ਹਤਿੰਦਰ ਮਹਿਤਾ
ਜਲੰਧਰ, 23 ਜਨਵਰੀ
ਕੋਲੇ ਵਾਲੀ ਅੰਗੀਠੀ ਲਾ ਕੇ ਬੀਤੀ ਰਾਤ ਸੁੱਤੇ ਪਿਓ-ਪੁੱਤ ਦੀ ਦਮ ਘੁਟਣ ਕਾਰਨ ਮੌਤ ਹੋ ਗਈ, ਜਦ ਕਿ ਚਚੇਰੇ ਭਰਾ ਦੀ ਹਾਲਤ ਨਾਜ਼ੁਕ ਹੈ। ਮ੍ਰਿਤਕਾਂ ਦੀ ਪਛਾਣ ਛਾਉਣੀ ਦੇ ਮੁਹੱਲਾ ਨੰਬਰ 20 ਦੇ ਨਾਲ ਲੱਗਦੀ ਢੱਕਾ ਕਲੋਨੀ ਵਾਸੀ ਰਾਮ ਬਾਲੀ (50) ਅਤੇ ਉਸ ਦੇ ਪੁੱਤਰ ਨਵੀਨ ਕੁਮਾਰ (24) ਵਜੋਂ ਹੋਈ ਹੈ। ਨਵੀਨ ਦੇ ਚਚੇਰੇ ਭਰਾ ਰਾਜੇਸ਼ ਕੁਮਾਰ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਪਿਓ-ਪੁੱਤ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਮੁੱਢਲੀ ਜਾਂਚ ਅਨੁਸਾਰ ਰਾਮ ਬਲੀ, ਨਵੀਨ ਅਤੇ ਰਾਜੇਸ਼ ਜਲੰਧਰ ਵਿੱਚ ਮਿਸਤਰੀ ਸਨ। ਮੰਗਲਵਾਰ ਸਵੇਰੇ ਤਿੰਨੋਂ ਕਮਰੇ ਤੋਂ ਬਾਹਰ ਨਹੀਂ ਆਏ, ਜਦੋਂ ਕੰਮ ’ਤੇ ਜਾਣ ਦਾ ਸਮਾਂ ਹੋਇਆ ਤਾਂ ਗੁਆਂਢੀ ਉਨ੍ਹਾਂ ਨੂੰ ਲੈਣ ਘਰ ਆਇਆ। ਅੰਦਰੋਂ ਕੋਈ ਜਵਾਬ ਨਾ ਮਿਲਣ ’ਤੇ ਉਸ ਨੂੰ ਸ਼ੱਕ ਹੋਇਆ। ਉਸ ਨੇ ਦਰਵਾਜ਼ਾ ਤੋੜ੍ਹ ਕੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਤਿੰਨੋਂ ਬੇਹੋਸ਼ ਪਏ ਸਨ। ਨੇੜੇ ਅੰਗੀਠੀ ਬਲ ਰਹੀ ਸੀ। ਗੁਆਂਢੀ ਨੇ ਨੇੜੇ ਦੇ ਲੋਕਾਂ ਨੂੰ ਬੁਲਾਇਆ। ਇਸ ਤੋਂ ਬਾਅਦ ਰਾਮ ਬਾਲੀ, ਨਵੀਨ ਅਤੇ ਰਾਜੇਸ਼ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਰਾਮ ਬਾਲੀ ਅਤੇ ਨਵੀਨ ਨੂੰ ਮ੍ਰਿਤਕ ਐਲਾਨ ਦਿੱਤਾ। ਰਾਜੇਸ਼ ਸਾਹ ਲੈ ਰਿਹਾ ਸੀ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪਿਮਸ ਹਸਪਤਾਲ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਕੈਂਟ ਦੀ ਪੁਲੀਸ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ।
The post ਜਲੰਧਰ: ਅੰਗੀਠੀ ਨਾਲ ਦਮ ਘੁਟਣ ਕਾਰਨ ਪਿਓ-ਪੁੱਤ ਦੀ ਮੌਤ, ਚਚੇਰਾ ਭਰਾ ਗੰਭੀਰ appeared first on Punjabi Tribune.