ਚੰਨੀ ਦੇ ਫੇਸਬੁੱਕ ’ਤੇ ਲਾਈਵ ਹੋਣ ਮਗਰੋਂ ਦੋ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪਈਆਂ ਭਾਜੜਾਂ

ਚੰਨੀ ਦੇ ਫੇਸਬੁੱਕ ’ਤੇ ਲਾਈਵ ਹੋਣ ਮਗਰੋਂ ਦੋ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪਈਆਂ ਭਾਜੜਾਂ


ਜਗਮੋਹਨ ਸਿੰਘ
ਰੂਪਨਗਰ, 25 ਫਰਵਰੀ
ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੂਪਨਗਰ ਨੇੜੇ ਸਤਲੁਜ ਦਰਿਆ ਵਿੱਚ ਹੋ ਰਹੇ ਖਣਨ ਦੀ ਪੋਲ ਖੋਲ੍ਹ ਦਿੱਤੀ। ਉਨ੍ਹਾਂ ਇਸ ਸਬੰਧੀ ਫੇਸਬੁੱਕ ’ਤੇ ਲਾਈਵ ਹੋ ਕੇ ਦੋ ਜ਼ਿ‌ਲ੍ਹਿਆਂ ਦੇ ਅਧਿਕਾਰੀਆਂ ਨੂੰ ਭਾਜੜਾ ਪਾ ਦਿੱਤੀਆਂ। ਪ੍ਰਪਤ ਜਾਣਕਾਰੀ ਮੁਤਾਬਕ ਖਰੜ ਤੋਂ ਜਲੰਧਰ ਜਾਂਦੇ ਸਮੇਂ ਸ੍ਰੀ ਚੰਨੀ ਨੇ ਜਦੋਂ ਸਤਲੁਜ ਦਰਿਆ ਵਿੱਚ ਪੋਕਲੇਨ ਅਤੇ ਜੇਸੀਬੀ ਮਸ਼ੀਨਾਂ ਨਾਲ ਦਰਿਆ ਵਿੱਚੋਂ ਖਣਨ ਸਮੱਗਰੀ ਦੇ ਭਾਰੀ ਗਿਣਤੀ ਵਿੱਚ ਟਿੱਪਰ ਭਰਦੇ ਹੋਏ ਵੇਖੇ ਤਾਂ ਉਨ੍ਹਾਂ ਆਪਣੇ ਫੇਸਬੁੱਕ ਪੇਜ਼ ’ਤੇ ਲਾਈਵ ਹੋ ਕੇ ਪੰਜਾਬ ਸਰਕਾਰ ਦੀ ਕਾਫੀ ਨੁਕਤਾਚੀਨੀ ਕੀਤੀ। ਸ਼੍ਰੀ ਚੰਨੀ ਨੇ ਦੋਸ਼ ਲਗਾਇਆ ਕਿ ਸਤਲੁਜ ਦਰਿਆ ਵਿੱਚੋਂ ਗੈਰ ਕਾਨੂੰਨੀ ਤੌਰ ’ਤੇ ਖਣਨ ਕੀਤਾ ਜਾ ਰਿਹਾ ਹੈ ਅਤੇ ਸਤਲੁਜ ਦਰਿਆ ਦੇ ਵਹਿੰਦੇ ਪਾਣੀ ਵਿੱਚੋਂ ਖਣਨ ਕਰਨ ਲਈ ਜੇਸੀਬੀ. ਤੇ ਪੋਕਲਾਈਨ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਦੋਂ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਜਾਇਜ਼ ਖਣਨ ਨਹੀਂ ਕੀਤਾ ਜਾ ਰਿਹਾ ਤੇ ਸਾਡੇ ਰਾਜ ਵਿੱਚ ਰੇਤਾ ਸਾਢੇ ਪੰਜ ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਮਿਲੇਗਾ ਤੇ ਲੇਬਰ ਦੀ ਮਦਦ ਨਾਲ ਟਰਾਲੀਆਂ ਵਿੱਚ ਭਰਿਆ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਦੇ ਦਾਅਵਿਆਂ ਦੇ ਉਲਟ ਦਰਿਆ ਵਿੱਚੋਂ ਰੇਤਾ ਭਰਨ ਲਈ ਜੇ.ਸੀ.ਬੀ ਤੇ ਪੋਕਲੇਨ ਮਸ਼ੀਨਾਂ ਰਾਹੀਂ ਟਿੱਪਰਾਂ ਵਿੱਚ ਭਰਿਆ ਜਾ ਰਿਹਾ ਹੈ।
ਜਦੋਂ ਸਾਬਕਾ ਮੁੱਖ ਮੰਤਰੀ ਦੇ ਫੇਸਬੁੱਕ ਤੇ ਲਾਈਵ ਹੋਣ ਦੀ ਭਿਣਕ ਜ਼ਿਲ੍ਹਾ ਰੂਪਨਗਰ ਦੇ ਅਧਿਕਾਰੀਆਂ ਨੂੰ ਲੱਗੀ ਤਾਂ ਉਨ੍ਹਾਂ ਤੁਰੰਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਦਰਿਆ ਵਿੱਚੋਂ ਖਣਨ ਦਾ ਕੰਮ ਤੁਰੰਤ ਰੁਕਵਾ ਦਿੱਤਾ। ਜਦੋਂ ਇਸ ਸਬੰਧੀ ਡੀਸੀ ਸ਼ਹੀਦ ਭਗਤ ਸਿੰਘ ਨਗਰ ਨਵਜੋਤਪਾਲ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਖਣਨ ਕੀਤਾ ਜਾ ਰਿਹਾ ਹੈ, ਉਹ ਜਗ੍ਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਰੈਲ ਬਰਾਮਦ ਸਾਈਟ ਹੈ ਅਤੇ ਇਹ ਸਾਈਟ ਕਮਰਸ਼ੀਅਲ ਹੋਣ ਕਾਰਨ ਇੱਥੇ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹੇ ਦੀਆਂ ਪਬਲਿਕ ਸਾਈਟਸ ਤੇ ਰੇਤਾ 5 ਰੁਪਏ 50 ਪੈਸੇ ਪ੍ਰਤੀ ਫੁੱਟ ਦੇ ਹਿਸਾਬ ਨਾਲ ਹੀ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਡੀ.ਸੀ. ਰੂਪਨਗਰ ਤੋਂ ਜਾਣਕਾਰੀ ਮਿਲਣ ਉਪਰੰਤ ਆਪਣੇ ਜ਼ਿਲ੍ਹੇ ਦੇ ਖਣਨ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੂੰ ਮੌਕੇ ਤੇ ਚੈਕਿੰਗ ਲਈ ਭੇਜ ਦਿੱਤਾ ਗਿਆ ਹੈ ਅਤੇ ਜੇਕਰ ਕਿਧਰੇ ਕੋਈ ਖਾਮੀ ਪਾਈ ਗਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

The post ਚੰਨੀ ਦੇ ਫੇਸਬੁੱਕ ’ਤੇ ਲਾਈਵ ਹੋਣ ਮਗਰੋਂ ਦੋ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪਈਆਂ ਭਾਜੜਾਂ appeared first on Punjabi Tribune.



Source link