ਪਠਾਨਕੋਟ ਨਿਗਮ ਦੀ ਮੀਟਿੰਗ ਵਿੱਚ ਨੌਂ ਕਰੋੜ ਦੇ ਮਤੇ ਪਾਸ

ਪਠਾਨਕੋਟ ਨਿਗਮ ਦੀ ਮੀਟਿੰਗ ਵਿੱਚ ਨੌਂ ਕਰੋੜ ਦੇ ਮਤੇ ਪਾਸ


ਐਨਪੀ ਧਵਨ
ਪਠਾਨਕੋਟ, 29 ਜਨਵਰੀ
ਨਗਰ ਨਿਗਮ ਨੇ ਸਦਨ ਦੀ 10 ਮਹੀਨੇ ਬਾਅਦ ਅੱਜ ਅਖੀਰੀ ਮੀਟਿੰਗ ਕਰ ਕੇ ਸ਼ਹਿਰ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਕੰਮਾਂ ਦੇ ਲਗਪਗ ਸਾਰੇ ਮਤਿਆਂ ਨੂੰ ਪਾਸ ਕਰ ਦਿੱਤਾ। ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ-ਕਮ- ਡਿਪਟੀ ਕਮਿਸ਼ਨਰ ਹਰਬੀਰ ਸਿੰਘ, ਮੇਅਰ ਪੰਨਾ ਲਾਲ ਭਾਟੀਆ, ਵਿਧਾਇਕ ਅਸ਼ਵਨੀ ਸ਼ਰਮਾ ਅਤੇ 50 ਵਾਰਡਾਂ ਦੇ ਸਾਰੇ ਕਾਰਪੋਰੇਟਰ ਹਾਜ਼ਰ ਸਨ। ਜਿਉਂ ਹੀ ਮੀਟਿੰਗ ਦੀ ਸ਼ੁਰੂਆਤ ਹੋਈ ਤਾਂ ਵਿਕਾਸ ਕੰਮ ਨਾ ਹੋਣ ਦੇ ਚਲਦੇ ਮਹਿਲਾ ਕਾਰਪੋਰੇਟਰਾਂ ਨੇ ਸ਼ੋਰ ਸ਼ਰਾਬਾ ਅਤੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਨੂੰ ਕੋਸਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 20 ਫਰਵਰੀ ਨੂੰ ਹੋਈ ਸਦਨ ਦੀ ਮੀਟਿੰਗ ਵਿੱਚ ਵਿਕਾਸ ਕੰਮਾਂ ਲਈ ਇੱਥੇ ਮਤੇ ਪਾਸ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਅਜੇ ਵੀ ਕਾਫ਼ੀ ਬਕਾਇਆ ਹਨ ਤੇ ਉਨ੍ਹਾਂ ਉੱਪਰ ਕੋਈ ਕੰਮ ਨਹੀਂ ਹੋਇਆ ਹੈ। ਇਸ ਦੇ ਬਾਵਜੂਦ ਅੱਜ ਦੀ ਮੀਟਿੰਗ ਵਿੱਚ ਕਰੀਬ 8 ਕਰੋੜ 82 ਲੱਖ ਰੁਪਏ ਦੇ ਵਿਕਾਸ ਕੰਮਾਂ ਨੂੰ ਫਿਰ ਹਰੀ ਝੰਡੀ ਦੇ ਦਿੱਤੀ ਗਈ। ਇਨ੍ਹਾਂ ਵਿੱਚ ਸੜਕਾਂ, ਗਲੀਆਂ ਵਿੱਚ ਟਾਈਲਾਂ ਲਗਾਉਣਾ, ਕਮਿਊਨਿਟੀ ਹਾਲ ਦੇ ਅਪਗ੍ਰੇਡੇਸ਼ਨ, ਰੋਡ ਮਾਰਕਿੰਗ ਲਾਈਨ ਤੇ ਜ਼ੈਬਰਾ ਕਰਾਸਿੰਗ, ਗੰਦਾ ਨਾਲਾ ਉਸਾਰੀ ਅਤੇ ਉਨ੍ਹਾਂ ’ਤੇ ਸਲੈਬਾਂ ਅਤੇ ਜੰਗਲੇ ਲਗਾਉਣੇ ਅਤੇ ਨਵੇਂ ਟਿਊਬਵੈਲ ਲਗਾਏ ਜਾਣ ਦੇ ਮਤੇ ਸ਼ਾਮਲ ਹਨ।
ਇੱਥੇ ਇਹ ਦੱਸਣਯੋਗ ਹੈ ਕਿ ਮੀਟਿੰਗ ਵਿੱਚ ਕਿਸੇ ਵੀ ਪੱਤਰਕਾਰ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਦੂਜੇ ਪਾਸੇ, ਮੀਟਿੰਗ ਖ਼ਤਮ ਹੋਣ ਤੋਂ ਬਾਅਦ ਵਿਧਾਇਕ ਅਸ਼ਵਨੀ ਸ਼ਰਮਾ ਨੇ ਬਾਹਰ ਆ ਕੇ ਨਗਰ ਨਿਗਮ ਪ੍ਰਸ਼ਾਸਨ ਅਤੇ ਮੇਅਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਮੇਅਰ ਅਤੇ ਕਾਂਗਰਸ ਨਿਹੱਥੇ ਹੋ ਚੁੱਕੇ ਹਨ। ਅਫ਼ਸਰਸ਼ਾਹੀ ਦਾ ਦਬਦਬਾ ਹੋ ਚੁੱਕਾ ਹੈ। ਇਸ ਦੇ ਚਲਦੇ ਲੋਕਾਂ ਦੇ ਕੰਮ ਨਹੀਂ ਹੋ ਰਹੇ। ਸ਼ਹਿਰ ਅੰਦਰ ਸੀਵਰੇਜ, ਪਾਣੀ ਅਤੇ ਵਿਕਾਸ ਕੰਮ ਠੱਪ ਹੋ ਚੁੱਕੇ ਹਨ ਅਤੇ ਲੋਕ ਸਰਕਾਰ ਦੇ ਮੂੰਹ ਵੱਲ ਤੱਕ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੰਵਿਧਾਨ ਦੀ ਸਹੁੰ ਖਾਧੀ ਹੈ ਪਰ ਉਹ ਸਰਵਿਸ ਰੂਲ ਦੇ ਤਹਿਤ ਕੋਈ ਵੀ ਕੰਮ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਨਤਾ ਹੁਣ ਚੁੱਪ ਰਹਿਣ ਵਾਲੀ ਨਹੀਂ ਹੈ। ਪਠਾਨਕੋਟ ਦੇ ਲੋਕਾਂ ਨਾਲ ਅਜਿਹਾ ਅਨਿਆਂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜਲਦੀ ਹੀ ਸ਼ਹਿਰ ਨੂੰ ਜੋ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹਨ, ਨੂੰ ਲੈ ਕੇ ਜਲਦੀ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਵਾਰਡ ਵਿੱਚ ਗੰਦਗੀ ਦੇ ਢੇਰ ਹਨ।

The post ਪਠਾਨਕੋਟ ਨਿਗਮ ਦੀ ਮੀਟਿੰਗ ਵਿੱਚ ਨੌਂ ਕਰੋੜ ਦੇ ਮਤੇ ਪਾਸ appeared first on Punjabi Tribune.



Source link