਹਾਂ, ਉਨ੍ਹਾਂ ਦੀ ਸੋਚ ਸੀ ਕਿ ਸਾਡਾ ਭਵਿੱਖ ਸਥਾਈ ਹੋਵੇ। ਉਹ ਉਮਰਾਂ ਦੇ ਨਹੀਂ ਸਮਝਾਂ ਦੇ ਵੱਡੇ ਸੀ, ਇਸੇ ਲਈ ਤਾਂ ਗੁਰਮੀਤ ਸਿਆਂ ਉਨ੍ਹਾਂ ਨੇ ਦੁਨੀਆ ’ਚ ਝੰਡੇ ਗੱਡੇ ਸੀ…।’
‘‘ਸਾਡੇ ਇਲਾਕੇ ਦੀ ਮਾਣਮੱਤੀ ਸ਼ਖ਼ਸੀਅਤ ਭੁਪਿੰਦਰ ਭਿੰਦਾ ਜ਼ਿੰਦਾਬਾਦ… ਭਲਾਈ ਪਾਰਟੀ ਜ਼ਿੰਦਾਬਾਦ …।’’ ਦੇ ਨਾਅਰਿਆਂ ਨੇ ਗੁਰਮੀਤ ਨੂੰ ਡੇਰੇ ਵਿੱਚ ਹੋਣ ਦਾ ਚੇਤਾ ਕਰਵਾ ਦਿੱਤਾ। ਉਸ ਨੂੰ ਲੱਗਿਆ ਜਿਵੇਂ ਬਾਬਾ ਤੇ ਬਾਬੇ ਦਾ ਲਸ਼ਕਰ ਨਸ਼ੇ ਦੇ ਵਪਾਰੀਆਂ ਦਾ ਹੀ ਇਕੱਠ ਸੀ। ਇਲਾਕੇ ਦੇ ਸਭ ਬਲੈਕੀਏ, ਲੋਟੂ ਗ੍ਰੋਹ, ਦੁਨਿਆਵੀ ਭੈੜੇ ਬੰਦੇ ਬਾਬੇ ਤੇ ਨੇਤਾ ਦੇ ਆਲੇ-ਦੁਆਲੇ ਵਾੜ ਕਰੀ ਖੜ੍ਹੇ ਸਨ। ਉਸ ਦਾ ਦਿਲ ਕਰੇ ਕਿ ਇਨ੍ਹਾਂ ਦਾ ਹੀ ਮਾਈਕ ਫੜ ਕੇ ਐਸੀ ਤਕਰੀਰ ਕਰੇ ਤੇ ਇਨ੍ਹਾਂ ਨੂੰ ਨੰਗਾ ਕਰਕੇ ਰੱਖ ਦੇਵੇ ਪਰ ਨੇਹਾ ਦੇ ਬੋਲੇ ਬੋਲ ‘‘ਪਾਣੀ’’ ਨੇ ਉਸ ਅੰਦਰਲੇ ਲਾਵੇ ਨੂੰ ਤ੍ਰੇਲ ਦੇ ਤੁਪਕੇ ਵਰਗਾ ਕਰ ਦਿੱਤਾ ਸੀ। ਉਸ ਨੇ ਨੇਹਾ ਨੂੰ ਪਾਣੀ ਪਿਆਇਆ ਤੇ ਉਹ ਫਿਰ ਅਤੀਤ ਦੇ ਪਰਛਾਵਿਆਂ ਵਿੱਚ ਗਵਾਚ ਗਿਆ।
‘‘ਮਾਤਾ! ਵਿਆਹ ਤਾਂ ਕਰਵਾ ਲੈਨਾ ਪਰ ਮੇਰੀ ਸੋਚ ਮੁਤਾਬਿਕ ਹੀ ਹੋਊ, ਮੈਂ ਸਾਦਾ ਵਿਆਹ ਕਰਵਾਉਣਾ। ਕੋਈ ਦਾਜ-ਦਹੇਜ ਦੀ ਗੱਲ ਨਾ ਕੀਤੀ ਜਾਵੇ।’’
ਗੁਰਮੀਤ ਨੇ ਬੇਬੇ ਬਾਪੂ ਦੋਵਾਂ ਨੂੰ ਬਿਠਾ ਕੇ ਆਖਿਆ ਤਾਂ ਬੇਬੇ ਨੇ ਆਪਣਾ ਦਿਲ ਫਰੋਲਿਆ, ‘‘ਪੁੱਤ! ਲੋਕ ਕੀ ਕਹਿਣਗੇ? ਲੋਕਾਂ ਦਾ ਖਾਧਾ, ਲੋਕਾਂ ’ਚ ਸਾਡੀ ਇੱਜ਼ਤ… ਮੈਂ ਤਾਂ ਲੋਕਾਂ ਦਾ ਮੂੰਹ ਬੰਦ ਕਰਨਾ… ਐਨਾ ਪੜ੍ਹਾਇਆ ਲਿਖਾਇਆ ਤੈਨੂੰ।’’
‘‘ਤੂੰ ਮੇਰਾ ਮੁੱਲ ਪਾਉਣਾ? …ਆਪਣੀਆਂ ਸਾਰੀਆਂ ਗੱਲਾਂ ’ਚੋਂ ਲੋਕਾਂ ਦਾ ਫ਼ਿਕਰ ਕੱਢ ਦੇ… ਬਾਕੀ ਸਭ ਠੀਕ ਆ। ਕਰਨਾ ਵਿਆਹ ਕਿ ਨਹੀਂ… ਬੱਸ ਐਨਾ ਦੱਸ।’’
ਜਦੋਂ ਗੁਰਮੀਤ ਨੇ ਤਲਖੀ ਨਾਲ਼ ਕਿਹਾ ਤਾਂ ਬੇਬੇ ਦਾ ਤ੍ਰਾਹ ਜਿਹਾ ਨਿਕਲ ਗਿਆ। ਉਹ ਉਸ ਤੋਂ ਬਾਅਦ ਕਈ ਦਿਨ ਗੁਰਮੀਤ ਨਾਲ ਨਾ ਬੋਲੀ, ਪਰ ਉਸ ਦਾ ਵਿਆਹ ਸਾਦੀਆਂ ਰਸਮਾਂ ਨਾਲ ਗੁਰਮੀਤ ਦੀ ਸੋਚ ਅਨੁਸਾਰ ਹੀ ਕੀਤਾ ਗਿਆ। ਇਸ ਵਿਆਹ ਦੀ ਚਰਚਾ ਚੰਗਿਆਂ ’ਚ ਮਿਸਾਲ ਬਣੀ ਤੇ ਮਾੜਿਆਂ ਲਈ ਫ਼ਿਕਰ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਹੋ ਜਿਹਾ ਸੋਚਣਾ ਤੇ ਇਹੋ ਜਿਹਾ ਕਰਨਾ ਉਨ੍ਹਾਂ ਲਈ ਕੰਡੇ ਬੀਜ ਸਕਦਾ ਕਿਉਂਕਿ ਨਿੱਗਰ ਸੋਚ ਹੀ ਸਮਾਜ ਲਈ ਚਿੰਤਾ ਦਾ ਵਿਸ਼ਾ ਰਹੀ ਹੈ।
ਗੁਰਮੀਤ ਆਪਣੀ ਪਤਨੀ ਕੁਲਵੀਰ ਨੂੰ ਕਹਿੰਦਾ, ‘‘ਦੇਖ ਕੁਲਵੀਰ! ਮੇਰਾ ਮਕਸਦ ਸਿਰਫ਼ ਮੇਰਾ ਸਮਾਜ… ਮੇਰੇ ਲੋਕ… ਮੇਰਾ ਦੇਸ਼ ਹੈ। ਮੇਰੇ ਲੋਕ ਗ਼ੁਲਾਮ ਸੋਚ ਦੇ ਧਾਰਨੀ ਨੇ। ਮੈਂ ਕੋਈ ਜਾਦੂਗਰ ਨਹੀਂ। ਮੈਂ ਤੁਹਾਡੇ ਵਰਗਿਆਂ ਦੀ ਸਹਾਇਤਾ ਨਾਲ ਹੀ ਨਿੱਗਰ ਸੋਚ ਦਾ ਅਜਿਹਾ ਥੰਮ੍ਹ ਬਣਾਉਣਾ ਜਿਸ ’ਤੇ ਭਵਿੱਖ ਦੀਆਂ ਨੀਹਾਂ ਉੱਸਰ ਸਕਣ।’’
‘‘ਗੁਰਮੀਤ ਜੀ! ਤੁਸੀਂ ਯੂਨੀ ਵਿੱਚ ਰਹੇ ਹੋ। ਤੁਸੀਂ ਵਿਚਾਰਧਾਰਕ ਹੋ ਪਰ ਵਾਸਤਵਿਕ ਹਾਲਾਤ ਕੁਝ ਹੋਰ ਹੀ ਨੇ। ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਤੁਸੀਂ ਤੇ ਤੁਹਾਡੀ ਸੋਚ ਮੈਨੂੰ ਬਹੁਤ ਪਸੰਦ ਆਈ ਪਰ ਬਹੁਤੀ ਜਗ੍ਹਾ ’ਤੇ ਬੇਬੇ ਵੀ ਸੱਚੀ ਆ। ਜਿਨ੍ਹਾਂ ਲੋਕਾਂ ਲਈ ਤੁਸੀਂ ਮਕਸਦ ਚੁਣਿਆ ਉਨ੍ਹਾਂ ਦੀ ਚੋਣ ਕੁਝ ਹੋਰ ਹੀ ਆ, ਗਦਰ ਵੇਲ਼ੇ ਗਦਾਰ ਥੋੜ੍ਹੀ ਗਿਣਤੀ ਵਿੱਚ ਸੀ ਪਰ ਹੁਣ ਤਾਂ ਗਦਾਰਾਂ ਦਾ ਹੀ ਗਦਰ ਹੋਇਆ ਪਿਆ। ਬਾਕੀ ਮੈਂ ਹਮੇਸ਼ਾ ਤੁਹਾਡੇ ਤੇ ਤੁਹਾਡੀ ਸੋਚ ਦੇ ਨਾਲ ਹਾਂ… ਤੁਸੀਂ ਖ਼ੁਸ਼ ਰਹੋ।’’ ਕੁਲਵੀਰ ਨੇ ਮਾਣ ਨਾਲ ਗੁਰਮੀਤ ਦੇ ਮੋਢੇ ਤੋਂ ਦੀ ਆਪਣਾ ਹੱਥ ਵਲ਼ਾ ਕੇ ਆਪਣੇ ਆਪ ਨੂੰ ਗੁਰਮੀਤ ਦੇ ਬਰਾਬਰ ਖੜ੍ਹੀ ਹੋਣ ਦਾ ਸਬੂਤ ਦੇ ਦਿੱਤਾ।
ਕੁਲਵੀਰ ਨੇ ਹਮੇਸ਼ਾ ਹੀ ਗੁਰਮੀਤ ਦਾ ਭਰਪੂਰ ਸਾਥ ਦਿੱਤਾ। ਜ਼ਿੰਦਗੀ ਦੀ ਪਗਡੰਡੀ ਸਮ ਸੋਚ ਦੇ ਸਾਥੀਆਂ ਲਈ ਸੁਹਾਵਣਾ ਸਫ਼ਰ ਸਾਬਿਤ ਹੋ ਰਹੀ ਸੀ। ਉਨ੍ਹਾਂ ਦੇ ਘਰ ਪਿਆਰੀ ਜਿਹੀ ਧੀ ਨੇ ਜਨਮ ਲਿਆ। ਨੇਹਾ ਨੇ ਆ ਕੇ ਦਾਦਾ-ਦਾਦੀ ਦੀ ਝੋਲ਼ੀ ਖ਼ੁਸ਼ੀਆਂ ਨਾਲ ਭਰ ਦਿੱਤੀ। ਬੇਬੇ ਬਾਪੂ ਨੇ ਵੀ ਆਪਣੀ ਪੋਤੀ ਦਾ ਸਵਾਗਤ ਪੋਤਰੇ ਦੀ ਹੋਂਦ ਨਾਲੋਂ ਵੀ ਵਧੇਰੇ ਕੀਤਾ। ਗੁਰਮੀਤ ਵੀ ਬੇਬੇ ਬਾਪੂ ਦੇ ਵਿਚਾਰਾਂ ਦੀ ਤਬਦੀਲੀ ਤੋਂ ਬਹੁਤ ਖ਼ੁਸ਼ ਸੀ। ਸਾਰਾ ਘਰ ਖ਼ੁਸ਼ੀਆਂ ਨਾਲ਼ ਭਰ ਗਿਆ ਸੀ। ਨੇਹਾ ਸਾਰੇ ਹੀ ਪਰਿਵਾਰ ਦੀ ਜਿੰਦ-ਜਾਨ ਬਣ ਗਈ ਸੀ। ਨੇਹਾ ਦੇ ਆਈ ਨਿੱਕੀ ਜਿਹੀ ਝਰੀਟ ਵੀ ਸਾਰੇ ਪਰਿਵਾਰ ਦਾ ਤ੍ਰਾਹ ਕੱਢ ਕੇ ਰੱਖ ਦਿੰਦੀ ਸੀ। ਗੁਰਮੀਤ ਭਾਵੇਂ ਪਰਿਵਾਰਕ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਅ ਰਿਹਾ ਸੀ, ਪਰ ਇਹ ਜ਼ਿੰਮੇਵਾਰੀਆਂ ਉਸ ਦੇ ਸਮਾਜਿਕ ਉਦੇਸ਼ਾਂ ਨੂੰ ਵੀ ਹੁਲਾਰਾ ਦੇ ਰਹੀਆਂ ਸਨ। ਸਾਰਾ ਪਰਿਵਾਰ ਉਸ ਦੇ ਨਕਸ਼ੇ ਕਦਮਾਂ ’ਤੇ ਚੱਲ ਪਿਆ ਸੀ।
ਅਚਾਨਕ ਅਜਿਹਾ ਵਕਤ ਆਇਆ ਜਿਸ ਨੇ ਗੁਰਮੀਤ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਨੇਹਾ ਬਹੁਤ ਹੀ ਬਿਮਾਰ ਹੋ ਗਈ। ਡਾਕਟਰੀ ਇਲਾਜ ਦੇ ਬਾਵਜੂਦ ਉਸ ਦੀ ਸਿਹਤ ਵਿੱਚ ਫ਼ਰਕ ਨਹੀਂ ਪੈ ਰਿਹਾ ਸੀ। ਸ਼ਹਿਰ ਦਾਖਲ ਵੀ ਰੱਖੀ, ਪਰ ਉਸ ਨੂੰ ਕਮਜ਼ੋਰੀ ਬਹੁਤ ਹੋ ਗਈ ਸੀ। ਰਿਪੋਰਟਾਂ ਮੁਤਾਬਿਕ ਤਾਂ ਲਿਵਰ ਦੀ ਇਨਫੈਕਸ਼ਨ ਆਈ ਸੀ ਤੇ ਉਹਦੇ ਲਈ ਖਾਣਾ ਵੀ ਡਾਕਟਰ ਨੇ ਥੋੜ੍ਹਾ ਤੇ ਹਲਕਾ ਦੇਣ ਦੀ ਹਦਾਇਤ ਦਿੱਤੀ ਸੀ।
ਗੁਰਮੀਤ ਨੂੰ ਪਤਾ ਸੀ ਕਿ ਬਿਮਾਰੀ ਸਮਾਂ ਤੇ ਸੋਚ ਦਾ ਸੰਤੁਲਨ ਮੰਗਦੀ ਹੈ ਪਰ ਆਂਢਣਾਂ-ਗਵਾਂਢਣਾਂ ਪਤਾ ਲੈਣ ਲਈ ਆਉਂਦੀਆਂ ਤਾਂ ਗੁਰਮੀਤ ਦੀ ਗ਼ੈਰ-ਹਾਜ਼ਰੀ ਵਿੱਚ ਕੁਲਵੀਰ ਤੇ ਉਸਦੇ ਮਾਂ-ਬਾਪ ਨੂੰ ਹਰਜਾਇਤ ਕਢਵਾਉਣ ਦੀ ਸਲਾਹ ਦਿੰਦੀਆਂ।
ਗੁਰਮੀਤ ਦੀ ਚਾਚੀ ਮਾਲਣ ਆ ਕੇ ਕਹਿੰਦੀ, ‘‘ਭਾਈ, ਕਿਸੇ ਦਾ ਕੀਤਾ ਕਰਾਇਆ ਵਾ। ਪੰਜਗਰਾਈਏਂ ਬਾਬਾ ਭਾਈ, ਉਹ ਕਰਨ ਕਰਾਉਣ ਵਾਲੇ ਦੀ ਸ਼ਕਲ ਨਹੁੰ ’ਤੇ ਹੀ ਦਿਖਾ ਦਿੰਦਾ, ਗਹਾਂ ਅਗਲਾ ਜਿਵੇਂ ਮਰਜੀ ਕਰੇ ਕਰਨ ਕਰਾਉਣ ਆਲ਼ੇ ਨਾਲ।’’
ਹੋਰ ਬਜ਼ੁਰਗ ਤੀਵੀਆਂ ਵੀ ਕਸਰ ਜਾਂ ਓਪਰੀ ਸ਼ੈਅ ਹੋਣ ਦੀਆਂ ਕਹਾਣੀਆਂ ਸੁਣਾਉਂਦੀਆਂ ਤੇ ਕਿਸੇ ਪੀਰ-ਫ਼ਕੀਰ ਬਾਰੇ ਦੱਸਦੀਆਂ ਤਾਂ ਕੁਲਵੀਰ ਗੁੱਸੇ ਵਿੱਚ ਆ ਕੇ ਕਹਿੰਦੀ, ‘‘ਇਨ੍ਹਾਂ ਨੇ ਸਾਰੀ ਜ਼ਿੰਦਗੀ ਲਾ ਦਿੱਤੀ ਤੁਹਾਡੀ ਸੋਚ ਨੂੰ ਸੁਧਾਰਨ ਲਈ ਪਰ ਉਨ੍ਹਾਂ ਦੀ ਸਾਰੀ ਮਿਹਨਤ ਅੱਜ ਤੁਸੀਂ ਮਿੱਟੀ ਵਿੱਚ ਮਿਲਾ ਦਿੱਤੀ। ਇਹ ਸਾਰੇ ਬਾਬੇ ਆਪਣੇ ਆਹ ਫੁੰਮਣ ਵਰਗੇ ਹੀ ਹੁੰਦੇ ਨੇ ਜਿੱਥੋਂ ਆਪਣੇ ਪਿੰਡ ਦੀਆਂ ਜ਼ਨਾਨੀਆਂ ਵੀ ਮੁੰਡੇ ਲੈ ਕੇ ਆਉਂਦੀਆਂ ਨੇ… ਦਿਨ ਛਿਪੇ।’’ ਇਹ ਕਹਿ ਕੇ ਕੁਲਵੀਰ ਨੇ ਬਾਬੇ ਦੀ ਉੱਡਦੀ ਪਤੰਗ ਨਾਲ ਪੇਚਾ ਪਾ ਲਿਆ ਸੀ।
‘‘ਆਹੋ ਭਾਈ ਬਾਬਾ ਫੁੰਮਣ ਤਾਂ ਬਲਾਈਂ ਕਰਨੀ ਆਲ਼ਾ, ਰਹੀ ਗੱਲ ਮੁੰਡੇ ਦੇਣ ਦੀ… ਬੰਦੇ ਆਪ ਆਪਣੀਆਂ ਤੀਵੀਆਂ ਨੂੰ ਛੱਡ ਕੇ ਆਉਂਦੇ ਨੇ ਬਾਬੇ ਕੋਲ। ਫਿਰ ਬਾਬਾ ਨਾਲੇ ਉਨ੍ਹਾਂ ਦਾ ਘਰ ਚਲਾਉਂਦਾ ਨਾਲੇ ਉਨ੍ਹਾਂ ਦੀਆਂ ਤੀਵੀਆਂ।’’ ਚਰਨੋ ਨੇ ਬਾਬੇ ਦੀ ਕੱਟਦੀ ਪਤੰਗ ਨੂੰ ਹੁਲਾਰਾ ਦੇ ਦਿੱਤਾ ਸੀ।
‘‘ਉਨ੍ਹਾਂ ਬੰਦਿਆਂ ਦੇ ਵੀ ਤਾਂ ਫਿਰ ਤਿਲ਼ਾਂ ’ਚ ਤੇਲ ਨੀ ਹੁੰਦਾ ਤਾਂ ਹੀ ਅੱਕ ਚੱਬਦੀਆਂ ਨੇ ਤੀਵੀਆਂ। ਜਾਂਦੀਆਂ ਨੇ ਬਾਬੇ ਕੋਲ, ਨਾਲ਼ੇ ਖਾਂਦੀਆਂ ਨੇ ’ਖਰੋਟ ਬਦਾਮ ਤੇ ਨਾਲ਼ੇ…।’’ ਕਰਤਾਰੋ ਬੇਬੇ ਨੇੇ ਉੱਠਦੀ ਨੇ ਬਾਬੇ ਦੀ ਵਿਆਖਿਆ ਕਰ ਕੇ ਬਾਬੇ ਦੀ ਗੁੱਡੀ ਨੂੰ ਤੁਣਕਾ ਮਾਰ ਦਿੱਤਾ।
‘‘ਫੇਰ ਵੀ ਭਾਈ ਬਾਬਾ ਹੈ ਕਰਨੀ ਵਾਲਾ ਈ ਆ, ਲੋਕ ਏਡੀ-ਏਡੀ ਦੂਰੋਂ ਟਰੱਕਾਂ ’ਚ ਭਰੇ ਭਰਾਏ ਆਉਂਦੇ ਨੇ, ਸਾਰੇ ਕਮਲ਼ੇ ਥੋੜ੍ਹੀ ਆ।’’ ਬਚਿੰਤ ਕੌਰ ਬੇਬੇ ਨੇ ਬਾਬੇ ਦੀ ਗੁੱਡੀ ਫਿਰ ਅੰਬਰੀਂ ਚੜ੍ਹਾ ਦਿੱਤੀ ਸੀ।
ਉਹਦੀ ਗੱਲ ਵਿਚਾਲਿਓਂ ਕੱਟਦੀ ਪ੍ਰਸਿੰਨੀ ਬੇਬੇ ਬੋਲੀ, ‘‘ਬਾਕੀ ਭਾਈ ਤੁਸੀਂ ਆਪ ਸਿਆਣੇ ਓ। ਜਦੋਂ ਸੱਟ ਵੱਜਦੀ ਏ ਤਾਂ ਪੱਥਰ ਵੀ ਟੁੱਟ ਜਾਂਦੇ ਨੇ… ਇਹ ਤਾਂ ਭਾਈ ਕਾਮਰੇਟ ਈ ਆ।’’
ਇਨ੍ਹਾਂ ਗੱਲਾਂ ਨੇ ਕੁਲਵੀਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਹ ਸੋਚਦੀ, ‘ਜੇ ਨੇਹਾ ਨੂੰ ਕੁਝ ਹੋ ਗਿਆ ਤਾਂ… ਨਹੀਂ! ਨਹੀਂ! ਨੇਹਾ ਨੂੰ ਕੁਝ ਨਹੀਂ ਹੋਣ ਦਿਆਂਗੀ।’
ਉਹ ਕਈ ਦਿਨ ਸੋਚਾਂ ਵਿਚਾਰਾਂ ਵਿੱਚ ਹੀ ਉਲਝੀ ਰਹੀ। ਦੁਚਿੱਤੀ ਨੇ ਉਸ ਨੂੰ ਹੋਰ ਵੀ ਚਿੰਤਾ ਵਿੱਚ ਪਾ ਦਿੱਤਾ ਸੀ, ਪਰ ਇੱਕ ਰਾਤ ਡਰਦੀ-ਡਰਦੀ ਨੇ ਗੱਲ ਤੋਰੀ, ‘‘ਗੁਰਮੀਤ! ਮੈਨੂੰ ਤਾਂ ਦਿਨ-ਰਾਤ ਨੇਹਾ ਦਾ ਫ਼ਿਕਰ ਸਤਾਈ ਜਾਂਦਾ।’’
‘‘ਮੈਨੂੰ ਵੀ… ਪਰ ਡਾਕਟਰ ਨੇ ਕਿਹਾ ਹੀ ਆ ਕਿ ਟਾਈਮ ਤਾਂ ਲੱਗੂ ਅਜੇ… ਹੋਰ ਕਰ ਵੀ ਕੀ ਸਕਦੇ ਆਂ ਆਪਾਂ?’’ ਗੁਰਮੀਤ ਨੇ ਉਦਾਸ ਹੁੰਦੇ ਨੇ ਕਿਹਾ।
‘‘ਜੇ ਆਪਾਂ ਨੇਹਾ ਨੂੰ ਕਿਸੇ ਡੇਰੇ, ਪ੍ਰਸਿੰਨੀ ਬੇਬੇ ਫੁੰਮਣ ਬਾਬੇ ਬਾਰੇ ਦੱਸਦੀ ਸੀ।’’
‘‘ਬੱਸ-ਬੱਸ… ਬੇਬੇ ਪ੍ਰਸਿੰਨੀ ਸਪੈਸ਼ਲਿਸਟ ਆ? … ਖਬਰਦਾਰ! ਜੇ ਉਨ੍ਹਾਂ ਦੀ ਸੁਣੀ ਤੇ ਮੈਨੂੰ ਦੱਸੀ।’’ ਗੁਰਮੀਤ ਪੂਰੀ ਤਲਖ਼ੀ ਨਾਲ ਬੋਲਿਆ।
‘‘ਜੇ ਨੇਹਾ ਨੂੰ ਕੁਝ ਹੋ ਗਿਆ ਤਾਂ ਮੈਂ ਤੁਹਾਨੂੰ ਕਦੇ ਮੁਆਫ਼ ਨਹੀਂ ਕਰਾਂਗੀ।’’ ਆਖ ਕੇ ਕੁਲਵੀਰ ਭੁੱਬੀਂ ਰੋਣ ਲੱਗ ਗਈ। ਉਸ ਦੀਆਂ ਭੁੱਬਾਂ ਨੇ ਗੁਰਮੀਤ ਨੂੰ ਵੀ ਸੋਚਾਂ ਵਿੱਚ ਪਾ ਦਿੱਤਾ ਸੀ।
‘ਜੇ… ਨੇਹਾ ਨੂੰ ਕੁਝ ਹੋ ਗਿਆ… ਪਰ ਮੈਂ ਆਪਣੇ ਆਪ ਨੂੰ ਤੇ ਆਪਣੀ ਸੋਚ ਨੂੰ ਸੂਲ਼ੀ ’ਤੇ ਕਿਸ ਤਰ੍ਹਾਂ ਚਾੜ੍ਹ ਲਵਾਂ, ਜੇ ਮੈਂ ਹੀ ਇੱਧਰ ਨੂੰ ਤੁਰ ਪਿਆ ਤਾਂ… ਜੇ ਨੇਹਾ ਹੀ ਤੁਰ ਗਈ… ਇਹ ਨ੍ਹੀਂ ਹੋ ਸਕਦਾ … ਹੋ ਵੀ ਤਾਂ ਸਕਦਾ…।’
ਗੁਰਮੀਤ ਇਨ੍ਹਾਂ ਸੋਚਾਂ ਵਿੱਚ ਡੁੱਬਿਆ ਖ਼ੁਦ ਨੂੰ ਦੁਬਿਧਾ ਵਿੱਚ ਫਸਿਆ ਮਹਿਸੂਸ ਕਰ ਰਿਹਾ ਸੀ। ਉਸ ਨੂੰ ਨੀਂਦ ਵੀ ਨਹੀਂ ਸੀ ਆ ਰਹੀ। ਉਹ ਸੋਚਦਾ ਸੀ ਬਈ ਬੰਦਾ ਰਿਸ਼ਤਿਆਂ ਦੇ ਮੋਹ ਵਿੱਚ ਕਿੰਨਾ ਕਮਜ਼ੋਰ ਹੋ ਜਾਂਦਾ, ਕਦੇ ਸੋਚ ਵਿੱਚ ਵੀ ਨਹੀਂ ਸੀ ਆਇਆ ਕਿ ਮੇਰੀ ਸੋਚ ਵੀ ਦੁਬਿਧਾ ਨੂੰ ਸਹੇੜ ਲਵੇਗੀ। ਰਾਤ ਕਾਫ਼ੀ ਬੀਤ ਚੁੱਕੀ ਸੀ। ਹਨੇਰਾ ਗਾੜ੍ਹਾ ਹੋ ਗਿਆ ਸੀ, ਪਰ ਗੁਰਮੀਤ ਦਾ ਦਿਲ ਪਤਲਾ ਹੋ ਰਿਹਾ ਸੀ। ਉੱਸਲਵੱਟੇ ਲੈਂਦੇ ਨੂੰ ਵੀ ਤੀਜੇ ਕੁ ਪਹਿਰ ਆ ਕੇ ਨੀਂਦ ਨੇ ਦੱਬ ਲਿਆ। ਉਸ ਦੇ ਘੁਰਾੜੇ ਕਮਰੇ ਵਿੱਚ ਦਾਤੀ ਫਰੇ ਪੱਖੇ ਵਾਂਗ ਚੱਲ ਰਹੇ ਸੀ ਪਰ ਨੇਹਾ ਦੇ ਰੋਣ ਨੇ ਸਭ ਕੁਝ ਸੁੰਨ ਵਿੱਚ ਬਦਲ ਦਿੱਤਾ। ਕੁਲਵੀਰ ਤੇ ਗੁਰਮੀਤ ਭੱਜ ਕੇ ਉੱਠੇ। ਦੇਖਿਆ ਤਾਂ ਨੇਹਾ ਠੰਢ ਵਿੱਚ ਵੀ ਤੰਦੂਰ ਵਾਂਗ ਤਪ ਰਹੀ ਸੀ। ਉਹ ਅੱਖਾਂ ਨੂੰ ਅੱਧਾ ਕੁ ਖੋਲ੍ਹਦੀ ਹੋਈ ਬੁੜਬੁੜਾਉਣ ਲੱਗੀ। ਗੁਰਮੀਤ ਸਮਝ ਚੁੱਕਿਆ ਸੀ ਕਿ ਬੁਖਾਰ ਨੇਹਾ ਦੇ ਦਿਮਾਗ਼ ’ਤੇ ਹਾਵੀ ਹੋ ਰਿਹਾ ਹੈ। ਉਹ ਕੁਝ ਕਹਿਣ ਦਾ ਯਤਨ ਕਰ ਰਹੀ ਸੀ, ਪਰ ਕਮਜ਼ੋਰੀ ਤੇ ਬੁਖਾਰ ਨੇ ਝੰਬ ਕੇ ਉਸ ਦੇ ਸ਼ਬਦਾਂ ਦੀ ਸਪਸ਼ਟਤਾ ਨੂੰ ਰੋਗੀ ਜਿਹਾ ਕਰ ਦਿੱਤਾ ਸੀ। ਉਨ੍ਹਾਂ ਨੇ ਉਸ ਨੂੰ ਦਵਾਈ ਦਿੱਤੀ।
‘‘ਮੈਂ ਕਿਹਾ ਸੀ ਨਾ… ਬਈ ਦਿਖਾ ਆਈਏ ਫੁੰਮਣ ਦੇ ਡੇਰੇ… ਥੋਡੀ ਕਾਮਰੇਡੀ ਲੈ ਬੈਠੂ। ਇਹ ਲੋਕ ਜਿਨ੍ਹਾਂ ਦੇ ਤੁਸੀਂ ਸੂਰਜ ਬਣੇ ਫਿਰਦੇ ਹੋ, ਕਿਸੇ ਨੇ ਅਰਘ ਨੀ ਦੇਣਾ ਥੋਨੂੰ… ਗਵਾ ਬੈਠੋਗੇ ਹੀਰੇ ਵਰਗੀ ਧੀ ਨੂੰ…।’’ ਕੁਲਵੀਰ ਕਹਿੰਦੀ ਹੋਈ ਉੱਚੀ-ਉੱਚੀ ਡੁਸਕਣ ਲੱਗ ਗਈ। ਉਹ ਉੱਠ ਕੇ ਬਾਹਰ ਵਿਹੜੇ ਵਿੱਚ ਆ ਖੜ੍ਹਿਆ। ਵਾਤਾਵਰਨ ਵਿੱਚ ਧੁੰਦ ਦਾ ਮੱਧਮ ਜਿਹਾ ਗਿਲਾਫ ਛਾਇਆ ਹੋਇਆ ਸੀ। ਤਾਰੇ ਹੰਭਲ਼ਾ ਮਾਰ ਕੇ ਦਿਸਣ ਦਾ ਯਤਨ ਕਰ ਰਹੇ ਸਨ, ਪਰ ਧੁੰਦ ਉਨ੍ਹਾਂ ਨੂੰ ਆਪਣੀ ਬੁੱਕਲ਼ ਵਿੱਚ ਲਪੇਟ ਰਹੀ ਸੀ। ਗੁਰਮੀਤ ਨੂੰ ਲੱਗ ਰਿਹਾ ਸੀ ਜਿਵੇਂ ਧੁੰਦ ਲੋਕ ਹੋਣ ਤੇ ਉਹ ਨਿੱਕਾ ਜਿਹਾ ਟਿਮਟਿਮਾਉਂਦਾ ਤਾਰਾ ਜਿਹੜਾ ਲੋਕਾਂ ਦੇ ਵਿਚਾਰਾਂ ਦੀ ਬਲੀ ਚੜ੍ਹਦਾ ਜਾ ਰਿਹਾ ਸੀ।
ਉਸ ਦੀ ਨਿਗ੍ਹਾ ਸਾਹਮਣੇ ਲੰਬੜਦਾਰਾਂ ਦੀ ਕੋਠੀ ’ਤੇ ਜਗਦੇ ਬੱਲਬ ’ਤੇ ਜਾ ਪਈ। ਧੁੰਦ ਉਸ ਦਾ ਮੁਕਾਬਲਾ ਨਹੀਂ ਸੀ ਕਰ ਰਹੀ। ਗੁਰਮੀਤ ਸੋਚ ਰਿਹਾ ਸੀ ‘ਬਿਲਕੁਲ ਹੀ ਪ੍ਰਤੱਖ ਨੂੰ ਪਰਮਾਣ ਮਿਲ ਰਿਹਾ ਕਿ ਇਹ ਯਭਲੀਆਂ ਮਾਰਨ ਵਾਲੇ ਲੋਕਾਂ ਦੀ ਪਸਰੀ ਧੁੰਦ ਰੁਪਈਆਂ ਦੀ ਚਮਕ ਅੱਗੇ ਗੋਡੇ ਟੇਕ ਦਿੰਦੀ ਹੈ। ਇਸ ਲਈ ਸਿਰਾਂ ਤੇ ਸੋਚ ਤੋਂ ਬਿਨਾ ਵੀ ਇਹ ਲੋਕ ਲੋਕਾਂ ਦੇ ਸਿਰਾਂ ਦੇ ਤਾਜ ਤੇ ਸਰਦਾਰ ਬਣ ਜਾਂਦੇ ਹਨ।’
ਕੁਲਵੀਰ ਨੇ ਆ ਕੇ ਗੁਰਮੀਤ ਦੇ ਮੋਢੇ ’ਤੇ ਹੱਥ ਰੱਖਿਆ ਤਾਂ ਉਹ ਵੀ ਫੋੜੇ ਵਾਂਗ ਫਿੱਸ ਪਿਆ ਪਰ ਉਹ ਨਹੀਂ ਚਾਹੁੰਦਾ ਸੀ ਕਿ ਉਹ ਸਮਾਜਿਕ ਸੁਪਨਿਆਂ ਦਾ ਗਰਭਪਾਤ ਕਰੇ। ਉਸ ਦੀਆਂ ਅੱਖਾਂ ਅੱਗੇ ਸੁਕਰਾਤ ਨੱਚਣ ਲੱਗਿਆ। ਉਹ ਸੋਚਣ ਲੱਗਿਆ ਕਿ ‘ਸੁਕਰਾਤ ਨੇ ਆਪਣੇ ਲੋਕਾਂ ਲਈ, ਆਪਣੀ ਹੋਂਦ ਲਈ ਆਪਣਿਆਂ ਤੋਂ ਹੀ ਜ਼ਹਿਰ ਦਾ ਪਿਆਲਾ ਪੀ ਲਿਆ ਸੀ। ਮੈਂ ਐਨਾ ਕਮਜ਼ੋਰ ਕਿਉਂ ਹੋ ਰਿਹਾਂ ਜਦੋਂਕਿ ਨੇਹਾ ਤਾਂ ਠੀਕ ਆ ਤੇ ਦਵਾਈ ਚੱਲਦੀ ਹੀ ਪਈ ਆ।’ ਉਹ ਇਕਦਮ ਕੁਲਵੀਰ ਨੂੰ ਬੋਲਿਆ, ‘‘ਸਵੇਰੇ ਆਪਾਂ ਲੁਧਿਆਣੇ ਲੈ ਚੱਲਾਂਗੇ ਨੇਹਾ ਨੂੰ।’’
‘‘ਹਾਂ ਜੀ ਲੈ ਚੱਲਾਂਗੇ, ਪਰ ਬਾਬੇ ਫੁੰਮਣ ਦੇ ਹੋ ਕੇ।’’ ਕੁਲਵੀਰ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ।
‘‘ਮੈਂ ਨੀ ਜਾਣਾ… ਤੂੰ ਚਲੀ ਜਾਈਂ… ਬੇਬੇ ਨੂੰ ਲੈਜੀਂ।’’ ਗੁਰਮੀਤ ਨੇ ਸਹਿਮਤ ਹੁੰਦੇ ਨੇ ਕਿਹਾ ਤਾਂ ਕੁਲਵੀਰ ਉਸ ਨਾਲ ਗੁੱਸੇ ਹੋ ਕੇ ਅੰਦਰ ਜਾ ਪਈ ਤੇ ਮੂੰਹ ਰਜਾਈ ਵਿੱਚ ਦੇ ਕੇ ਭੁੱਬਾਂ ਮਾਰਨ ਲੱਗ ਗਈ। ਗੁਰਮੀਤ ਨੇ ਦੇਖਿਆ ਤਾਂ ਨੇਹਾ ਹੁਣ ਸੌਂ ਰਹੀ ਸੀ, ਪਰ ਕੁਲਵੀਰ ਦੀਆਂ ਭੁੱਬਾਂ ਰਜਾਈ ਤੋਂ ਬਾਹਰ ਤੱਕ ਸੁਣ ਰਹੀਆਂ ਸਨ। ਉਹ ਵੀ ਆ ਕੇ ਬੈੱਡ ’ਤੇ ਪੈ ਗਿਆ ਤੇ ਕਿੰਨਾ ਹੀ ਸਮਾਂ ਉਹ ਪਿਆ ਸੋਚਦਾ ਰਿਹਾ। ਉਹ ਸੋਚ ਰਿਹਾ ਸੀ ਕਿ ‘ਕੁਦਰਤ ਨੇ ਔਰਤਾਂ ਨੂੰ ਕੋਮਲ ਹੀ ਐਨਾ ਬਣਾ ਦਿੱਤਾ ਕਿ ਇਹ ਜਿੰਨੀਆਂ ਮਰਜ਼ੀ ਸਖ਼ਤ ਹੋ ਜਾਣ, ਜਿੰਨੀਆਂ ਮਰਜ਼ੀ ਪੜ੍ਹ ਲਿਖ ਜਾਣ ਪਰ ਪਰਿਵਾਰ ਲਈ ਕਿਤੇ ਵੀ ਰੇਤ ਦੀ ਮੁੱਠੀ ਵਾਂਗ ਕਿਰ ਜਾਂਦੀਆਂ ਨੇ, ਜੇ ਇਹ ਕਿਰਨ ਲੱਗ ਜਾਣ ਤਾਂ ਸਾਰਾ ਘਰ ਹੀ ਖੁਰ ਜਾਂਦਾ ਫਿਰ…।’
ਉਸ ਨੇ ਆਪਣੇ ਮਨ ਅੰਦਰ ਘਰ ਦੇ ਖੁਰਨ ਦਾ ਖ਼ਿਆਲ ਕਰ ਕੇ ਅਖੀਰ ਆਪਣੇ ਆਪ ਨੂੰ ਹੀ ਖੋਰ ਲਿਆ ਸੀ। ਮੂੰਹ ਹਨੇਰੇ ਹੀ ਉਹ ਕੁਲਵੀਰ ਤੇ ਨੇਹਾ ਨੂੰ ਲੈ ਕੇ ਫੁੰਮਣ ਸਿਉਂ ਦੇ ਡੇਰੇ ਨੂੰ ਹੋ ਤੁਰਿਆ। ਉਹ ਸੋਚਦਾ ਜਾ ਰਿਹਾ ਸੀ ਤੇ ਕੁਲਵੀਰ ਵੱਲ ਦੇਖ ਕੇ ਆਪਣੇ ਆਪ ਨੂੰ ਹੀ ਬੋਲਿਆ, ‘‘ਜੇ ਜ਼ਨਾਨੀਆਂ ਚਾਹੁਣ ਤਾਂ ਰੱਬ ਨੂੰ ਵੀ ਹਰਾ ਦੇਣ, ਇਨ੍ਹਾਂ ਦੀ ਨੌਟੰਕੀ ਕਈ ਵਾਰ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਵੀ ਯੁੱਧ ’ਚ ਬਦਲ ਦਿੰਦੀ ਆ। ਬੰਦਾ ਤਾਂ ਸਟੈਂਡ ਰੱਖ ਲਵੇ ਪਰ ਇਹ ਸਟੈਂਡ ਦੀ ਵੀ ਅਹੀ ਤਹੀ ਫੇਰ ਦਿੰਦੀਆਂ ਨੇ।’’
ਕੁਲਵੀਰ ਨੇ ਗੁਰਮੀਤ ਨੂੰ ਝੰਜੋੜਿਆ ਤਾਂ ਉਹ ਸੋਚਾਂ ਦੀਆਂ ਘੁੰਮਣ-ਘੇਰੀਆਂ ਵਿੱਚੋਂ ਬਾਹਰ ਨਿਕਲਿਆ। ਜਿਉਂ ਹੀ ਬਾਬੇ ਨੇ ਨੇਹਾ ਵੱਲ ਹੱਥ ਵਧਾਇਆ ਤਾਂ ਉਹ ਝਟਕੇ ਨਾਲ ਉੱਠਿਆ ਤੇ ਉਸ ਨੇ ਬਾਬੇ ਦੀਆਂ ਧੂਫ਼ ਬੱਤੀਆਂ ਹਵਾ ਵਿੱਚ ਉਛਾਲਣੀਆਂ ਸ਼ੁਰੂ ਕਰ ਦਿੱਤੀਆਂ। ਜੋ ਵੀ ਉਸ ਦੇ ਕੋਲ ਆਉਂਦਾ ਤਾਂ ਉਹ ਵਗਾਹ-ਵਗਾਹ ਮਾਰਦਾ। ਉਹ ਉੱਚੀ-ਉੱਚੀ ਬੋਲੀ ਜਾ ਰਿਹਾ ਸੀ, ‘‘ਪੂਪਨਿਓ! ਡੱਸ ਲਿਆ ਤੁਹਾਡੇ ਵਰਗੇ ਸੱਪਾਂ ਨੇ ਸਾਡੇ ਸੁਪਨਿਆਂ ਨੂੰ, ਖੋਖਲ਼ਾ ਕਰਤਾ ਸਾਡੀਆਂ ਜਵਾਨੀਆਂ ਨੂੰ, ਗ਼ੁਲਾਮ ਬਣਾਤਾ ਫਿਰ ਤੋਂ ਸਾਡੇ ਵਾਰਸਾਂ ਨੂੰ, ਕਦੋਂ ਤੱਕ ਚੱਲਣਗੀਆਂ ਥੋਡੀਆਂ ਚੰਮ ਦੀਆਂ … ਅਸੀਂ ਅਜੇ ਬੱਦਲ਼ਾਂ ਦੇ ਓਹਲੇ ਲੁਕੇ ਹੋਏ ਜਾਂ ਲੁਕੋਏ ਹੋਏ ਸੂਰਜ ਹਾਂ, ਜਦੋਂ ਸਾਡੇ ਤੋਂ ਅਗਿਆਨਤਾ ਦੇ ਬੱਦਲ ਹਟੇ ਤਾਂ ਪਿਘਲ਼ਾ ਕੇ ਰੱਖ ਦਿਆਂਗੇ…।’’
ਉਹ ਉੱਚੀ-ਉੱਚੀ ਪਤਾ ਨਹੀਂ ਕੀ-ਕੀ ਬੋਲੀ ਜਾ ਰਿਹਾ ਸੀ। ਬਾਬਾ ਆਪਣੇ ਚੇਲਿਆਂ ਦੀ ਸਕਿਉਰਿਟੀ ਵਿੱਚ ਘਿਰਿਆ ਖੜ੍ਹਾ ਸੀ। ਗੁਰਮੀਤ ਨੇ ਨੇਹਾ ਨੂੰ ਆਪਣੇ ਮੋਢੇ ਲਾਇਆ ਤੇ ਕੁਲਵੀਰ ਦੀ ਬਾਂਹ ਫੜਦਾ ਡੇਰੇ ’ਚੋਂ ਬਾਹਰ ਹੁੰਦਾ ਲੁਧਿਆਣੇ ਵਾਲੀ ਬੱਸ ਫੜਨ ਅੱਡੇ ਵੱਲ ਨੂੰ ਤੁਰ ਗਿਆ ਸੀ।
ਡੇਰੇ ਵਿੱਚ ਫਿਰ ਤੋਂ ਧੂਫ਼ ਬੱਤੀਆਂ ਹੋਣ ਲੱਗੀਆਂ ਸਨ। ਢੋਲਕੀਆਂ ਚਿਮਟੇ ਦੁਬਾਰਾ ਖੜਕਣ ਲੱਗ ਪਏ ਸਨ। ਬਾਬੇ ਦੇ ਚੇਲਿਆਂ ਨੇ ਗੁਰਮੀਤ ਨੂੰ ਬੱਚੀ ਦੇ ਗ਼ਮ ਵਿੱਚ ਪਾਗਲ ਕਰਾਰ ਦੇ ਦਿੱਤਾ ਸੀ।
ਸੰਪਰਕ: 98881-17389
The post ਬੱਦਲ਼ਾਂ ਦੇ ਓਹਲੇ ਦਾ ਸੂਰਜ appeared first on punjabitribuneonline.com.