ਦਿੱਲੀ ਕੂਚ: ਕਿਸਾਨਾਂ ਨੇ ਅੰਦੋਲਨਕਾਰੀਆਂ ਲਈ ਲੰਗਰ ਤੇ ਪ੍ਰਸ਼ਾਸਨ ਨੇ ਰਾਹ ਰੋਕਣ ਦਾ ਇੰਤਜ਼ਾਮ ਕੀਤਾ

ਦਿੱਲੀ ਕੂਚ: ਕਿਸਾਨਾਂ ਨੇ ਅੰਦੋਲਨਕਾਰੀਆਂ ਲਈ ਲੰਗਰ ਤੇ ਪ੍ਰਸ਼ਾਸਨ ਨੇ ਰਾਹ ਰੋਕਣ ਦਾ ਇੰਤਜ਼ਾਮ ਕੀਤਾ


ਪ੍ਰਭੂ ਦਿਆਲ
ਸਿਰਸਾ, 9 ਫਰਵਰੀ
ਕਿਸਾਨੀਂ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੇ ਦਿੱਤੇ ਗਏ ਸੱਦੇ ’ਤੇ ਜਿਥੇ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ ’ਤੇ ਕਿਸਾਨਾਂ ਦੀ ਲਾਮਬੰਦੀ ਕੀਤੀ ਗਈ ਹੈ ਉਥੇ ਹੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਜਾ ਰਹੇ ਹਨ। ਸਿਰਸਾ ਪ੍ਰਸ਼ਾਸਨ ਵੱਲੋਂ ਘੱਗਰ ਨਦੀ ਦੇ ਪੁਲ ਦੇ ਨੇੜੇ ਵੱਡੇ ਪੱਥਰ ਤੇ ਬੈਰੀਕੇਡ ਰੱਖ ਦਿੱਤੇ ਹਨ। ਭਾਰਤੀ ਕਿਸਾਨ ਏਤਕਾ ਤੇ ਹੋਰ ਜਥੇਬੰਦੀਆਂ ਵੱਲੋਂ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਲਈ ਪਿੰਡ ਪੰਜੂਆਣਾ ਨੇੜੇ ਨੈਸ਼ਨਲ ਹਾਈ ਵੇਅ ਨੌਂ ’ਤੇ ਪ੍ਰਬੰਧ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਪੰਜਾਬ ਤੋਂ ਵੱਡੀ ਗਿਣਤੀ ’ਚ ਕਿਸਾਨਾਂ ਦੇ ਨੈਸ਼ਨਲ ਹਾਈ ਵੇਅ ਨੌਂ ’ਤੇ ਆਉਣ ਦੀ ਉਮੀਦ ਹੈ। ਇਸ ਰਾਹ ’ਤੇ ਆਉਣ ਵਾਲੇ ਕਿਸਾਨਾਂ ਲਈ ਵੱਖ-ਵੱਖ ਥਾਵਾਂ ’ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਨੈਸ਼ਨਲ ਹਾਈ ਵੇਅ ਨੌਂ ’ਤੇ ਪਿੰਡ ਪੰਜੂਆਣਾ ਦੇ ਕਿਸਾਨਾਂ ਵੱਲੋਂ ਲੰਗਰ ਲਾਇਆ ਜਾਵੇਗਾ। ਇਸੇ ਤਰ੍ਹਾਂ ਹੋਰਨਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਵੀ ਥਾਂ-ਥਾਂ ’ਤੇ ਕਿਸਾਨਾਂ ਲਈ ਚਾਹ, ਫੱਲਾਂ, ਪਕੌੜਿਆਂ ਦਾ ਵੀ ਲੰਗਰ ਲਾਇਆ ਜਾਵੇਗਾ। ਕਿਸਾਨ ਆਗੂ ਨੇ ਦੱਸਿਆ ਹੈ ਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਹੁਣੇ ਤੋਂ ਨੈਸ਼ਨਲ ਹਾਈ ਵੇਅ ਨੌਂ ’ਤੇ ਵੱਡੇ ਪੱਥਰ ਤੇ ਬੈਰੀਕੇਡ ਲਾਏ ਜਾਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿਥੇ ਹਰਿਆਣਾ ਪੰਜਾਬ ਦੀਆਂ ਹੱਦਾਂ ’ਤੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ’ਤੇ ਵੱਡੇ ਪੱਥਰ ਰਖਵਾਏ ਜਾ ਰਹੇ ਹਨ ਉਸੇ ਤਰ੍ਹਾਂ ਘੱਗਰ ਪੁਲ ਦੇ ਨੇੜੇ ਪਿੰਡ ਖੈਰੇਕਾਂ ਕੋਲ ਵੀ ਪ੍ਰਸ਼ਾਸਨ ਨੇ ਵੱਡੇ ਪੱਥਰ ਤੇ ਬੈਰੀਕੇਡ ਹੁਣ ਤੋਂ ਰਖਵਾ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਪਿਛਲੇ ਅੰਦੋਲਨ ਦੀ ਤਰ੍ਹਾਂ ਇਸ ਵਾਰ ਵੀ ਇਨ੍ਹਾਂ ਬੈਰੀਕੇਡ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਾਂਤੀਪੂਰਨ ਤਰੀਕੇ ਨਾਲ ਲੱਖਾਂ ਦੀ ਗਿਣਤੀ ’ਚ ਕਿਸਾਨ ਆਪਣੇ ਟਰੈਕਟਰਾਂ ਤੇ ਹੋਰ ਵਾਹਨਾਂ ਰਾਹੀਂ ਦਿੱਲੀ ਕੂਚ ਕਰਨਗੇ। ਅੰਦੋਲਨ ਨਾਲ ਨਜਿੱਠਣ ਲਈ ਪੁਲੀਸ ਲਾਈਨ ’ਚ ਜਵਾਨਾਂ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ। ਕਿਸਾਨਾਂ ਦੇ ਦਿੱਲੀ ਕੂਚ ਕਰਨ ਦੇ ਮੱਦੇਨਜ਼ਰ ਪੁਲੀਸ ਤੇ ਹੋਰ ਸੁਰੱਖਿਆਂ ਬੱਲਾਂ ਦੀਆਂ ਕੰਪਨੀਆਂ ਨੂੰ ਵੀ ਮੰਗਵਾਇਆ ਜਾ ਰਿਹਾ ਹੈ।

The post ਦਿੱਲੀ ਕੂਚ: ਕਿਸਾਨਾਂ ਨੇ ਅੰਦੋਲਨਕਾਰੀਆਂ ਲਈ ਲੰਗਰ ਤੇ ਪ੍ਰਸ਼ਾਸਨ ਨੇ ਰਾਹ ਰੋਕਣ ਦਾ ਇੰਤਜ਼ਾਮ ਕੀਤਾ appeared first on Punjabi Tribune.



Source link