ਮੁਕੇਸ਼ ਕੁਮਾਰ
ਚੰਡੀਗੜ੍ਹ, 6 ਮਾਰਚ
ਚੰਡੀਗੜ੍ਹ ਨਗਰ ਨਿਗਮ ’ਚ ਸਿਆਸਤ ਸਿਖ਼ਰਾਂ ’ਤੇ ਹੈ। ਨਵ-ਨਿਯੁਕਤ ਮੇਅਰ ਕੁਲਦੀਪ ਕੁਮਾਰ ਨੇ ਅੱਜ ਨਗਰ ਨਿਗਮ ਦੀ ਵਿਸ਼ੇਸ਼ ਮੀਟਿੰਗ ਵਿੱਚ ਅਗਲੇ ਵਿੱਤੀ ਸਾਲ 2024-25 ਲਈ 2325.21 ਕਰੋੜ ਰੁਪਏ ਦੇ ਬਜਟ ਦਾ ਖਰੜਾ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬਜਟ ਪੇਸ਼ ਸਬੰਧੀ ਮੇਅਰ ਕੁਲਦੀਪ ਕੁਮਾਰ ਵਲੋਂ ਸੱਦੀ ਨਿਗਮ ਹਾਊਸ ਦੀ ਮੀਟਿੰਗ ਦਾ ਭਾਜਪਾ ਨੇ ਵਿਰੋਧ ਕੀਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵਿੱਚ ਚਰਚਾ ਤੋਂ ਬਿਨਾਂ ਬਜਟ ਨੂੰ ਸਦਨ ਵਿੱਚ ਨਹੀਂ ਲਿਆਂਦਾ ਜਾ ਸਕਦਾ। ਆਪਣਾ ਵਿਰੋਧ ਦਰਜ ਕਰਵਾਉਣ ਲਈ ਭਾਜਪਾ ਕੌਂਸਲਰ ਲੰਘੇ ਦਿਨ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਮਿਲੇ ਸਨ, ਜਿਸ ਤੋਂ ਬਾਅਦ ਅੱਜ ਮੀਟਿੰਗ ਤੋਂ ਪਹਿਲਾ ਨਗਰ ਨਿਗਮ ਦੇ ਸਕੱਤਰ ਨੇ ਮੇਅਰ ਨੂੰ ਚਿੱਠੀ ਜਾਰੀ ਕਰਦੇ ਹੋਏ ਮੀਟਿੰਗ ਰੱਦ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਮੇਅਰ ਕੁਲਦੀਪ ਕੁਮਾਰ ਨੇ ਇਸ ਚਿੱਠੀ ਨੂੰ ਨਜ਼ਰਅੰਦਾਜ਼ ਕਰਦਿਆਂ ਨਗਰ ਨਿਗਮ ਕਮਿਸ਼ਨਰ ਅਤੇ ਸਕੱਤਰ ਤੋਂ ਬਿਨਾਂ ਇਹ ਬਜਟ ਮੀਟਿੰਗ ਕੀਤੀ ਅਤੇ ਬਜਟ ਪੇਸ਼ ਕਰ ਦਿੱਤਾ। ਵਿਰੋਧੀ ਪਾਰਟੀ ਭਾਜਪਾ ਦੇ ਕੌਂਸਲਰ ਅਤੇ ਨਾਮਜ਼ਦ ਕੌਂਸਲਰ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।
ਮੇਅਰ ਨੇ ਕਰੀਬ ਪੌਣਾ ਘੰਟਾ ਚੱਲੀ ਮੀਟਿੰਗ ਵਿੱਚ ਆਪ-ਕਾਂਗਰਸ ਗਠਜੋੜ ਦੇ ਕੌਂਸਲਰਾਂ ਦੀ ਹਾਜ਼ਰੀ ’ਚ ਨਗਰ ਨਿਗਮ ਦਾ ਬਜਟ ਪਾਸ ਕਰ ਦਿੱਤਾ। ਬਜਟ ਦੀ ਸ਼ੁਰੂਆਤ ਮੌਕੇ ਮੇਅਰ ਕੁਲਦੀਪ ਕੁਮਾਰ ਨੇ ਉਨ੍ਹਾਂ ਨੂੰ ਵੋਟ ਪਾ ਕੇ ਚੰਡੀਗੜ੍ਹ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ‘ਆਪ’ ਅਤੇ ਕਾਂਗਰਸ ਦੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ। ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਵੱਲੋਂ ਪੇਸ਼ ਬਜਟ ਵਿੱਚ ਚੰਡੀਗੜ੍ਹ ਦੇ ਲੋਕਾਂ ਲਈ ਵੱਖ-ਵੱਖ ਸਹੂਲਤਾਂ ਦੇ ਪ੍ਰਬੰਧਾਂ ਤਹਿਤ ਸ਼ਹਿਰ ਦਾ ਬੁਨਿਆਦੀ ਢਾਂਚਾ, ਸਿਹਤ ਸਹੂਲਤਾਂ, ਆਵਾਰਾ ਕੁੱਤਿਆਂ ਦਾ ਪ੍ਰਬੰਧਨ, ਨਵੀਂ ਲਾਇਬ੍ਰੇਰੀਆਂ ਦੀ ਉਸਾਰੀ, ਕਮਿਊਨਿਟੀ ਸੈਂਟਰਾਂ ਦੀ ਉਸਾਰੀ, ਬਾਇਓ ਮੀਥੇਨੇਸ਼ਨ ਪਲਾਂਟ ਦੀ ਉਸਾਰੀ, ਈਟੀਪੀ ਟੀਟੀ ਵਾਟਰ ਪਾਈਪਲਾਈਨ ਵਿਛਾਉਣ, 24 ਘੰਟੇ ਪਾਣੀ ਮੁਹੱਈਆ ਕਰਵਾਉਣ, ਪੇਂਡੂ ਖੇਤਰਾਂ ਵਿੱਚ ਆਧੁਨਿਕ ਸ਼ਹਿਰੀ ਸਹੂਲਤਾਂ ਪ੍ਰਦਾਨ ਕਰਨ, ਈਡਬਲਿਊਐਸ ਕਲੋਨੀਆਂ ਦੀ ਸਾਂਭ-ਸੰਭਾਲ ਅਤੇ ਵੈਂਡਿੰਗ ਜ਼ੋਨਾਂ ਲਈ ਵੱਡੇ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੇਅਰ ਕੁਲਦੀਪ ਕੁਮਾਰ ਨੇ ਸਖ਼ਤ ਸ਼ਿਕਾਇਤ ਨਿਵਾਰਨ ਪ੍ਰਣਾਲੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਮੀਟਿੰਗ ਨੂੰ ਗ਼ੈਰ-ਸੰਵਿਧਾਨਕ ਮੰਨ ਕੇ ਬਜਟ ਵਾਪਸ ਭੇਜ ਸਕਦਾ ਹੈ। ਇਸ ਦੇ ਨਾਲ ਹੀ ਭਾਜਪਾ ਨੇ ਮੇਅਰ ਕੁਲਦੀਪ ਕੁਮਾਰ ਵੱਲੋਂ ਅੱਜ ਦੀ ਮੀਟਿੰਗ ਰੱਦ ਕਰਨ ਦੇ ਫ਼ੈਸਲੇ ਦੇ ਬਾਵਜੂਦ ਕੀਤੀ ਮੀਟਿੰਗ ਦੇ ਸਾਰੇ ਖ਼ਰਚੇ ਵਸੂਲਣ ਦੀ ਮੰਗ ਕੀਤੀ ਹੈ।
‘ਮੇਅਰ ਆਪ ਕੇ ਦੁਆਰ ਪੇ’ ਮੁਹਿੰਮ ਸ਼ੁਰੂ ਕਰਨ ਦਾ ਐਲਾਨ
ਮੇਅਰ ਕੁਲਦੀਪ ਕੁਮਾਰ ਨੇ ਸ਼ਹਿਰ ਵਿੱਚ ਮਜ਼ਬੂਤ ਸ਼ਿਕਾਇਤ ਨਿਵਾਰਨ ਪ੍ਰਣਾਲੀ ਲਈ ‘ਮੇਅਰ ਆਪ ਕੇ ਦੁਆਰ ਪੇ’ ਮੁਹਿੰਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਇਸ ਤਹਿਤ ਨਗਰ ਨਿਗਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਹਰ ਵਾਰਡ ਵਿੱਚ ਇੱਕ-ਇੱਕ ਕਰ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦੇ ਹੱਲ ਲਈ ਕੋਸ਼ਿਸ਼ ਕੀਤੀ ਜਾਵੇਗੀ। ਸਮਾਪਤੀ ਭਾਸ਼ਣ ਦੌਰਾਨ ਬੋਲਦਿਆਂ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਉਹ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਇਸ ਬਜਟ ਨੂੰ ਪੂਰਾ ਕਰਨ ਲਈ ਸਾਡੇ ਨਾਲ ਦਿਨ ਰਾਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਚੰਡੀਗੜ੍ਹ ਨੂੰ ਵਿਸ਼ਵ ਦਾ ਨੰਬਰ 1 ਸ਼ਹਿਰ ਬਣਾ ਕੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਾਂਗੇ। ਇਸ ਮੌਕੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਚੰਡੀਗੜ੍ਹ ਦੇ ਸਹਿ ਇੰਚਾਰਜ ਡਾ. ਐਸਐਸ ਆਹਲੂਵਾਲੀਆ ਨੇ ‘ਆਪ’ ਅਤੇ ਕਾਂਗਰਸ ਗਠਜੋੜ ਦੇ ਪਹਿਲੇ ਮੇਅਰ ਕੁਲਦੀਪ ਕੁਮਾਰ ਵੱਲੋਂ ਪੇਸ਼ ਕੀਤੇ ਬਜਟ ਦੀ ਸ਼ਲਾਘਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ। ਅੱਜ ਦੀ ਬਜਟ ਮੀਟਿੰਗ ਰੱਦ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਸਾਜ਼ਿਸ਼ ਹੈ।
ਪ੍ਰਸ਼ਾਸਨ ਨੇ ਨਿਗਮ ਕਮਿਸ਼ਨਰ ਤੋਂ ਸਪਸ਼ਟੀਕਰਨ ਮੰਗਿਆ
ਚੰਡੀਗੜ੍ਹ ਪ੍ਰਸ਼ਾਸਨ ਨੇ ਨਗਰ ਨਿਗਮ ਕਮਿਸ਼ਨਰ ਨੂੰ ਚਿੱਠੀ ਜਾਰੀ ਕਰਦੇ ਹੋਏ ਅੱਜ ਦੀ ਰੱਦ ਕੀਤੀ ਗਈ ਬਜਟ ਮੀਟਿੰਗ ਦੇ ਬਾਵਜੂਦ ਮੇਅਰ ਵਲੋਂ ਮੀਟਿੰਗ ਕਰਨ ਬਾਰੇ ਸਪਸ਼ਟੀਕਰਨ ਮੰਗ ਲਿਆ ਹੈ। ਪ੍ਰਸ਼ਾਸਨ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਕੀਤੀ ਚਿੱਠੀ ਵਿੱਚ ਨਗਰ ਨਿਗਮ ਕਮਿਸ਼ਨਰ ਨੂੰ ਮੀਟਿੰਗ ਸਬੰਧੀ ਨਿਗਮ ਐਕਟ ਸਣੇ ਹੋਰ ਕਾਨੂੰਨੀ ਜਾਣਕਾਰੀ ਅਤੇ ਪ੍ਰਕਿਰਿਆ ਬਾਰੇ ਤੁਰੰਤ ਸਪਸ਼ਟੀਕਰਨ ਦੇਣ ਲਈ ਕਿਹਾ ਹੈ।
ਚੰਡੀਗੜ੍ਹ ਵਿੱਚ ਸ਼ੁਰੂ ਹੋਵੇਗੀ 24 ਘੰਟੇ ਪਾਣੀ ਦੀ ਸਪਲਾਈ
ਮੇਅਰ ਨੇ ਕਿਹਾ ਕਿ ਇਸ ਸਾਲ ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੋਕਾਂ ਨੂੰ 24 ਘੰਟੇ ਪੀਣ ਵਾਲਾ ਪਾਣੀ ਮਿਲੇਗਾ। ਮਨੀਮਾਜਰਾ ਵਾਸੀਆਂ ਨੂੰ ਇਸ ਸਾਲ ਜੂਨ ਤੋਂ 24 ਘੰਟੇ ਪਾਣੀ ਮਿਲੇਗਾ। ਇਸ ਤੋਂ ਇਲਾਵਾ ਧਨਾਸ, ਖੁੱਡਾ ਅਲੀ ਸ਼ੇਰ, ਖੁੱਡਾ ਲਾਹੌਰ, ਖੁੱਡਾ ਜੱਸੂ, ਕੈਂਬਵਾਲਾ, ਰਾਏਪੁਰ ਕਲਾਂ ਅਤੇ ਸਾਰੰਗਪੁਰ ਵਿੱਚ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਇਸ ਲਈ 50 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਸਾਲ ਲਾਲ ਡੋਰੇ ਤੋਂ ਬਾਹਰਲੇ ਸਾਰੇ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਦੇਣ ਦਾ ਐਲਾਨ ਵੀ ਕੀਤਾ।
ਸ਼ਹਿਰ ਵਿੱਚ ਮਾਡਲ ਵੈਂਡਿੰਗ ਜ਼ੋਨ
ਇਸ ਸਾਲ ਸ਼ਹਿਰ ਵਿੱਚ ਵਿਕਰੇਤਾਵਾਂ (ਛੋਟੀਆਂ ਦੁਕਾਨਾਂ ਚਲਾਉਣ ਵਾਲੇ) ਲਈ 17.10 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜੋ ਪਿਛਲੇ ਸਾਲ 10.10 ਕਰੋੜ ਰੁਪਏ ਸੀ। ਬਜਟ ਦੌਰਾਨ ਮੇਅਰ ਕੁਲਦੀਪ ਕੁਮਾਰ ਨੇ ਇਹ ਵੀ ਐਲਾਨ ਕੀਤਾ ਕਿ ਸ਼ਹਿਰ ਦੇ ਅੰਦਰ ਮਾਡਲ ਵੈਂਡਿੰਗ ਜ਼ੋਨ ਵੀ ਬਣਾਇਆ ਜਾਵੇਗਾ। ਜਿਹੜੇ ਵੈਂਡਿੰਗ ਜ਼ੋਨ ਕਾਰੋਬਾਰ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ ਨਵੀਆਂ ਥਾਵਾਂ ‘ਤੇ ਸ਼ਿਫਟ ਕੀਤਾ ਜਾਵੇਗਾ।
The post ਚੰਡੀਗੜ੍ਹ: ਮੇਅਰ ਵੱਲੋਂ 2300 ਕਰੋੜ ਦਾ ਬਜਟ ਪੇਸ਼ appeared first on Punjabi Tribune.