ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਜਨਵਰੀ
ਦਿੱਲੀ ਨਗਰ ਨਿਗਮ (ਐਮਸੀਡੀ) ਸਦਨ ਵਿੱਚ ਅੱਜ ਵਿਸ਼ੇਸ਼ ਸੈਸ਼ਨ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਵਿਰੋਧੀ ਧਿਰ ਦੇ ਕੌਂਸਲਰ ਮੇਅਰ ਸ਼ੈਲੀ ਓਬਰਾਏ ਦੀ ਕੁਰਸੀ ਨੇੜੇ ਆ ਗਏ ਅਤੇ ਉਨ੍ਹਾਂ ਦੇ ਮੇਜ਼ ’ਤੇ ਸਦਨ ਨੂੰ ਸਥਾਈ ਕਮੇਟੀ ਦੀਆਂ ਸ਼ਕਤੀਆਂ ਸੌਂਪਣ ਵਾਲੇ ਮਤੇ ਦੀਆਂ ਕਾਪੀਆਂ ਪਾੜੀਆਂ ਗਈਆਂ। ਇਹ ਸੈਸ਼ਨ ਸਦਨ ਵਿੱਚ ਸਥਾਈ ਕਮੇਟੀ ਦੇ ਪੈਨਲ ਦੇ ਪੁਨਰਗਠਨ ਅਤੇ ਦਿੱਲੀ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਨੂੰ ਸੀਲ ਕਰਨ ਤੱਕ ਦੇ ਅਧਿਕਾਰਾਂ ਦੇ ਮੁੱਦਿਆਂ ’ਤੇ ਚਰਚਾ ਕਰਨ ਲਈ ਬੁਲਾਇਆ ਗਿਆ ਸੀ, ਕਿਉਂਕਿ 18 ਮੈਂਬਰੀ ਸਥਾਈ ਕਮੇਟੀ ਦਾ ਪੁਨਰਗਠਨ ਪਿਛਲੇ 10 ਮਹੀਨਿਆਂ ਤੋਂ ਲੰਬਿਤ ਹੈ। ਜਦੋਂ ਤੱਕ ਨਵੀਂ ਕਮੇਟੀ ਨਹੀਂ ਬਣਾਈ ਜਾਂਦੀ ਉਦੋਂ ਤੱਕ ਦਿੱਲੀ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਨੂੰ ‘ਡੀ-ਸੀਲ’ ਨਹੀਂ ਕੀਤਾ ਜਾ ਸਕਦਾ। ਜਾਣਕਾਰੀ ਅਨੁਸਾਰ ਜਦੋਂ ਮੇਅਰ ਸ਼ੈਲੀ ਓਬਰਾਏ ਸਦਨ ਵਿੱਚ ਦਾਖ਼ਲ ਹੋਏ ਤਾਂ ਵਿਰੋਧੀ ਧਿਰ ਦੇ ਕੌਂਸਲਰਾਂ ਨੇ ‘ਤਨਸ਼ਾਹੀ ਨਹੀਂ ਚੱਲੇਗੀ’ ਤੇ ‘ਸੰਵਿਧਾਨ ਦੀ ਹੱਤਿਆ ਬੰਦ ਕਰੋ’ ਵਰਗੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਵਿਚੋਂ ਕੁਝ ਤਾਂ ਮੇਅਰ ਦੇ ਮੇਜ਼ ’ਤੇ ਵੀ ਚੜ੍ਹ ਗਏ, ਮਤੇ ਦੇ ਕਾਗਜ਼ ਪਾੜ ਦਿੱਤੇ ਅਤੇ ਫਟੇ ਹੋਏ ਟੁਕੜਿਆਂ ਨੂੰ ਹਵਾ ਵਿਚ ਸੁੱਟ ਦਿੱਤਾ। ਵਿਰੋਧੀ ਧਿਰ ਦੇ ਨੇਤਾ ਰਾਜਾ ਇਕਬਾਲ ਸਿੰਘ ਨੇ ਸੱਤਾਧਾਰੀ ‘ਆਪ’ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਦਨ ਨੂੰ ਸਥਾਈ ਕਮੇਟੀ ਦੀਆਂ ਸ਼ਕਤੀਆਂ ਸੌਂਪਣਾ ਗੈਰ-ਸੰਵਿਧਾਨਕ ਹੋਵੇਗਾ। ਉਨ੍ਹਾਂ ਕਿਹਾ ਕਿ ਸਦਨ ਸਥਾਈ ਕਮੇਟੀ ਦੀਆਂ ਸ਼ਕਤੀਆਂ ਨਹੀਂ ਲੈ ਸਕਦਾ ਕਿਉਂਕਿ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ (ਡੀਐਮਸੀ) ਐਕਟ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਹੈ। ਜ਼ਿਕਰਯੋਗ ਹੈ ਕਿ ਸਥਾਈ ਕਮੇਟੀ, ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਦੀ ਸਭ ਤੋਂ ਉੱਚੀ ਫੈਸਲਾ ਲੈਣ ਵਾਲੀ ਸੰਸਥਾ ਹੈ ਜੋ ਸਾਰੇ ਵਿੱਤੀ ਫੈਸਲੇ ਲੈਣ ਲਈ ਜ਼ਿੰਮੇਵਾਰ ਹੈ। ਸਥਾਈ ਕਮੇਟੀ ਦੇ ਪੁਨਰਗਠਨ ਵਿੱਚ ਦੇਰੀ ਨੇ ਐਮਸੀਡੀ ਦੇ ਵਿੱਤੀ ਮਾਮਲਿਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕਈ ਪ੍ਰਸਤਾਵ ਲੰਬਿਤ ਹਨ। ਨਿਯਮਾਂ ਮੁਤਾਬਕ 5 ਕਰੋੜ ਰੁਪਏ ਤੋਂ ਵੱਧ ਦੇ ਪ੍ਰਸਤਾਵ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਪਾਸ ਨਹੀਂ ਹੋ ਸਕਦੇ। ਇਸ ਤੋਂ ਪਹਿਲਾਂ ‘ਆਪ’ ਦੇ ਕੌਂਸਲਰ ਅੰਕੁਸ਼ ਨਾਰੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਸਥਾਈ ਕਮੇਟੀ ਨਹੀਂ ਬਣਦੀ ਉਦੋਂ ਤੱਕ ਸਦਨ ਨੂੰ ਇਹ ਤਾਕਤਾਂ ਦਿੱਤੀਆਂ ਜਾਣ ਤਾਂ ਜੋ ਨਿਗਮ ਦੇ ਕੰਮ ਪ੍ਰਭਾਵਿਤ ਨਾ ਹੋਣ। ਉਨ੍ਹਾਂ ਕਿਹਾ ਕਿ ਨਿਗਮ ਸੱਕਤਰ ਤੱਕ ਨੂੰ ਸਦਨ ਵਿੱਚ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ‘ਆਪ’ ਆਪਣੇ ਵਾਅਦੇ ਪੂਰੇ ਕਰਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਕਰਨਾ ਚਾਹੁੰਦੀ ਹੈ।
‘ਆਪ’ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ: ਕਾਂਗਰਸ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਤਰਫੋਂ ਨਿਗਮ ਸਦਨ ਦੇ ਇਕ ਰੋਜ਼ਾ ਸੈਸ਼ਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਨਿਗਮ ਦੇ ਸਾਬਕਾ ਨੇਤਾ ਜਤਿੰਦਰ ਕੁਮਾਰ ਕੋਛੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਿਗਮ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ’ਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਦੇ ਅੰਦਰ ਸਥਾਈ ਕਮੇਟੀ ਦਾ ਗਠਨ ਕਰਨ ਵਿੱਚ ਨਾਕਾਮ ਰਹੀ ਸੱਤਾਧਾਰੀ ਪਾਰਟੀ ਨੂੰ ਸਥਾਈ ਕਮੇਟੀ ਦੀਆਂ ਸਾਰੀਆਂ ਸ਼ਕਤੀਆਂ ਸਦਨ ਨੂੰ ਸੌਂਪਣੀਆਂ ਚਾਹੀਦੀਆਂ ਹਨ ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਨਿਗਮ ਦਾ ਬਜਟ ਪੇਸ਼ ਕਰਕੇ ਗੈਰ-ਜਮਹੂਰੀ ਬੇਨਿਯਮੀਆਂ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਥਾਈ ਕਮੇਟੀ ਨਾ ਬਣਨ ਕਾਰਨ 50 ਤੋਂ ਵੱਧ ਯੋਜਨਾਵਾਂ ਲਟਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਥਾਈ ਕਮੇਟੀ ਨਗਰ ਨਿਗਮ ਦੀ ਸਰਵਉੱਚ ਕਮੇਟੀ ਹੈ ਜਿਸ ਕਾਰਨ ਸਾਰੀਆਂ ਵਿੱਤੀ ਪ੍ਰਵਾਨਗੀਆਂ ਜ਼ਿਆਦਾਤਰ ਸਟੈਂਡਿੰਗ ਕਮੇਟੀ ਤੋਂ ਹੀ ਲਈਆਂ ਜਾਂਦੀਆਂ ਹਨ ਅਤੇ 5 ਕਰੋੜ ਰੁਪਏ ਤੋਂ ਵੱਧ ਦੇ ਟੈਂਡਰ ਵਿਚ ਏਜੰਸੀ ਦੀ ਚੋਣ ਕਰਨ ਦਾ ਅਧਿਕਾਰ ਸਿਰਫ਼ ਸਥਾਈ ਕਮੇਟੀ ਕੋਲ ਹੈ | ਸਥਾਈ ਕਮੇਟੀ ਦੇ ਗਠਨ ਦੀ ਅਣਹੋਂਦ ਵਿੱਚ ਦਿੱਲੀ ਵਿੱਚ ਜਨਤਾ ਨਾਲ ਸਬੰਧਤ ਕੰਮ ਲਗਭਗ ਠੱਪ ਹੋ ਕੇ ਰਹਿ ਗਏ ਹਨ, ਜਿਸ ਕਾਰਨ ਦਿੱਲੀ ਦੀਆਂ ਕਲੋਨੀਆਂ, ਜੇਜੇ ਕਲਸਟਰਾਂ ਅਤੇ ਮੁੜ ਵਸੇਬਾ ਕਲੋਨੀਆਂ ਵਿੱਚ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ।
The post ਨਗਰ ਨਿਗਮ ਦੇ ਵਿਸ਼ੇਸ਼ ਸੈਸ਼ਨ ਵਿੱਚ ਭਾਜਪਾ ਕੌਂਸਲਰਾਂ ਵੱਲੋਂ ਹੰਗਾਮਾ appeared first on punjabitribuneonline.com.