ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜਨਵਰੀ
ਸਾਬਕਾ ਜ਼ਿਲ੍ਹਾ ਖੇਡ ਅਫਸਰ ਤੇ ਖੋ-ਖੋ ਦੇ ਖੇਤਰ ਦੀ ਨਾਮਵਰ ਸ਼ਖਸ਼ੀਅਤ ਉਪਕਾਰ ਸਿੰਘ ਵਿਰਕ ਤੇ ਸਰਕਾਰੀ ਸੀਨੀਅਰ ਸੈਕੰਡਰੀ ਵਿਕਟੋਰੀਆ ਸਕੂਲ ਪਟਿਆਲਾ ਦੀ ਸਾਬਕਾ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੂੰ ਉਸ ਵੇਲੇ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪੁੱਤਰ ਸੁਖਮਨ ਸਿੰਘ ਵਿਰਕ (33) ਦਾ ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਵਿੰਡਸਰ ਵਿਖੇ ਭਰ ਜਵਾਨੀ ’ਚ ਦੇਹਾਂਤ ਹੋ ਗਿਆ। 27 ਦਸੰਬਰ ਨੂੰ ਸੁਖਮਨ ਸਿੰਘ ਆਪਣੇ ਘਰ ਤੋਂ ਕੰਮ ’ਤੇ ਜਾ ਰਿਹਾ ਸੀ ਤਾਂ ਘਰ ਤੋਂ ਕੁਝ ਦੂਰ ਹੀ ਉਸ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਮੌਕੇ ’ਤੇ ਹੀ ਸੁਖਮਨ ਸਿੰਘ ਦੀ ਮੌਤ ਹੋ ਗਈ। 33 ਸਾਲਾ ਸੁਖਮਨ ਸਿੰਘ ਦੀ ਕੈਨੇਡਾ ਵਸਦੀ ਪਤਨੀ ਹਰਸ਼ਿਕਾ ਵਿਰਕ, ਆਸਟਰੇਲੀਆ ਵਸਦੀ ਭੈਣ ਮਨਕੀਰਤ ਕੌਰ ਵਿਰਕ ਤੇ ਢਾਈ ਸਾਲ ਦਾ ਪੁੱਤਰ ਜਹਾਨ ਸਿੰਘ ਵਿਰਕ (ਕੈਨੇਡਾ) ਵੀ ਪਟਿਆਲਾ ਪੁੱਜ ਗਏ ਹਨ। ਉਪਕਾਰ ਸਿੰਘ ਵਿਰਕ ਨੇ ਦੱਸਿਆ ਕਿ ਸੁਖਮਨ ਸਿੰਘ ਦੀ ਦੇਹ ਅੱਜ ਕੈਨੇਡਾ ਤੋਂ ਪਟਿਆਲਾ ਪੁੱਜ ਗਈ ਹੈ ਅਤੇ ਉਸ ਦਾ ਅੰਤਿਮ ਸੰਸਕਾਰ 14 ਜਨਵਰੀ ਨੂੰ ਘਲੌੜੀ ਗੇਟ ਸ਼ਮਸ਼ਾਨ ਘਾਟ (ਸਨੌਰੀ ਅੱਡਾ) ਵਿਖੇ ਸਵੇਰੇ 10 ਵਜੇ ਕੀਤਾ ਜਾਵੇਗਾ। ਵਿਰਕ ਪਰਿਵਾਰ ਨਾਲ ਇਸ ਦੁੱਖ ਦੀ ਘੜੀ ‘ਚ ਵਿਧਾਇਕ ਗੁਰਲਾਲ ਸਿੰਘ ਘਨੌਰ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਐੱਸਐੱਸਪੀ ਪ੍ਰਿਤਪਾਲ ਸਿੰਘ ਵਿਰਕ ਤੇ ਦਰਸ਼ਨ ਸਿੰਘ ਮਾਨ, ਸਾਬਕਾ ਐੱਸਈ ਭੁਪਿੰਦਰ ਸਿੰਘ ਸੱਭਰਵਾਲ, ਚੰਡੀਗੜ੍ਹ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ, ਜ਼ਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਲਜੀਤ ਸਿੰਘ ਗੁਰਾਇਆ, ਸਿੱਖਿਆ ਤੇ ਖੇਡਾਂ ਦੇ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
The post ਕੈਨੇਡਾ ’ਚ ਪਟਿਆਲਾ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ appeared first on punjabitribuneonline.com.