ਆਤਿਸ਼ੀ ਨੇ ਕ੍ਰਾਈਮ ਬ੍ਰਾਂਚ ਦੇ ‘ਨੋਟਿਸ’ ਨੂੰ ਦੱਸਿਆ ‘ਚਿੱਠੀ’

ਆਤਿਸ਼ੀ ਨੇ ਕ੍ਰਾਈਮ ਬ੍ਰਾਂਚ ਦੇ ‘ਨੋਟਿਸ’ ਨੂੰ ਦੱਸਿਆ ‘ਚਿੱਠੀ’


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 4 ਫਰਵਰੀ

‘ਆਪ’ ਵੱਲੋਂ ਭਾਜਪਾ ਉਪਰ ਉਸ ਦੇ ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਕਰਨ ਦੇ ਲਾਏ ਕਥਿਤ ਦੋਸ਼ਾਂ ਮਗਰੋਂ ਭਾਜਪਾ ਦੀ ਦਿੱਲੀ ਪੁਲੀਸ ਨੂੰ ਕੀਤੀ ਸ਼ਿਕਾਇਤ ਦੇ ਮੱਦੇਨਜ਼ਰ ਦੋਵਾਂ ਸਿਆਸੀ ਧਿਰਾਂ ਵਿਚਾਲੇ ਤੋਹਮਤਾਂ ਦਾ ਦੌਰ ਫਿਰ ਮਘ ਗਿਆ ਹੈ।

ਦਿੱਲੀ ਦੀ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰਕੇ ਕ੍ਰਾਈਮ ਬ੍ਰਾਂਚ ਵੱਲੋਂ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚਣ ਬਾਰੇ ਕਹਾਣੀ ਬਿਆਨ ਕੀਤੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਕੇਜਰੀਵਾਲ ਦੇ ਘਰ ਪਹੁੰਚੇ। ਉਹੀ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਅੱਜ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਕਿਹਾ ਕਿ ਸਾਨੂੰ ਅਪਰਾਧ ਸ਼ਾਖਾ ਦੇ ਅਧਿਕਾਰੀਆਂ ’ਤੇ ਤਰਸ ਆਉਂਦਾ ਹੈ। ਕ੍ਰਾਈਮ ਬ੍ਰਾਂਚ ਦਾ ਨੋਟਿਸ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ’ਚ ਨਾ ਤਾਂ ਕੋਈ ਧਾਰਾ ਹੈ ਅਤੇ ਨਾ ਹੀ ਕੋਈ ਦੋਸ਼ ਲਗਾਇਆ ਗਿਆ ਹੈ ਇਹ ਨੋਟਿਸ ਨਹੀਂ ਸਗੋਂ ਚਿੱਠੀ ਹੈ। ਉਨ੍ਹਾਂ ਕਿਹਾ ਕਿ ਚਿੱਠੀ ’ਚ ਲਿਖਿਆ ਹੈ ਕਿ ਉਹ ਦੱਸਣ ਕਿ ਤੁਹਾਡੇ ਵਿਧਾਇਕਾਂ ਨੂੰ ਕਿਸ ਨੇ ਤੋੜਨ ਦੀ ਕੋਸ਼ਿਸ਼ ਕੀਤੀ।

ਆਤਿਸ਼ੀ ਨੇ ਕਿਹਾ ਕਿ ਇਹ ਉਹੀ ਲੋਕ ਸਨ ਜਿਨ੍ਹਾਂ ਨੇ 2016 ’ਚ ਕਾਂਗਰਸ ਦੇ 9 ਵਿਧਾਇਕਾਂ ਨੂੰ ਤੋੜਿਆ ਸੀ। ਇਹ ਉਹੀ ਲੋਕ ਸਨ ਜਿਨ੍ਹਾਂ ਨੇ ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੋਆ, ਮਨੀਪੁਰ, ਅਰੁਣਾਚਲ ਪ੍ਰਦੇਸ਼ ਵਿੱਚ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਇਹ ਉਹੀ ਲੋਕ ਹਨ ਜੋ ਸਾਡੀ ਸਰਕਾਰ ਨੂੰ ਡੇਗਣ ਤੇ ਵਿਧਾਇਕਾਂ ਨੂੰ ਖਰੀਦਣ ਆਏ ਸਨ, ਜਿਨ੍ਹਾਂ ਨੇ ਵੱਖ-ਵੱਖ ਰਾਜਾਂ ਵਿੱਚ ਸਰਕਾਰਾਂ ਨੂੰ ਡੇਗਿਆ। ਸੂਤਰਾਂ ਮੁਤਾਬਕ ਆਤਿਸ਼ੀ ਦੇ ਸਟਾਫ਼ ਨੂੰ ਇਹ ਨੋਟਿਸ ਉਦੋਂ ਮਿਲਿਆ ਹੈ, ਜਦੋਂ ਕ੍ਰਾਈਮ ਬ੍ਰਾਂਚ ਦੀ ਟੀਮ ਐਤਵਾਰ ਨੂੰ ਦੁਪਹਿਰ 12.55 ਵਜੇ ਦੂਜੀ ਵਾਰ ਆਤਿਸ਼ੀ ਦੀ ਰਿਹਾਇਸ਼ ’ਤੇ ਗਈ। ਉਨ੍ਹਾਂ ਨੂੰ 5 ਫਰਵਰੀ ਤੱਕ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ।

 

The post ਆਤਿਸ਼ੀ ਨੇ ਕ੍ਰਾਈਮ ਬ੍ਰਾਂਚ ਦੇ ‘ਨੋਟਿਸ’ ਨੂੰ ਦੱਸਿਆ ‘ਚਿੱਠੀ’ appeared first on Punjabi Tribune.



Source link