ਨਿੱਜੀ ਪੱਤਰ ਪ੍ਰੇਰਕ
ਮੋਗਾ, 25 ਫਰਵਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ-ਕਮ-ਐਡਮਿਨਿਸਟ੍ਰੇਟਿਵ ਜੱਜ ਮੋਗਾ ਸੈਸ਼ਨ ਡਿਵੀਜ਼ਨ ਜਸਟਿਸ ਨਿਧੀ ਗੁਪਤਾ ਵੱਲੋਂ ਸਥਾਨਕ ਸਬ ਜੇਲ੍ਹ ਦਾ ਦੌਰਾ ਕੀਤਾ ਗਿਆ ਅਤੇ ਇੱਥੇ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਇਸ ਮੌਕੇ ਉਨ੍ਹਾਂ ਬੈਰਕਾਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਬੰਦੀਆਂ ਨੂੰ ਇਲੈਕਟ੍ਰੀਕਲ ਕਿੱਟਾਂ ਤੇ ਸਿਖਲਾਈ ਸਰਟੀਫਿਕੇਟ ਵੀ ਵੰਡੇ।
ਜਾਣਕਾਰੀ ਮੁਤਾਬਕ ਅਤੁਲ ਕਸਾਨਾ, ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਕਿੱਲ ਡਿਵੈੱਲਪਮੈਂਟ ਦੇ ਸਹਿਯੋਗ ਨਾਲ 7 ਤੋਂ 23 ਫਰਵਰੀ ਤੱਕ ਸਬ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਇਲੈਕਟ੍ਰੀਕਲ ਟਰੇਨਿੰਗ ਦੀ ਸਿਖਲਾਈ ਦਿੱਤੀ ਗਈ ਸੀ। ਅਖੀਰ ’ਚ ਜਸਟਿਸ ਨਿਧੀ ਗੁਪਤਾ ਨੇ ਹਵਾਲਾਤੀਆਂ ਨੂੰ ਕਿਹਾ ਕਿ ਉਹ ਇੱਕ ਚੰਗੇ ਨਾਗਰਿਕ ਬਣ ਕੇ ਜੇਲ੍ਹ ਵਿੱਚੋਂ ਰਿਹਾਅ ਹੋਣ ਅਤੇ ਜਿਹੜੀਆਂ ਗਲਤੀਆਂ ਉਨ੍ਹਾਂ ਕੋਲੋਂ ਪਹਿਲਾਂ ਹੋਈਆਂ ਹਨ, ਉਹ ਭਵਿੱਖ ਵਿੱਚ ਨਾ ਦੁਹਰਾਉਣ। ਇਸ ਮੌਕੇ ਅਮਰੀਸ਼ ਕੁਮਾਰ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਅਤੇ ਪ੍ਰੀਤਮਪਾਲ ਸਿੰਘ ਡਿਪਟੀ ਸੁਪਰਡੈਂਟ ਸਬ ਜੇਲ੍ਹ ਮੋਗਾ ਵੀ ਹਾਜ਼ਰ ਸਨ।
The post ਜੱਜ ਨੇ ਮੋਗਾ ਦੀ ਸਬ-ਜੇਲ੍ਹ ਦੇ ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ appeared first on Punjabi Tribune.