ਦਿੱਲੀ ਵਾਸੀਆਂ ਨੂੰ ਕੜਾਕੇ ਦੀ ਠੰਢ ਤੋਂ ਮਾਮੂਲੀ ਰਾਹਤ


ਮਨਧੀਰ ਦਿਓਲ
ਨਵੀਂ ਦਿੱਲੀ, 24 ਜਨਵਰੀ
ਦਿੱਲੀ ਵਿੱਚ ਕੜਾਕੇ ਦੀ ਠੰਢ ਤੋਂ ਕੁਝ ਰਾਹਤ ਮਿਲੀ ਹੈ ਅਤੇ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਹੀ ਹਵਾ ਦੀ ਗੁਣਵੱਤਾ ’ਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ਵਿੱਚ ਮਾਪਿਆ ਗਿਆ। ਭਾਰਤ ਮੌਸਮ ਵਿਗਿਆਨ ਵਿਭਾਗ ਅਨੁਸਾਰ ਅੱਜ ਆਸਮਾਨ ਸਾਫ ਦੇਖਿਆ ਗਿਆ ਅਤੇ ਮੱਧਮ ਕੋਹਰਾ ਛਾਇਆ ਰਿਹਾ। ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 4 ਦਿਨਾਂ ਦੌਰਾਨ ਉੱਤਰੀ ਭਾਰਤ ਵਿੱਚ ਬਹੁਤ ਸੰਘਣੀ ਧੁੰਦ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਆਈਐੱਮਡੀ ਮੁਤਾਬਕ ਅਗਲੇ 2 ਦਿਨਾਂ ਦੌਰਾਨ ਉੱਤਰੀ ਭਾਰਤ ਵਿੱਚ ਠੰਢੇ ਦਿਨ ਦੇ ਹਾਲਾਤ ਜਾਰੀ ਰਹਿਣਗੇ ਅਤੇ ਉਸ ਤੋਂ ਬਾਅਦ ਠੰਢ ਵਿੱਚ ਕਮੀ ਆਉਣੀ ਸ਼ੁਰੂ ਹੋਵੇਗੀ। ਉਥੇ ਹੀ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸੰਘਣੀ ਧੁੰਦ ਕਾਰਨ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ। ਇਸ ਵਾਰ ਗਣਤੰਤਰ ਦਿਵਸ ਤੋਂ ਪਹਿਲਾਂ ਪਾਬੰਦੀਆਂ ਦੇ ਕਾਰਨ ਬੀਤੇ ਦਿਨ ਹਵਾਈ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ ਏਅਰਪੋਰਟ ਦੇ ਫਲਾਈਟ ਇਨਫਰਮੇਸ਼ਨ ਡਿਸਪਲੇਅ ਸਿਸਟਮ ਮੁਤਾਬਕ ਦਿੱਲੀ ਹਵਾਈ ਅੱਡੇ ’ਤੇ ਸੰਘਣੀ ਧੁੰਦ ਅਤੇ ਪ੍ਰਤੀਕੂਲ ਮੌਸਮ ਦੇ ਕਾਰਨ ਮਹੱਤਵਪੂਰਨ ਉਡਾਣਾਂ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। 22 ਕੌਮਾਂਤਰੀ ਉਡਾਣਾਂ ਦੇ ਜਾਣ, 20 ਦੇ ਆਉਣ, 31 ਘਰੇਲੂ ਉਡਾਣਾਂ ਆਗਮਨ ਤੇ 46 ਘਰੇਲੂ ਉਡਾਣਾਂ ਦੀ ਰਵਾਨਿਗੀ ਵਿੱਚ ਦੇਰੀ ਹੋਈ। ਸੰਘਣੀ ਧੁੰਦ ਨੇ ਹੁਣ ਤੱਕ ਸਰਦੀਆਂ ਦੌਰਾਨ ਉਡਾਣਾਂ ਅਤੇ ਰੇਲ ਸੇਵਾਵਾਂ ਵਿੱਚ ਰੁਕਾਵਟ ਪਾਈ ਹੈ, ਜਿਸ ਨਾਲ ਯਾਤਰੀਆਂ ਨੂੰ ਘੰਟਿਆਂ ਤੱਕ ਖੱਜਲ ਖੁਆਰ ਹੋਣਾ ਪਿਆ। ਪਾਲਮ ਸਟੇਸ਼ਨ ’ਤੇ ਸਵੇਰੇ 7 ਵਜੇ 700 ਮੀਟਰ ਅਤੇ ਸਫਦਰਜੰਗ ’ਤੇ 500 ਮੀਟਰ ’ਤੇ ਦਿੱਖਣ ਹੱਦ ਰਿਕਾਰਡ ਕੀਤੀ ਗਈ। ਭਾਰਤ ਮੌਸਮ ਵਿਗਿਆਨ ਵਿਭਾਗ ਮੁਤਾਬਕ ਕੌਮੀ ਰਾਜਧਾਨੀ ’ਚ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮੀ ਔਸਤ ਤੋਂ ਇਕ ਡਿਗਰੀ ਵੱਧ ਹੈ। ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਦੇ ਆਸਪਾਸ ਰਿਹਾ। ਮੌਸਮ ਵਿਗਿਆਨੀ ਅਨੁਸਾਰ ਦਰਮਿਆਨੀ ਧੁੰਦ ਬਣੀ ਰਹੀ ਤੇ ਸੂਰਜ ਬੱਦਲਾਂ ਦੇ ਓਹਲੇ ਰਿਹਾ। ਸ਼ਹਿਰ ਦੇ ਕਈ ਸਟੇਸ਼ਨਾਂ ’ਤੇ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਬਣੀ ਰਹੀ। ਕਈ ਸਟੇਸ਼ਨਾਂ ’ਤੇ ਹਵਾ ਗੁਣਵੱਤਾ ‘ਗੰਭੀਰ’ ਦਰਜ ਕੀਤੀ ਗਈ।

The post ਦਿੱਲੀ ਵਾਸੀਆਂ ਨੂੰ ਕੜਾਕੇ ਦੀ ਠੰਢ ਤੋਂ ਮਾਮੂਲੀ ਰਾਹਤ appeared first on Punjabi Tribune.



Source link