ਟੈਂਕੀ ’ਤੇ ਡਟੇ ਬੇਰੁਜ਼ਗਾਰ ਅਧਿਆਪਕਾਂ ਦੀ ਪੁਕਾਰ, ਸਾਡੀ ਵੀ ਸੁਣੇ ਸਰਕਾਰ

ਟੈਂਕੀ ’ਤੇ ਡਟੇ ਬੇਰੁਜ਼ਗਾਰ ਅਧਿਆਪਕਾਂ ਦੀ ਪੁਕਾਰ, ਸਾਡੀ ਵੀ ਸੁਣੇ ਸਰਕਾਰ


ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਜਨਵਰੀ
ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਮਿਲੇ ਭਰੋਸੇ ਮਗਰੋਂ ਸਿੱਖਿਆ ਪ੍ਰੋਵਾਈਡਰ ਇੰਦਰਜੀਤ ਸਿੰਘ ਦੇ ਸੱਤ ਮਹੀਨਿਆਂ ਮਗਰੋਂ ਹੇਠਾਂ ਉਤਰਨ ਨਾਲ ਭਾਵੇਂ ਪਿੰਡ ਖੁਰਾਣਾ ਦੀ ਟੈਂਕੀ ’ਤੇ ਸੰਘਰਸ਼ੀ ਮੋਰਚਾ ਸਮਾਪਤ ਹੋ ਗਿਆ ਹੈ ਪਰ ਸਥਾਨਕ ਸਿਵਲ ਹਸਪਤਾਲ ਕੰਪਲੈਕਸ ਵਿੱਚ ਸਥਿਤ ਪਾਣੀ ਵਾਲੀ ਟੈਂਕੀ ਉੱਪਰ 5994 ਅਧਿਆਪਕ ਭਰਤੀ ਦੇ ਦੋ ਉਮੀਦਵਾਰਾਂ ਦਾ ਪਿਛਲੇ 87 ਦਿਨਾਂ ਤੋਂ ਸੰਘਰਸ਼ ਜਾਰੀ ਹੈ। ਭਾਵੇਂ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਹੈ ਪਰ ਇਨ੍ਹਾਂ ਦੋਵਾਂ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਦੀ ਕਿਸੇ ਨੇ ਸਾਰ ਨਹੀਂ ਲਈ। ਟੈਂਕੀ ਉੱਪਰ ਡਟੇ ਦੋਵੇਂ ਬੇਰੁਜ਼ਗਾਰ ਅਧਿਆਪਕ ਵੀ ਚਾਹੁੰਦੇ ਹਨ ਕਿ ਜਿਵੇਂ ਮੁੱਖ ਮੰਤਰੀ ਵੱਲੋਂ 8736 ਕੱਚੇ ਅਧਿਆਪਕ ਯੂਨੀਅਨ ਨਾਲ ਮੀਟਿੰਗ ਕਰਕੇ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਹੈ, ਉਸੇ ਤਰ੍ਹਾਂ 5994 ਅਧਿਆਪਕ ਭਰਤੀ ਦੇ ਉਮੀਦਵਾਰਾਂ ਨਾਲ ਵੀ ਮੀਟਿੰਗ ਕਰ ਕੇ ਮੰਗਾਂ ਦਾ ਹੱਲ ਕਰਨ।
ਠੰਢ ਵਧਣ ਦੇ ਬਾਵਜੂਦ ਦੋਵੇਂ ਉਮੀਦਵਾਰ ਕਰੀਬ ਸੌ ਫੁੱਟ ਉਚੀ ਟੈਂਕੀ ’ਤੇ ਡਟੇ ਹੋਏ ਹਨ। ਦੋਵੇਂ ਉਮੀਦਵਾਰ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਅਦਾਲਤ ਵਿੱਚ ਭਰਤੀ ਸਬੰਧੀ ਸਹੀ ਪੈਰਵਾਈ ਕਰਕੇ ਭਰਤੀ ਪ੍ਰਕਿਰਿਆ ਨੂੰ ਜਲਦ ਮੁਕੰਮਲ ਕਰੇ ਅਤੇ ਨਿਯੁਕਤੀ ਪੱਤਰ ਦੇ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜਿਆ ਜਾਵੇ। ਇਨ੍ਹਾਂ ਉਮੀਦਵਾਰਾਂ ਦੇ ਸਾਥੀ ਦੇਖ ਰੇਖ ਲਈ ਟੈਂਕੀ ਹੇਠਾਂ ਬੈਠੇ ਹਨ। ਕਰੀਬ ਤਿੰਨ ਮਹੀਨਿਆਂ ਤੋਂ ਚੱਲ ਰਹੇ ਟੈਂਕੀ ਸੰਘਰਸ਼ ਦੌਰਾਨ ਇਹਨ੍ਹਾਂ ਦੀਆਂ ਮੰਗਾਂ ਦੀ ਕੋਈ ਸੁਣਵਾਈ ਨਹੀਂ ਹੋਈ।
20 ਅਕਤੂਬਰ 2023 ਨੂੰ 5994 ਅਧਿਆਪਕ ਭਰਤੀ ਦੇ ਉਮੀਦਵਾਰ ਮਨਦੀਪ ਫਾਜ਼ਿਲਕਾ ਤੇ ਰਾਜ ਕੁਮਾਰ ਅਬੋਹਰ ਸਥਾਨਕ ਸਿਵਲ ਹਸਪਤਾਲ ਕੰਪਲੈਕਸ ਵਿੱਚ ਸਥਿਤ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਏ ਸਨ ਜੋ ਕਿ ਹਾਲੇ ਵੀ ਟੈਂਕੀ ਉਪਰ ਹੀ ਬੈਠੇ ਹਨ। 87 ਦਿਨਾਂ ਤੋਂ ਟੈਂਕੀ ਉੱਪਰ ਬੈਠੇ ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਇਨ੍ਹਾਂ ਦੇ ਸਾਥੀ 5994 ਅਧਿਆਪਕ ਭਰਤੀ ਦੇ ਉਮੀਦਵਾਰ ਅਤੇ ਯੂਨੀਅਨ ਆਗੂ ਸੁਰਿੰਦਰ ਪਾਲ ਗੁਰਦਾਸਪੁਰ ਤੇ ਬਲਵਿੰਦਰ ਸਿੰਘ ਕਾਕਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ 5994 ਅਧਿਆਪਕ ਭਰਤੀ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦੀ ਸਹੀ ਢੰਗ ਨਾਲ ਪੈਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਅਧਿਆਪਕ ਭਰਤੀ ਰੁਲ ਰਹੀ ਹੈ। ਉਨ੍ਹਾਂ ਕਿਹਾ ਕਿ ਈਟੀਟੀ ਕਾਡਰ ਵਿੱਚ 5994 ਅਧਿਆਪਕਾਂ ਦੀ ਭਰਤੀ ਲਈ ਪ੍ਰੀਖਿਆ 5 ਮਾਰਚ 2023 ਨੂੰ ਹੋਈ ਸੀ ਪਰ ਅਜੇ ਤੱਕ ਭਰਤੀ ਪ੍ਰਕਿਰਿਆ ਮੁਕੰਮਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਠੰਢ ਕਾਰਨ ਸਾਥੀਆਂ ਦਾ ਕੋਈ ਨੁਕਸਾਨ ਹੋਇਆ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ 5994 ਅਧਿਆਪਕ ਭਰਤੀ ਦੇ ਉਮੀਦਵਾਰ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨਾਲ ਵੀ ਮੀਟਿੰਗ ਕਰਨ ਅਤੇ ਮੰਗਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।

The post ਟੈਂਕੀ ’ਤੇ ਡਟੇ ਬੇਰੁਜ਼ਗਾਰ ਅਧਿਆਪਕਾਂ ਦੀ ਪੁਕਾਰ, ਸਾਡੀ ਵੀ ਸੁਣੇ ਸਰਕਾਰ appeared first on punjabitribuneonline.com.



Source link