ਠੇਕਾ ਆਧਾਰ ’ਤੇ ਕੰਮ ਕਰਦੇ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ

ਠੇਕਾ ਆਧਾਰ ’ਤੇ ਕੰਮ ਕਰਦੇ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ


ਗੁਰਬਖਸ਼ਪੁਰੀ

ਤਰਨ ਤਾਰਨ, 22 ਜਨਵਰੀ
ਪੰਜਾਬ ਰੋਡਵੇਜ਼-ਪਨਬਸ-ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਝੰਡੇ ਹੇਠ ਅੱਜ ਰੋਡਵੇਜ਼ ਦੇ ਮੁਲਾਜ਼ਮਾਂ ਨੇ ਅੱਜ ਇੱਥੇ ਗੇਟ ਰੈਲੀ ਕਰ ਕੇ ਸੂਬਾ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ| ਜਥੇਬੰਦੀ ਦੀ ਤਰਨ ਤਾਰਨ ਡਿੱਪੂ ਇਕਾਈ ਦੇ ਪ੍ਰਧਾਨ ਸਤਨਾਮ ਸਿੰਘ ਤੁੜ ਦੀ ਅਗਵਾਈ ਵਿੱਚ ਕੀਤੀ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਗੁਰਮੇਲ ਸਿੰਘ, ਬਲਜੀਤ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਸੰਜੁ ਕੁਮਾਰ, ਮੁਖਤਿਆਰ ਸਿੰਘ, ਅੰਗਰੇਜ਼ ਸਿੰਘ, ਹਰਜਿੰਦਰ ਸਿੰਘ, ਵਰਕਸ਼ਾਪ ਮੁਲਾਜ਼ਮਾਂ ਦੇ ਪ੍ਰਧਾਨ ਹਰਦੇਵ ਸਿੰਘ ਨੇ ਸੰਬੋਧਨ ਕੀਤਾ|
ਬੁਲਾਰਿਆਂ ਸੂਬਾ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਤੋਂ ਲਗਾਤਾਰ ਟਾਲ-ਮਟੋਲ ਕਰਨ ਦੀ ਨਿਖੇਧੀ ਕੀਤੀ| ਬੁਲਾਰਿਆਂ ਕੇਂਦਰ ਵੱਲੋਂ ਟਰੈਫਿਕ ਨਿਯਮਾਂ ਵਿੱਚ ਸੋਧ ਦੇ ਨਾਂ ’ਤੇ ਪੂਰੇ ਭਾਰਤ ਦੇ ਡਰਾਈਵਰਾਂ ਅਤੇ ਆਮ ਵਰਗ ’ਤੇ ਮਾਰੂ ਕਾਨੂੰਨ ਲਾਗੂ ਕਰਨ ਵੱਲ ਨੂੰ ਤੁਰਨ ਦਾ ਵਿਰੋਧ ਕੀਤਾ ਅਤੇ ਇਸ ਕਾਨੂੰਨ ਨੂੰ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕੀਤੀ| ਆਗੂਆਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਟਰਾਂਸਪੋਰਟ ਵਿਭਾਗ ਵਿੱਚ ਹੋ ਰਹੀ ਜੀਐੱਸਟੀ ਅਤੇ ਕਮਿਸ਼ਨ ਦੀ ਕਰੋੜਾਂ ਰੁਪਏ ਦੀ ਲੁੱਟ ਨੂੰ ਬੰਦ ਕਰਨ, ਪਨਬੱਸ ਤੇ ਪੀਆਰਟੀਸੀ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਇਕਸਾਰਤਾ ਕੀਤੇ ਜਾਣ, ਬਰਾਬਰ ਕੰਮ -ਬਰਾਬਰ ਤਨਖ਼ਾਹ ਦੇਣ, ਘੱਟੋ-ਘੱਟ ਸਰਕਾਰੀ ਬੱਸਾਂ ਦੀ ਗਿਣਤੀ 10 ਹਜ਼ਾਰ ਕੀਤੇ ਜਾਣ, ਕੱਚੇ ਮੁਲਾਜ਼ਮਾਂ ਤੇ ਲਗਾਈਆਂ ਮਾਰੂ ਸ਼ਰਤਾਂ ਰੱਦ ਕਰ ਕੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ ਆਦਿ ਦੀਆਂ ਮੰਗਾਂ ਕੀਤੀਆਂ। ਉਨ੍ਹਾਂ ਮੰਗਾਂ ਨਾ ਮੰਨੇ ਜਾਣ ’ਤੇ 26 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਖ਼ਿਲਾਫ਼ ਕਾਲੇ ਝੋਲੇ ਪਾ ਕੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ|

The post ਠੇਕਾ ਆਧਾਰ ’ਤੇ ਕੰਮ ਕਰਦੇ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ appeared first on Punjabi Tribune.



Source link