ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਮਾਰਚ
ਸਪੈਸ਼ਲ ਸੈੱਲ ਰਾਜਪੁਰਾ ਦੇ ਇੰਚਾਰਜ ਹੈਰੀ ਬੋਪਾਰਾਏ ਅਤੇ ਟੀਮ ਵੱਲੋਂ ਗੈਂਗਸਟਰ ਲੱਕੀ ਪਟਿਆਲ ਗਰੋਹ ਦੇ ਤਿੰਨ ਮੈਂਬਰਾਂ ਨੂੰ ਤਿੰਨ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਇੱਥੇ ਪੁਲੀਸ ਲਾਈਨ ਵਿਖੇ ਐੱਸਐੱਸਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੱਤੀ, ਜਿਸ ਦੌਰਾਨ ਐੱਸਪੀ ਡੀ. ਅਤੇ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਹੈਰੀ ਬੋਪਾਰਾਏ ਮੌਜੂਦ ਸਨ। ਐੱਸਐੱਸਪੀ ਨੇ ਦੱਸਿਆ ਕਿ ਮੁਲਜਮਾਂ ਵਿੱਚ ਸ਼ਮਸ਼ੇਰ ਸਿੰਘ ਸ਼ੇਰਾ ਵਾਸੀ ਸਰਾਏ ਅਮਤਨ ਖਾਨ ਜ਼ਿਲ੍ਹਾ ਤਰਨਤਾਰਨ, ਰੋਹਿਤ ਕੁਮਾਰ ਅਤੇ ਗੁਲਸ਼ਨ ਕੁਮਾਰ ਗੁੱਲੂ ਵਾਸੀ ਰਾਜਪੁਰਾ ਸ਼ਾਮਲ ਹਨ। ਇਨ੍ਹਾਂ ਨੂੰ ਐੱਸਪੀ (ਡੀ) ਯੋਗੇਸ਼ ਸ਼ਰਮਾ ਦੀ ਨਿਗਰਾਨੀ ਅਤੇ ਰਾਜਪੁਰਾ ਦੇ ਡੀਐੱਸਪੀ ਬਿਕਰਮਜੀਤ ਬਰਾੜ ਦੀ ਅਗਵਾਈ ਹੇਠਾਂ ਸਪੈਸ਼ਲ ਦੇ ਇੰਚਾਰਜ ਇੰਸਪੈਕਟਰ ਹੈਰੀ ਬੋਪਰਾਏ ਅਤੇ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਮਰੀਕਾ ਵਿੱਚ ਬੈਠਾ ਗੈਂਗਸਟਰ ਗੁਰਵਿੰਦਰ ਸਿੱਧੂ ਚਲਾਉਂਦਾ ਹੈ, ਜੋ ਗੈਂਗਸਟਰ ਲੱਕੀ ਪਟਿਆਲਾ ਦਾ ਨਜ਼ਦੀਕੀ ਹੈ। ਲੱਕੀ ਪਟਿਆਲ ਫਿਰੌਤੀ ਅਤੇ ਟਾਰਗ਼ੈਟ ਕਿਲਿੰਗ ਕਰਦਾ ਹੈ। ਮੁਲਜ਼ਮਾਂ ਨੂੰ ਗੁਰਵਿੰਦਰ ਸਿੱਧੂ ਨੇ ਆਪਣੇ ਵਿਰੋਧੀ ਗੈਂਗ ਦੇ ਮੈਂਬਰ ਗੋਲਡੀ ਢਿੱਲੋਂ ‘ਤੇ ਹਮਲਾ ਕਰਵਾਉਣ ਲਈ ਇਹ ਹਥਿਆਰ ਮੁਹੱਈਆ ਕਰਵਾਏ ਹਨ। ਗੋਲਡੀ ਢਿੱਲੋ ਵਿਦੇਸ਼ ਵਿੱਚ ਰਹਿ ਰਹੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਬਰਾੜ ਦਾ ਸਾਥੀ ਹੈ।
The post ਗੈਂਗਸਟਰ ਲੱਕੀ ਪਟਿਆਲ ਗਰੋਹ ਦੇ ਤਿੰਨ ਮੈਂਬਰ ਪਿਸਤੌਲਾਂ ਸਮੇਤ ਕਾਬੂ appeared first on Punjabi Tribune.