ਗਗਨਦੀਪ ਅਰੋੜਾ
ਲੁਧਿਆਣਾ, 10 ਜਨਵਰੀ
ਸ਼ਹਿਰ ਦੇ ਮਾਡਲ ਟਾਊਨ ਵਿੱਚ ਚੱਲ ਰਹੀਆਂ ਦੁਕਾਨਾਂ ’ਤੇ ਸਵੇਰ ਸਮੇਂ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੀ ਟੀਮ ਨੇ ਕਾਰਵਾਈ ਕੀਤੀ। ਇਸ ਕਾਰਵਾਈ ਮਗਰੋਂ ਦੁਕਾਨਾਦਾਰਾਂ ਨੇ ਧਰਨਾ ਲਾ ਦਿੱਤਾ ਤੇ ਇਸ ਕਾਰਨ ਸੜਕ ਜਾਮ ਹੋਣ ਦੀ ਖ਼ਬਰ ਮਿਲਦਿਆਂ ਹੀ ਮੌਕੇ ’ਤੇ ਹਲਕਾ ਪੱਛਮੀ ਦੇ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਪੁੱਜ ਗਏ ਜਿਨ੍ਹਾਂ ਸੀਲ ਕੀਤੀਆਂ ਗਈਆਂ 35 ਦੁਕਾਨਾਂ ਦੀਆਂ ਸੀਲਾਂ ਤੋੜ ਕੇ ਦੁਕਾਨਾਂ ਖੁੱਲ੍ਹਵਾ ਦਿੱਤੀਆਂ ਤੇ ਕਿਹਾ ਕਿ ਟੀਮ ਨੇ ਗਲਤ ਕਾਰਵਾਈ ਕੀਤੀ ਹੈ।
ਉਨ੍ਹਾਂ ਟੀਮ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹਲਕੇ ਵਿੱਚ ਅਜਿਹੀ ਗਲਤ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜੇਕਰ ਦੁਬਾਰਾ ਅਜਿਹਾ ਹੋਇਆ ਤਾਂ ਉਹ ਫਿਰ ਇਸੇ ਤਰ੍ਹਾਂ ਜਨਤਾ ਦਾ ਸਾਥ ਦੇਣਗੇ। ਉੱਧਰ, ਨਗਰ ਨਿਗਮ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਰਕਾਰ ਵੱਲੋਂ ਆਏ ਹੁਕਮਾਂ ’ਤੇ ਨਗਰ ਨਿਗਮ ਕਮਿਸ਼ਨਰ ਦੇ ਕਹਿਣ ’ਤੇ ਇਹ ਕਾਰਵਾਈ ਕੀਤੀ ਸੀ।
ਏਟੀਪੀ ਮੋਹਨ ਸਿੰਘ ਨੇ ਕਿਹਾ ਕਿ ਰਿਹਾਇਸ਼ੀ ਇਲਾਕਿਆਂ ’ਚ ਕਮਰਸ਼ੀਅਲ ਬਿਲਡਿੰਗਾਂ ਚੱਲ ਰਹੀਆਂ ਸਨ ਜਿਸ ’ਤੇ ਕਾਰਵਾਈ ਲਈ ਕਾਫ਼ੀ ਸਮੇਂ ਤੋਂ ਤਿਆਰੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਸਾਰੀਆਂ ਦੁਕਾਨਾਂ ਗਲਤ ਤਰੀਕੇ ਨਾਲ ਬਣੀਆਂ ਹੋਈਆਂ ਸਨ ਤਾਂ ਨਿਗਮ ਅਧਿਕਾਰੀਆਂ ਦੇ ਹੁਕਮਾਂ ’ਤੇ ਦੁਕਾਨਦਾਰਾਂ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਅਤੇ ਉਸ ਤੋਂ ਬਾਅਦ ਮੁਨਾਦੀ ਵੀ ਕਰਵਾਈ ਗਈ ਸੀ, ਪਰ ਇਸ ਤੋਂ ਬਾਅਦ ਵੀ ਦੁਕਾਨਦਾਰਾਂ ਨੇ ਕੋਈ ਗੱਲ ਨਹੀਂ ਸੁਣੀ ਤਾਂ ਮਜਬੂਰਨ 20 ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਹੁਕਮਾਂ ’ਤੇ ਦੁਕਾਨਾਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਹੈ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ’ਚ ਇਹ ਮਾਮਲਾ ਆਇਆ ਹੈ। ਉਹ ਆਪਣੇ ਅਧਿਕਾਰੀਆਂ ਤੋਂ ਇਸ ਬਾਰੇ ਪਤਾ ਕਰ ਰਹੇ ਹਨ। ਜੇਕਰ ਨਗਰ ਨਿਗਮ ਅਧਿਕਾਰੀਆਂ ਨੇ ਦੁਕਾਨਾਂ ਸੀਲ ਕੀਤੀਆਂ ਹਨ ਅਤੇ ਉਸਨੂੰ ਵਿਧਾਇਕ ਨੇ ਖੋਲ੍ਹਿਆ ਹੈ ਤਾਂ ਉਹ ਪੂਰੇ ਮਾਮਲੇ ਦਾ ਪਤਾ ਲਾ ਕੇ ਕੁਝ ਆਖ ਸਕਦੇ ਹਨ।
ਗਲਤ ਤਰੀਕੇ ਨਾਲ ਚੋਰਾਂ ਵਾਂਗ ਕੀਤੀ ਨਿਗਮ ਨੇ ਕਾਰਵਾਈ: ਗੋਗੀ
‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਖੁਦ ਮੌਕੇ ’ਤੇ ਪੁੱਜ ਗਏ। ਉਨ੍ਹਾਂ ਮੀਡੀਆ ਸਾਹਮਣੇ ਹੀ ਸਾਰੀਆਂ ਦੁਕਾਨਾਂ ਦੀਆਂ ਸੀਲਾਂ ਤੋੜ ਦਿੱਤੀਆਂ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਚੋਰਾਂ ਵਾਂਗ ਰਾਤ ਸਮੇਂ ਉਕਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਦੁਕਾਨਾਂ 10 ਤੋਂ 15 ਸਾਲ ਪਹਿਲਾਂ ਬਣੀਆਂ ਹਨ, ਉਨ੍ਹਾਂ ਨੂੰ ਸੀਲ ਕਰਨਾ ਗਲਤ ਹੈ, ਪਰ ਜੋ ਦੁਕਾਨਾਂ ਪਿਛਲੇ 1-2 ਸਾਲਾਂ ’ਚ ਬਣੀਆਂ ਹਨ, ਉਨ੍ਹਾਂ ਨੂੰ ਨਿਗਮ ਸੀਲ ਕਰ ਸਕਦਾ ਹੈ। ਵਿਧਾਇਕ ਗੋਗੀ ਨੇ ਨਿਗਮ ਅਧਿਕਾਰੀਆਂ ਨੂੰ ਵੀ ਮੌਕੇ ’ਤੇ ਸੱਦਿਆ ਸੀ, ਪਰ ਕੋਈ ਅਧਿਕਾਰੀ ਨਹੀਂ ਪੁੱਜਿਆ। ਵਿਧਾਇਕ ਗੋਗੀ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਸੀ ਅਧਿਕਾਰੀਆਂ ਨੂੰ ਇੱਕ ਵਾਰ ਸੂਚਨਾ ਦੇਣਾ ਤੇ ਜੇਕਰ ਕੋਈ ਨਹੀਂ ਆਇਆ ਤਾਂ ਉਨ੍ਹਾਂ ਲੋਕਾਂ ਦੀ ਮੌਜੂਦਗੀ ’ਚ ਸੀਲਾਂ ਤੋੜ ਦਿੱਤੀਆਂ।
The post ਲੁਧਿਆਣਾ ਨਿਗਮ ਵੱਲੋਂ ‘ਸੀਲ’ ਦੁਕਾਨਾਂ ਵਿਧਾਇਕ ਗੋਗੀ ਨੇ ਖੋਲ੍ਹੀਆਂ appeared first on punjabitribuneonline.com.