ਟ੍ਰਿਬਿਊਨ ਨਿਊਜ਼ ਸਰਵਿਸ/ਨਿੱਜੀ ਪੱਤਰ ਪ੍ਰੇਰਕ
ਚੰਡੀਗੜ੍ਹ/ਸੰਗਰੂਰ 7 ਫਰਵਰੀ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਨਵੀਂ ਖੇਤੀ ਨੀਤੀ ਤੇ ਕਿਸਾਨੀ ਮਸਲਿਆਂ ਦੇ ਹੱਲ ਲਈ ਪੰਜਾਬ ਸਰਕਾਰ ਵਿਰੁੱਧ ਸੂਬੇ ਦੇ 16 ਜ਼ਿਲ੍ਹਿਆਂ ’ਚ ਡਿਪਟੀ ਕਮਿਸ਼ਨਰ ਦਫ਼ਤਰਾਂ ਮੂਹਰੇ ਸ਼ੁਰੂ ਕੀਤੇ ਪੰਜ ਰੋਜ਼ਾ ਪੱਕੇ ਮੋਰਚੇ ਅੱਜ ਦੂਜੇ ਦਿਨ ਵੀ ਜਾਰੀ ਰਹੇ। ਮੋਰਚਿਆਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ, ਨੌਜਵਾਨਾਂ ਤੇ ਬਜ਼ੁਰਗਾਂ, ਕਿਸਾਨਾਂ ਤੇ ਮਜ਼ਦੂਰਾਂ ਨੇ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਏ ਤੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਖੇਤੀ ਸੈਕਟਰ ਨੂੰ ਬਚਾਉਣ ਲਈ ਕਾਰਪੋਰੇਟਾਂ ਤੋਂ ਸੁਚੇਤ ਰਹਿਣ ਦਾ ਹੋਕਾ ਦਿੱਤਾ ਤੇ ਕਿਹਾ ਕਿ ਭਲਕੇ ਵੀਰਵਾਰ ਨੂੰ ਸਾਰੇ ਜ਼ਿਲ੍ਹਿਆਂ ’ਚ ਮੋਰਚਿਆਂ ਦੀ ਕਮਾਨ ਔਰਤਾਂ ਦੇ ਹੱਥ ਹੋਵੇਗੀ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਖੇਤੀ ਨੀਤੀ ਤੇ ਹੋਰਨਾਂ ਮੁੱਦਿਟਾਂ ’ਤੇ ਵਾਅਦੇ ਬਹੁਤ ਵੱਡੇ-ਵੱਡੇ ਕੀਤੇ ਸਨ ਪਰ ਇੱਕ ਵੀ ਪੂਰਾ ਨਹੀਂ ਕੀਤਾ। ਇੱਥੇ ਸੰਗਰੂਰ ’ਚ ਡੀਸੀ ਦਫ਼ਤਰ ਅੱਗੇ ਧਰਨੇ ਵਿੱਚ ਉਗਰਾਹਾਂ ਨੇ ਖੇਤੀ ਨੂੰ ਤਬਾਹ ਕਰਨ ਲਈ ਯਤਨਸ਼ੀਲ ਕਾਰਪੋਰੇਟ ਕੰਪਨੀਆਂ ਤੋਂ ਕਿਸਾਨਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ, ‘‘ਕਿਸਾਨੋਂ ਗੁਮਰਾਹ ਨਾ ਹੋਵੇ, ਆਪਣੀਆਂ ਜ਼ਮੀਨਾਂ ਨਾ ਵੇਚੋ ਕਿਉਂਕਿ ਜ਼ਮੀਨ ਸਾਡੀ ਵਿਰਾਸਤ ਹੈ।’’ ਉਨ੍ਹਾਂ ਆਖਿਆ ਕਿ ਕਿਹਾ ਕਿ ਲੋਕਾਂ ਵੱਲੋਂ ਚੁਣੀਆਂ ਹੋਈਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀਆਂ ਕਥਿਤ ਗੁਲਾਮ ਹਨ ਜਿਨ੍ਹਾਂ ਵੱਲੋਂ ਸਾਰੇ ਅਦਾਰੇ ਕਾਰਪੋਰੇਟਾਂ ਹਵਾਲੇ ਕੀਤੇ ਜਾ ਰਹੇ ਹਨ। ਕਾਰਪੋਰੇਟ ਮੁਨਾਫ਼ੇ ਕਮਾ ਰਹੇ ਹਨ ਜਦਕਿ ਸਰਕਾਰਾਂ ਉਨ੍ਹਾਂ ਦੀਆਂ ਰੱਖਿਆ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਜਬਰੀ ਖੋਹੀਆਂ ਜਾ ਰਹੀਆਂ ਹਨ ਜਦਕਿ ਕਿਸਾਨ ਸਰਕਾਰ ਵੱਲੋਂ ਜ਼ਮੀਨ ਦੀ ਦਿੱਤੀ ਜਾ ਰਹੀ ਕੀਮਤ ’ਤੇ ਸਹਿਮਤ ਨਹੀਂ ਹਨ। ਉਗਰਾਹਾਂ ਨੇ ਆਖਿਆ, ‘‘ਜ਼ਮੀਨ ਸਾਡੀ ਹੈ, ਜਦੋਂ ਤੱਕ ਕਿਸਾਨ ਨੂੰ ਜ਼ਮੀਨ ਦੀ ਸਹੀ ਕੀਮਤ ਨਹੀਂ ਮਿਲਦੀ, ਉਦੋਂ ਤੱਕ ਭਾਰਤ ਮਾਲਾ ਪ੍ਰਾਜੈਕਟ ਨਹੀਂ ਬਣਨ ਦਿੱਤੇ ਜਾਣਗੇ। ਸਰਕਾਰਾਂ ਜੋ ਮਰਜ਼ੀ ਕਰ ਲੈਣ, ਧੱਕੇ ਨਾਲ ਜ਼ਮੀਨਾਂ ਨਹੀਂ ਖੋਹਣ ਦੇਵਾਂਗੇ।’’
ਕਿਸਾਨਾਂ ਨੇ ਗੈਸ ਪਾਈਪਲਾਈਨ ਲਈ ਪੁੱਟੀ ਖਾਈ ਪੂਰੀ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਜੀਆਈਜੀਐੱਲ ਕੰਪਨੀ ਵੱਲੋਂ ਜ਼ਮੀਨਦੋਸ਼ ਗੈਸ ਪਾਈਪਲਾਈਨ ਪਾਉਣ ਲਈ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਲੰਬੇ ਸਮੇਂ ਤੋਂ ਪੁੱਟੀ ਹੋਈ ਖਾਈ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਦੀ ਅਗਵਾਈ ਹੇਠ ਕਿਸਾਨਾਂ ਨੇ ਪੂਰ ਦਿੱਤੀ। ਗੈਸ ਪਾਈਪਲਾਈਨ ਪਾਉਣ ਸਬੰਧੀ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਿੱਚ ਕਿਸਾਨਾਂ ਵੱਲੋਂ ਮੋਰਚਾ ਵਿੱਢਿਆ ਗਿਆ ਸੀ ਜੋ ਹਾਲੇ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਅੱਜ ਪਹਿਲਾਂ ਵੱਖ-ਵੱਖ ਪਿੰਡਾਂ ਦੇ ਕਿਸਾਨ ਲੇਲੇਵਾਲਾ ਗੈਸ ਪਾਈਪ ਲਾਈਨ ਮੋਰਚੇ ਵਾਲੀ ਥਾਂ ’ਤੇ ਇਕੱਠੇ ਹੋਏ ਤੇ ਉਪਰੰਤ ਟਰੈਕਟਰਾਂ, ਕਰਾਹਿਆਂ ਤੇ ਕਹੀਆਂ ਆਦਿ ਦੀ ਮਦਦ ਨਾਲ ਗੈਸ ਪਾਈਪਲਾਈਨ ਪਾਉਣ ਲਈ ਕੰਪਨੀ ਵੱਲੋਂ ਲੰਬੇ ਸਮੇਂ ਤੋਂ ਪੁੱਟੀ ਹੋਈ ਡੂੰਘੀ ਖਾਈ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਸਰਕਾਰਾਂ ਅਤੇ ਦੇਸ਼ ਦੇ ਕਾਰਪੋਰੇਟ ਘਰਾਣੇ ਮਿਲ ਕੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਤਬਾਹ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ 15 ਮਈ 2023 ਨੂੰ ਤਲਵੰਡੀ ਸਾਬੋ ਵਿੱਚ ਸਿਵਲ ਪ੍ਰਸ਼ਾਸਨ, ਗੈਸ ਪਾਈਪਲਾਈਨ ਕੰਪਨੀ ਅਧਿਕਾਰੀਆਂ ਤੇ ਕਿਸਾਨਾਂ ਵਿਚਕਾਰ ਲਿਖਤੀ ਸਮਝੌਤਾ ਹੋਇਆ ਸੀ ਕਿ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ ਪਰ ਹਾਲੇ ਤੱਕ ਇਹ ਮੁਆਵਜ਼ਾ ਅਦਾ ਨਹੀਂ ਕੀਤਾ ਗਿਆ।
The post ਪੰਜਾਬ ’ਚ ਜਬਰੀ ਖੋਹੀਆਂ ਜਾ ਰਹੀਆਂ ਨੇ ਕਿਸਾਨਾਂ ਦੀਆਂ ਜ਼ਮੀਨਾਂ: ਉਗਰਾਹਾਂ appeared first on Punjabi Tribune.