ਦਿੱਲੀ ਨਿਗਮ ਵੱਲੋਂ 16,683 ਕਰੋੜ ਦਾ ਬਜਟ ਪਾਸ

ਦਿੱਲੀ ਨਿਗਮ ਵੱਲੋਂ 16,683 ਕਰੋੜ ਦਾ ਬਜਟ ਪਾਸ


ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਫਰਵਰੀ
ਦਿੱਲੀ ਨਗਰ ਨਿਗਮ ਦਾ ਹੰਗਾਮੇ ਦੇ ਵਿਚਕਾਰ ਵਿੱਤੀ ਸਾਲ 2024-25 ਲਈ 16,683 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ। ਦਿੱਲੀ ਦੇ ਨਗਰ ਨਿਗਮ ਹਾਊਸ ਨੇ ਅੱਜ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚਕਾਰ ਇਹ ਬਜਟ ਬਿਨਾਂ ਕਿਸੇ ਵੋਟ ਦੇ ਪਾਸ ਕੀਤਾ। ਇਸ ਮੌਕੇ ਵਿਰੋਧ ਕੌਂਸਲਰਾਂ ਵੱਲੋਂ ਹੰਗਾਮਾ ਕੀਤਾ ਗਿਆ, ਜਿਸ ਕਾਰਨ ਸਦਨ ਪੰਜ ਮਿੰਟਾਂ ਤੋਂ ਵੱਧ ਨਹੀਂ ਚੱਲ ਸਕਿਆ ਕਿਉਂਕਿ ਮੇਅਰ ਸ਼ੈਲੀ ਓਬਰਾਏ ਹੰਗਾਮੇ ਕਾਰਨ ਉਪਰ ਦਾ ਬਜਟ ਪੜ੍ਹ ਕੇ ਉੱਠ ਗਏ ਸਨ। ਇਸ ਦੌਰਾਨ 2024-25 ਦੇ ਵਿੱਤੀ ਸਾਲ ਲਈ ਕੁੱਲ 15,686.99 ਕਰੋੜ ਰੁਪਏ ਦੀ ਆਮਦਨ ਅਤੇ 16,683.01 ਰੁਪਏ ਦੇ ਖਰਚਿਆਂ ਨੂੰ ਸਦਨ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਬਜਟ ਐੱਮਸੀਡੀ ਕਮਿਸ਼ਨਰ ਦੀ ਗੈਰ-ਮੌਜੂਦਗੀ ਵਿੱਚ ਪਾਸ ਕੀਤਾ ਗਿਆ।
ਮੇਅਰ ਸ਼ੈਲੀ ਓਬਰਾਏ ਨੇ ਦੱਸਿਆ ਕਿ ਇਹ ਬਜਟ 16 ਹਜ਼ਾਰ ਕਰੋੜ ਰੁਪਏ ਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਜੋ ਵੀ ਐਲਾਨ ਕੀਤੇ ਗਏ ਹਨ, ਉਨ੍ਹਾਂ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ। ਪਿਛਲੇ ਤਿੰਨ ਦਿਨਾਂ ਤੋਂ ਹੋ ਰਹੇ ਹੰਗਾਮੇ ਕਾਰਨ ਬਜਟ ’ਤੇ ਚਰਚਾ ਨਹੀਂ ਹੋ ਸਕੀ। ਆਮ ਆਦਮੀ ਪਾਰਟੀ ਵਾਲੀ ਦਿੱਲੀ ਨਗਰ ਨਿਗਮ ਦਾ ਇਹ ਪਹਿਲਾ ਬਜਟ ਪਾਸ ਹੋਇਆ ਹੈ।
ਬਜਟ ਪਾਸ ਹੋਣ ਮੌਕੇ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਕਿਹਾ, ‘‘ਮੈਂ ਦਿੱਲੀ ਦੇ ਲੋਕਾਂ, ਕਾਰੋਬਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਕਿ 16 ਹਜ਼ਾਰ ਕਰੋੜ ਰੁਪਏ ਦਾ ਬਜਟ ਪਾਸ ਹੋ ਗਿਆ ਹੈ। ਦਿੱਲੀ ਵਾਸੀਆਂ ਨਾਲ ਵਾਅਦਾ ਹੈ ਕਿ ਕੇਜਰੀਵਾਲ ਦਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਸੜਕਾਂ ਦੇ ਰੱਖ-ਰਖਾਅ ਲਈ ਇੱਕ ਹਜ਼ਾਰ ਕਰੋੜ ਦਾ ਬਜਟ, ਗਊ ਆਸਰਾ ਲਈ 15 ਕਰੋੜ ਰੁਪਏ ਦਾ ਬਜਟ, ਘਰ-ਘਰ ਸੇਵਾ ਲਈ ਵੱਖਰਾ ਬਜਟ, ਮਕੈਨੀਕਲ ਸਵੀਪਿੰਗ, ਪਾਰਕਿੰਗ, ਸਕੂਲ ਅਤੇ ਨਿਗਮ ਦੇ ਸਾਰੇ ਕੰਮਾਂ ਲਈ ਅਤੇ ਬਜਟ ਵਿੱਚ ਸਫ਼ਾਈ ਵਿਵਸਥਾ ਅਤੇ ਬੁਨਿਆਦੀ ਢਾਂਚੇ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ।

The post ਦਿੱਲੀ ਨਿਗਮ ਵੱਲੋਂ 16,683 ਕਰੋੜ ਦਾ ਬਜਟ ਪਾਸ appeared first on Punjabi Tribune.



Source link