ਪਟਿਆਲਾ: ਜਲ ਸਪਲਾਈ ਇੰਜਨੀਅਰਾਂ ਵਲੋਂ ਸੰਘਰਸ਼ ਦਾ ਐਲਾਨ, 29 ਤੋਂ ਪੰਜਾਬ ’ਚ ਧਰਨੇ ਦੇਣ ਦਾ ਫ਼ੈਸਲਾ

ਪਟਿਆਲਾ: ਜਲ ਸਪਲਾਈ ਇੰਜਨੀਅਰਾਂ ਵਲੋਂ ਸੰਘਰਸ਼ ਦਾ ਐਲਾਨ, 29 ਤੋਂ ਪੰਜਾਬ ’ਚ ਧਰਨੇ ਦੇਣ ਦਾ ਫ਼ੈਸਲਾ


ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਜਨਵਰੀ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜਨੀਅਰਾਂ ਵੱਲੋਂ ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ ‘ਤੇ 29 ਤੋਂ 31 ਜਨਵਰੀ ਤੱਕ ਵਿਭਾਗ ਦੇ ਪੰਜਾਬ ਭਰ ਵਿਚਲੇ 13 ਸਰਕਲਾਂ ਅੱਗੇ ਧਰਨੇ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਇੱਕ ਫਰਵਰੀ ਤੋਂ ਵਿਭਾਗ ਮੁਖੀ ਦੇ ਮੁਹਾਲੀ ਸਥਿਤ ਦਫਤਰ ਵਿਖੇ ਵੀ ਲਗਾਤਾਰ ਧਰਨਾ ਦਿੱਤਾ ਜਾਵੇਗਾ। ਅੱਜ ਇੱਥੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਚੇਅਰਮੈਨ ਸੁਖਮਿੰਦਰ ਸਿੰਘ ਲਵਲੀ ਅਤੇ ਜਨਰਲ ਸਕੱਤਰ ਅਰਵਿੰਦ ਸੈਣੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪਿਛਲੇ ਸਾਲ ਅਤੇ ਇਸ ਸਾਲ ਵਿਭਾਗ ਵਿਚ ਸਹਾਇਕ ਇੰਜਨੀਅਰ ਤੋਂ ਉਪ ਮੰਡਲ ਇੰਜਨੀਅਰ ਅਤੇ ਉਪ ਮੰਡਲ ਇੰਜਨੀਅਰ ਤੋਂ ਕਾਰਜਕਾਰੀ ਇੰਜੀਨੀਅਰ ਲਈ ਕੋਈ ਵੀ ਪਦੳੰਨਤੀ ਨਹੀਂ ਹੋਈ। ਨਾ ਹੀ ਵਾਅਦੇ ਮੁਤਾਬਿਕ ਪਦਉਨਤੀ ਕੋਟਾ ਪੰਜਾਹ ਤੋਂ ਪਝੱਤਰ ਫੀਸਦ ਕਰਨ ਲਈ ਹੀ ਕੋਈ ਕਾਰਵਾਈ ਹੋਈ ਹੈ। ਉਪ ਮੰਡਲ ਇੰਜਨੀਅਰਾਂ ਨੂੰ ਸਫ਼ਰੀ ਭੱਤਾ ਦੇਣਾ ਤਾਂ ਦੂਰ, ਸਗੋਂ ਜੂਨੀਅਰ ਇੰਜਨੀਅਰ ਤੋਂ ਖੋਹੇ ਪੈਟਰੋਲ ਭੱਤੇ ਨੂੰ ਮੁੜ ਬਹਾਲ ਕਰਨ ਲਈ ਵੀ ਕੁਝ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਵਿਭਾਗੀ ਮੰਤਰੀ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ ਵੀ ਕੁਝ ਨਹੀਂ ਕੀਤਾ ਜਾ ਰਿਹਾ। ਐਸੋਸੀਏਸ਼ਨ ਦੇ ਵਿੱਤ ਸਕੱਤਰ ਕਮਰਜੀਤ ਮਾਨ ਨੇ ਕਿਹਾ ਕਿ ਵਿਭਾਗੀ ਮੁਖੀ ਮੀਟਿੰਗ ਵਿੱਚ ਕੀਤੇ ਲਿਖ਼ਤੀ ਵਾਅਦਿਆਂ ਤੋਂ ਵੀ ਮੁਨਕਰ ਹੋ ਰਹੇ ਹਨ। ਇਸ ਲਈ ਸਮੂਹ ਇੰਜਨੀਅਰਾਂ ਵਿੱਚ ਵਿਆਪਕ ਰੋਸ ਹੈ। ਇਸ ਪ੍ਰਦਰਸ਼ਨ ਨੂੰ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਸੰਬੋਧਨ ਕਰਨਗੇ। ਇਸ ਮੌਕੇਜਲੌਰ ਬਾਠ, ਦੀਪਾਂਸ਼ ਚੰਡੀਗੜ੍ਹ, ਸੁਖਰਾਜ ਲੁਧਿਆਣਾ, ਅਸ਼ਵਨੀ ਅਮ੍ਰਿਤਸਰ, ਗੁਰਦੀਪ ਬਰਨਾਲਾ, ਮਨਿੰਦਰ ਸੰਗਰੂਰ, ਬਲਰਾਜ ਬਠਿੰਡਾ, ਪਵਨਦੀਪ ਪਟਿਆਲਾ, ਹਰਜੀਤ ਗੁਰਦਾਸਪੁਰ, ਜ਼ੋਰਾਵਰ ਜਲੰਧਰ, ਅੰਮ੍ਰਿਤਪਾਲ ਫਰੀਦਕੋਟ, ਗੁਰਮੁਖ ਫਿਰੋਜ਼ਪੁਰ ਤੇ ਬਿਕਰਮਜੀਤ ਰੋਪੜ ਹਾਜ਼ਰ ਸਨ।

The post ਪਟਿਆਲਾ: ਜਲ ਸਪਲਾਈ ਇੰਜਨੀਅਰਾਂ ਵਲੋਂ ਸੰਘਰਸ਼ ਦਾ ਐਲਾਨ, 29 ਤੋਂ ਪੰਜਾਬ ’ਚ ਧਰਨੇ ਦੇਣ ਦਾ ਫ਼ੈਸਲਾ appeared first on Punjabi Tribune.



Source link