ਮਨੋਜ ਸੋਨਕਰ ਨੂੰ ਨਵਾਂ ਮੇਅਰ ਐਲਾਨੇ ਜਾਣ ਮਗਰੋਂ ਜ਼ੋਰਦਾਰ ਹੰਗਾਮਾ

ਮਨੋਜ ਸੋਨਕਰ ਨੂੰ ਨਵਾਂ ਮੇਅਰ ਐਲਾਨੇ ਜਾਣ ਮਗਰੋਂ ਜ਼ੋਰਦਾਰ ਹੰਗਾਮਾ


ਮੁਕੇਸ਼ ਕੁਮਾਰ
ਚੰਡੀਗੜ੍ਹ, 30 ਜਨਵਰੀ
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਲਈ ਅੱਜ ਹੋਈਆਂ ਚੋਣਾਂ ਦੌਰਾਨ ਭਾਜਪਾ ਕੌਂਸਲਰ ਮਨੋਜ ਸੋਨਕਰ ਨੂੰ ਨਵਾਂ ਮੇਅਰ ਚੁਣ ਲਿਆ ਗਿਆ ਹੈ। ਭਾਰੀ ਹੰਗਾਮੇ ਦੌਰਾਨ ਹੋਈ ਮੇਅਰ ਦੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਨੇ ‘ਆਪ’-ਕਾਂਗਰਸ (ਇੰਡੀਆ) ਗੱਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਨੂੰ 4 ਵੋਟਾਂ ਨਾਲ ਹਰਾ ਕੇ ਮੇਅਰ ਦੀ ਸੀਟ ਜਿੱਤ ਲਈ ਹੈ। ਹੰਗਾਮੇ ਦਰਮਿਆਨ ਹੋਈਆਂ ਚੋਣਾਂ ਵਿੱਚ ਭਾਜਪਾ ਵੱਲੋਂ ਸੀਨੀਅਰ ਡਿਪਟੀ ਮੇਅਰ ਕੁਲਜੀਤ ਸੰਧੂ ਅਤੇ ਡਿਪਟੀ ਮੇਅਰ ਰਾਜਿੰਦਰ ਸ਼ਰਮਾ ਚੁਣੇ ਗਏ।
ਇਸ ਦੌਰਾਨ ਭਾਜਪਾ ਦੀ ਜਿੱਤ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਨੇ ਤੁਰੰਤ ਹਾਈ ਕੋਰਟ ਵਿੱਚ ਅਪੀਲ ਦਾਖਲ ਕਰ ਕੇ ਮੇਅਰ ਦੀ ਚੋਣ ਨੂੰ ਗਲਤ ਕਰਾਰ ਦਿੱਤਾ। ਇਸ ਅਪੀਲ ’ਤੇ ਸੁਣਵਾਈ ਭਲਕੇ 31 ਜਨਵਰੀ ਨੂੰ ਹੋਵੇਗੀ ਅੱਜ ਨਿਗਮ ਭਵਨ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਹੋਈ ਮੇਅਰ ਦੀ ਚੋਣ ਵਿੱਚ ‘ਆਪ’-ਕਾਂਗਰਸ ਕੋਲ ਲੋੜੀਂਦੀ ਬਹੁਮਤ ਹੋਣ ਦੇ ਬਾਵਜੂਦ ਭਾਜਪਾ ਉਮੀਦਵਾਰ ਸਫ਼ਲ ਰਿਹਾ।

ਕਾਂਗਰਸ ਅਤੇ ‘ਆਪ’ ਦੇ ਕੌਂਸਲਰ ਚੋਣ ਨਤੀਜਿਆਂ ਤੋਂ ਬਾਅਦ ਧਰਨਾ ਦਿੰਦੇ ਹੋਏ। -ਫੋਟੋਆਂ: ਵਿੱਕੀ ਘਾਰੂ

ਮੇਅਰ ਦੀ ਚੋਣ ਲਈ ਸਥਾਨਕ ਸੰਸਦ ਮੈਂਬਰ ਅਤੇ 35 ਕੌਂਸਲਰਾਂ ਨੇ ਵੋਟਾਂ ਪਾਈਆਂ। ਭਾਜਪਾ ਦੇ ਮਨੋਜ ਸੋਨਕਰ ਨੂੰ 16 ਤੇ ‘ਆਪ’-ਕਾਂਗਰਸ ਦੇ ਉਮੀਦਵਾਰ ਨੂੰ 12 ਵੋਟਾਂ ਮਿਲੀਆਂ ਜਦਕਿ ਪ੍ਰੀਜ਼ਾਈਡਿੰਗ ਅਫ਼ਸਰ ਨੇ 8 ਵੋਟਾਂ ਅਯੋਗ ਕਰਾਰ ਦਿੱਤੀਆਂ। ਚੋਣ ਨਤੀਜਿਆਂ ਦਾ ਐਲਾਨ ਹੁੰਦੇ ਹੀ ‘ਆਪ’-ਕਾਂਗਰਸੀ ਕੌਂਸਲਰਾਂ ਨੇ ਪ੍ਰੀਜ਼ਾਈਡਿੰਗ ਅਫ਼ਸਰ ’ਤੇ ਵੋਟਾਂ ਦੀ ਗਿਣਤੀ ’ਚ ਧੋਖਾਧੜੀ ਕਰਨ ਦਾ ਦੋਸ਼ ਲਾਉਂਦਿਆਂ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਨਿਗਮ ਹਾਊਸ ’ਚ ਭਾਜਪਾ ਤੇ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮੇ ਦੌਰਾਨ ਭਾਜਪਾ ਕੌਂਸਲਰਾਂ ਨੇ ਆਪਣੇ ਜੇਤੂ ਕੌਂਸਲਰ ਮਨੋਜ ਸੋਨਕਰ ਨੂੰ ਮੇਅਰ ਦੀ ਕੁਰਸੀ ’ਤੇ ਬਿਠਾ ਦਿੱਤਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਵਿਰੋਧੀ ਧਿਰ ਅਤੇ ਭਾਜਪਾ ਕੌਂਸਲਰਾਂ ਵਿਚਾਲੇ ਹੱਥੋਪਾਈ ਅਤੇ ਗਾਲੀ-ਗਲੋਚ ਵੀ ਹੋਈ ਅਤੇ ਉੱਥੇ ਤਾਇਨਾਤ ਮਾਰਸ਼ਲਾਂ ਨੇ ਸਥਿਤੀ ਨੂੰ ਸੰਭਾਲਿਆ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਗਲਤ ਕਰਾਰ ਦਿੱਤਾ ਤੇ ਨਿਗਮ ਹਾਊਸ ਦੇ ਬਾਹਰ ਧਰਨਾ ਦਿੱਤਾ। ਇਸ ਮੌਕੇ ਚੰਡੀਗੜ੍ਹ ਪੁਲੀਸ ਦੇ ਉੱਚ ਅਧਿਕਾਰੀ ਵੀ ਸੁਰੱਖਿਆ ਪ੍ਰਬੰਧਾਂ ਸਬੰਧੀ ਨਿਗਰਾਨੀ ਰੱਖ ਰਹੇ ਸਨ।
ਚੰਡੀਗੜ੍ਹ ਨਗਰ ਨਿਗਮ ਚੋਣਾਂ ’ਚ ਬਹੁਮਤ ਹੋਣ ਦੇ ਬਾਵਜੂਦ ‘ਆਪ’ ਅਤੇ ਕਾਂਗਰਸ ਹਾਰ ਗਈਆਂ। ਗੱਠਜੋੜ ਤੋਂ ਬਾਅਦ ਦੋਵਾਂ ਪਾਰਟੀਆਂ ਦੇ 20 ਕੌਂਸਲਰਾਂ (‘ਆਪ’ ਦੇ 13+ ਕਾਂਗਰਸ ਦੇ 7) ਦੀਆਂ ਵੋਟਾਂ ਸਨ ਜਦੋਂ ਕਿ ਭਾਜਪਾ ਦੇ 14 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਕਿਰਨ ਖੇਰ ਦੀਆਂ ਕੁੱਲ 15 ਵੋਟਾਂ ਸਨ। ਨਿਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕੌਂਸਲਰ ਦੀ ਵੀ ਵੋਟ ਸੀ। ਕਰੀਬ 10.30 ਵਜੇ ਚੋਣ ਪ੍ਰਕਿਰਿਆ ਸ਼ੁਰੂ ਹੋਈ। ਚੋਣਾਂ ਤੋਂ ਬਾਅਦ ‘ਆਪ’ ਕੌਂਸਲਰਾਂ ਨੇ ਸਦਨ ਵਿੱਚ ਸਿਰਫ਼ ਇੱਕ ਰੰਗ ਦਾ ਪੈੱਨ ਵਰਤਣ ਦੀ ਮੰਗ ਕੀਤੀ।
ਸਵੇਰੇ 11.16 ਵਜੇ ਮੇਅਰ ਦੀ ਚੋਣ ਲਈ ਵੋਟਿੰਗ ਸ਼ੁਰੂ ਹੋਈ ਅਤੇ ਸੰਸਦ ਮੈਂਬਰ ਕਿਰਨ ਖੇਰ ਨੇ ਸਭ ਤੋਂ ਪਹਿਲਾਂ ਆਪਣੀ ਵੋਟ ਪਾਈ ਅਤੇ ਉਨ੍ਹਾਂ ਤੋਂ ਬਾਅਦ ਚੁਣੇ ਹੋਏ ਕੌਂਸਲਰਾਂ ਨੇ ਵਾਰਡ ਵਾਈਜ਼ ਆਪਣੀ ਵੋਟ ਪਾਈ। ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣ ਅਧਿਕਾਰੀ ਅਨਿਲ ਮਸੀਹ ਵੱਲੋਂ ਐਲਾਨੇ ਗਏ ਨਤੀਜਿਆਂ ’ਚ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ ਜੇਤੂ ਕਰਾਰ ਦਿੱਤਾ ਗਿਆ, ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ‘ਆਪ’-ਕਾਂਗਰਸ ਗੱਠਜੋੜ ਦੇ ਕੌਂਸਲਰਾਂ ਨੇ ਚੋਣ ਅਧਿਕਾਰੀ ਦੀ ਤਰਫੋਂ ਬੈਲਟ ਪੇਪਰਾਂ ’ਤੇ ਦਸਤਖ਼ਤ ਕਰਨ ਦੌਰਾਨ ਛੇੜਛਾੜ ਦੇ ਦੋਸ਼ ਲਾਇਆ।

ਚੰਡੀਗੜ੍ਹ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ: ਐੱਚ ਐੱਸ ਲੱਕੀ

ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐੱਚ ਐੱਸ ਲੱਕੀ ਨੇ ਅੱਜ ਕਿਹਾ ਕਿ ਅੱਜ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਵਿੱਚ ਜੋ ਹੋਇਆ, ਉਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਹ ਚੰਡੀਗੜ੍ਹ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ। ਭਾਜਪਾ ਅਤੇ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਚੋਣ ਜਿੱਤਣ ਲਈ ਇੰਨੇ ਹੇਠਾਂ ਝੁਕ ਗਏ। ਚੰਡੀਗੜ੍ਹ ਦੇ ਲੋਕ ਭਾਜਪਾ ਨੂੰ ਮਸ਼ੀਨਰੀ ਦੀ ਅਜਿਹੀ ਦੁਰਵਰਤੋਂ ਲਈ ਕਦੇ ਮੁਆਫ ਨਹੀਂ ਕਰਨਗੇ।

ਪ੍ਰਸ਼ਾਸਨ ਨਾਲ ਮਿਲ ਕੇ ਭਾਜਪਾ ਨੇ ਲੋਕਤੰਤਰ ਦਾ ਕਤਲ ਕੀਤਾ: ਆਹਲੂਵਾਲੀਆ

ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਐੱਚ ਐੱਸ ਆਹਲੂਵਾਲੀਆ ਵੀ ਨਗਰ ਨਿਗਮ ਭਵਨ ਪਹੁੰਚ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗੱਠਜੋੜ ਕੋਲ ਪੂਰਨ ਬਹੁਮਤ ਸੀ, ਪਰ ਪ੍ਰਸ਼ਾਸਨ ਨਾਲ ਮਿਲ ਕੇ ਭਾਜਪਾ ਨੇ ਲੋਕਤੰਤਰ ਦਾ ਕਤਲ ਕੀਤਾ ਹੈ।

The post ਮਨੋਜ ਸੋਨਕਰ ਨੂੰ ਨਵਾਂ ਮੇਅਰ ਐਲਾਨੇ ਜਾਣ ਮਗਰੋਂ ਜ਼ੋਰਦਾਰ ਹੰਗਾਮਾ appeared first on Punjabi Tribune.



Source link