ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਮੌਕੇ ਸਮਾਗਮ

ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਮੌਕੇ ਸਮਾਗਮ


ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 24 ਫਰਵਰੀ
ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ ਸ਼ਹਿਰ ਦੀਆਂ ਸੰਗਤਾਂ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਗੁਰਦੁਆਰਾ ਗੁਰੂ ਰਵਿਦਾਸ ਜੀ ਇੰਦਰਾ ਕਲੋਨੀ, ਮੇਨ ਬਾਜ਼ਾਰ ਅਤੇ ਪੁਰਾਣੀ ਸਬਜ਼ੀ ਮੰਡੀ ਵਿੱਚ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਵੱਲੋਂ ਰਸਭਿੰਨਾ ਕੀਤਰਨ ਕੀਤਾ ਕਰ ਸੰਗਤਾਂ ਨੂੰ ਗੁਰੂ ਰਵਿਦਾਸ ਦੀ ਜੀਵਨੀ ਬਾਰੇ ਚਾਨਣਾ ਪਾਇਆ। ਇਸ ਵਾਰ ਗੁਰਦੁਆਰਾ ਗੁਰੂ ਰਵਿਦਾਸ ਜੀ, ਪੁਰਾਣੀ ਸਬਜ਼ੀ ਮੰਡੀ ਤੋਂ ਇੱਕ ਨਗਰ ਕੀਰਤਨ ਸਜਾਇਆ ਗਿਆ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਥੋਂ ਦੇ ਰਵਿਦਾਸ ਮੰਦਰ ਤੋਂ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਸਬੰਧੀ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਵੱਖ ਵੱਖ ਰਾਗੀ ਢਾਡੀ ਜਥਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਨਗਰ ਕੀਰਤਨ ਵਿੱਚ ਪੰਜ ਪਿਆਰੇ, ਗੱਤਕਾ ਪਾਰਟੀਆਂ, ਵੱਖ ਵੱਖ ਬੈਂਡ, ਹਾਥੀ, ਘੋੜੇ, ਊਠ, ਸੰਗਤਾਂ ਦੇ ਕੀਰਤਨੀ ਜੱਥੇ ਅਤੇ ਇਲਾਕੇ ਦੇ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਬਨਦੀਪ ਸਿੰਘ ਬਨੀ ਦੂਲੋਂ, ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਕੌਂਸਲਰ ਰਵਿੰਦਰ ਸਿੰਘ ਬੱਬੂ ਅਤੇ ਮਹਿੰਦਰਪਾਲ ਜੱਸਲ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਅਤੇ ਆਪਸੀ ਏਕਤਾ ਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਆਪਣੇ ਸੱਭਿਆਚਾਰਕ ਗੌਰਵਮਈ ਇਤਿਹਾਸਕ ਵਿਰਸੇ ਨੂੰ ਸੰਭਾਲਣ ਲਈ ਪ੍ਰੇਰਿਆ। ਇਹ ਨਗਰ ਕੀਰਤਨ ਪੀਰਖਾਨਾ ਰੋਡ ਤੋਂ ਅਰੰਭ ਹੋ ਕੇ ਅਮਲੋਹ ਰੋਡ, ਸਮਾਧੀ ਰੋਡ, ਲਲਹੇੜੀ ਚੌਕ, ਰੇਲਵੇ ਰੋਡ, ਸਮਰਾਲਾ ਰੋਡ, ਮਾਲੇਰਕੋਟਲਾ ਰੋਡ ਅਤੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ। ਇਸ ਮੌਕੇ ਥਾਂ-ਥਾਂ ਸ਼ਹਿਰ ਵਿੱਚ ਸਵਾਗਤੀ ਗੇਟ ਸਜਾਏ ਗਏ।
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਸ੍ਰੀ ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਇੱਥੋਂ ਦੀ ਦਹਿਲੀਜ਼ ਰੋਡ ਸਥਿੱਤ ਗੁਰਦਵਾਰਾ ਸਾਹਿਬ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ । ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਰਾਗੀ ਢਾਡੀ ਅਤੇ ਕੀਰਤਨੀ ਜਥਿਆਂ ਵੱਲੋਂ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ।

ਗੁਰਦੁਆਰਾ ਰਵਿਦਾਸ ਭਗਤ ਵਿੱਚ ਧਾਰਮਿਕ ਸਮਾਗਮ

ਪਾਇਲ (ਦਵਿੰਦਰ ਜੱਗੀ): ਅੱਜ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਵਿਦਾਸ ਭਗਤ ਵਾਰਡ ਨੰਬਰ 11 ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਗੁਰਦੁਆਰਾ ਰਵਿਦਾਸ ਭਗਤ ਤੋਂ ਆਰੰਭ ਹੋ ਕੇ ਸ਼ਹਿਰ ਦੀਆਂ ਗਲੀਆਂ ਦੀਆਂ ਪਰਿਕਰਮਾ ਕਰਦਾ ਹੋਇਆ ਬੱਸ ਸਟੈਡ, ਰਾਈਮਾਜਰਾ ਤੋਂ ਮੁੜ ਗੁਰੂ ਘਰ ਪੁੱਜਿਆ। ਵੱਖ-ਵੱਖ ਪੜਾਵਾਂ ’ਤੇ ਰਾਗੀ ਸਿੰਘਾਂ ਵੱਲੋਂ ਭਗਤ ਜੀ ਦੀ ਬਾਣੀ ਨਾਲ ਸੰਗਤਾਂ ਨੂੰ ਜੋੜਿਆ ਗਿਆ ਅਤੇ ਵੱਖ- ਵੱਖ ਤਰ੍ਹਾਂ ਦੇ ਬਣੇ ਪਕਵਾਨਾਂ ਦੇ ਲੰਗਰ ਲਾਏ ਗਏ। ਇਸ ਮੌਕੇ ਢਾਡੀ ਭਾਈ ਰਣਜੀਤ ਸਿੰਘ ਰਾਣਾ ਅਤੇ ਬੀਬਾ ਕੁਲਵਿੰਦਰ ਕੌਰ ਬੱਲ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ ਗਿਆ।

The post ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਮੌਕੇ ਸਮਾਗਮ appeared first on Punjabi Tribune.



Source link