ਪੱਤਰ ਪ੍ਰੇਰਕ
ਫਿਲੌਰ, 29 ਮਾਰਚ
ਲਾਡੋਵਾਲ ਟੌਲ ਪਲਾਜ਼ੇ ਦੀਆਂ ਦਰਾਂ ’ਚ ਮੁੜ ਵਾਧਾ ਕੀਤਾ ਜਾ ਰਿਹਾ ਹੈ। ਇਹ ਵਧੀਆਂ ਦਰਾਂ ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ ਜਿਸ ਨਾਲ ਸਫਰ ਕਰਨਾ ਹੋਰ ਮਹਿੰਗਾ ਹੋ ਜਾਵੇਗਾ। ਇਸ ਤੋਂ ਕੁਝ ਮਹੀਨੇ ਪਹਿਲਾਂ ਵੀ ਦੋ ਵਾਰ ਦਰਾਂ ਵਿਚ ਵਾਧਾ ਕੀਤਾ ਗਿਆ ਸੀ। ਟੌਲ ਪਲਾਜ਼ੇ ਦੀਆਂ ਦਰਾਂ ਹਰ ਸਾਲ ਪਹਿਲੀ ਸਤੰਬਰ ਨੂੰ ਕਰੀਬ ਦਸ ਫੀਸਦੀ ਵਧਾਈਆਂ ਜਾਂਦੀਆਂ ਹਨ। ਹਾਲ ’ਚ ਹੀ ਨਵੰਬਰ ਦੇ ਆਖਰ ’ਚ ਤੀਹ ਫੀਸਦੀ ਵਾਧਾ ਕੀਤਾ ਗਿਆ ਸੀ ਤੇ ਹੁਣ ਚਾਰ ਮਹੀਨੇ ਬਾਅਦ ਮੁੜ ਵਾਧਾ ਕੀਤਾ ਜਾ ਰਿਹਾ ਹੈ।
ਲਾਡੋਵਾਲ ਟੌਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਕੁਮਾਰ ਨੇ ਦੱਸਿਆ ਕਿ ਨਵੀਆਂ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ ਜੋ 31 ਮਾਰਚ 2024 ਦੀ ਅੱਧੀ ਰਾਤ 12 ਵਜੇ ਤੋਂ ਲਾਗੂ ਹੋਣਗੀਆਂ। ਕਾਰ ਦਾ ਪੁਰਾਣਾ ਰੇਟ ਵਨ ਵੇਅ ਲਈ 215 ਰੁਪਏ, ਰਿਟਰਨ ਲਈ 325 ਰੁਪਏ ਅਤੇ ਮਾਸਿਕ ਪਾਸ 7175 ਰੁਪਏ ਸੀ ਜੋ ਵਧਾ ਕੇ ਕ੍ਰਮਵਾਰ 220 ਰੁਪਏ, 330 ਰੁਪਏ ਅਤੇ 7360 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਲਾਈਟ ਵਹੀਕਲ ਦਾ ਪੁਰਾਣਾ ਰੇਟ 350 ਰੁਪਏ ਵਨ ਵੇਅ, ਆਉਣ-ਜਾਣ ਦਾ 520 ਰੁਪਏ ਅਤੇ ਮਾਸਿਕ ਪਾਸ 11590 ਰੁਪਏ ਸੀ ਜੋ ਹੁਣ ਕ੍ਰਮਵਾਰ 355 ਰੁਪਏ, 535 ਰੁਪਏ ਅਤੇ 11885 ਰੁਪਏ ਹੋਵੇਗਾ। ਬੱਸ ਤੇ ਟਰੱਕ ਦਾ ਪੁਰਾਣਾ ਰੇਟ ਇੱਕ ਤਰਫਾ ਕਿਰਾਇਆ 730 ਰੁਪਏ, ਆਉਣ ਜਾਣ ਦਾ 1095 ਰੁਪਏ ਅਤੇ ਮਾਸਿਕ ਪਾਸ 24285 ਰੁਪਏ ਸੀ ਜੋ ਕ੍ਰਮਵਾਰ 745 ਰੁਪਏ, 1120 ਰੁਪਏ ਅਤੇ 24905 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਟੌਲ ਪਲਾਜ਼ਾ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਲਈ ਪਹਿਲੀ ਅਪਰੈਲ ਤੋਂ ਪਾਸ ਦਰ ਵੀ 330 ਰੁਪਏ ਤੋਂ ਵਧਾ ਕੇ 340 ਰੁਪਏ ਕਰ ਦਿੱਤੀ ਗਈ ਹੈ।
The post ਲਾਡੋਵਾਲ ਟੌਲ ਪਲਾਜ਼ਾ ਦੀਆਂ ਦਰਾਂ ਵਧਾਈਆਂ appeared first on Punjabi Tribune.