ਪੰਜਾਬ ’ਚ ਦੋ-ਤਿੰਨ ਦਿਨਾਂ ਦੌਰਾਨ ਐਲਾਨ ਦਿੱਤੇ ਜਾਣਗੇ ਬਾਕੀ ਦੇ ਉਮੀਦਵਾਰ: ਭਗਵੰਤ ਮਾਨ

ਪੰਜਾਬ ’ਚ ਦੋ-ਤਿੰਨ ਦਿਨਾਂ ਦੌਰਾਨ ਐਲਾਨ ਦਿੱਤੇ ਜਾਣਗੇ ਬਾਕੀ ਦੇ ਉਮੀਦਵਾਰ: ਭਗਵੰਤ ਮਾਨ


ਸੰਜੀਵ ਬੱਬੀ/ਗੁਰਦੀਪ ਸਿੰਘ ਟੱਕਰ
ਚਮਕੌਰ ਸਾਹਿਬ/ਮਾਛੀਵਾੜਾ, 6 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ‘ਆਪ’ ਆਗੂਆਂ ਤੇ ਵਰਕਰਾਂ ਨੇ ਮੋਗਾ ਜਾਣ ਸਮੇਂ ਚਮਕੌਰ ਸਾਹਿਬ ਤੇ ਮਾਛੀਵਾੜਾ ਵਿੱਚ ਭਰਵਾਂ ਸਵਾਗਤ ਕੀਤਾ। ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ ਕਰੇਗੀ ਅਤੇ ਸੂਬੇ ਦੀਆਂ ਸਾਰੀਆਂ 13 ਸੀਟਾਂ ਜਿੱਤ ਕੇ ਇਤਿਹਾਸ ਸਿਰਜੇਗੀ। ਇਸ ਦਾ ਸਿਹਰਾ ਸੂਬੇ ਦੇ ਲੋਕਾਂ ਸਿਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ 2-3 ਦਿਨਾਂ ’ਚ ਬਾਕੀ ਰਹਿੰਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਅਜਿਹੀ ਕਿਸੇ ਵੀ ਫਾਈਲ ’ਤੇ ਦਸਤਖ਼ਤ ਨਹੀਂ ਕਰਦੇ ਜਿਸ ਨਾਲ ਪੰਜਾਬ ਦੇ ਲੋਕਾਂ ਉੱਤੇ ਆਰਥਿਕ ਬੋਝ ਪਵੇ ਪਰ ਉਹ ਅਜਿਹੀ ਕਿਸੇ ਵੀ ਫਾਈਲ ਨੂੰ ਹਸਤਾਖਰਾਂ ਤੋਂ ਬਿਨਾਂ ਨਹੀਂ ਛੱਡਦੇ ਜਿਸ ਰਾਹੀਂ ਸਮੇਂ-ਸਮੇਂ ਦੇ ਆਗੂਆਂ ਵੱਲੋਂ ਖਜ਼ਾਨੇ ’ਚੋਂ ਲੁੱਟਿਆ ਹੋਇਆ ਪੈਸਾ ਮੁੜ ਖਜ਼ਾਨੇ ’ਚ ਵਾਪਸ ਆਉਂਦਾ ਹੋਵੇ। ਇਸ ਦੌਰਾਨ ਭਗਵੰਤ ਮਾਨ ਨੇ ਹਲਕਾ ਚਮਕੌਰ ਸਾਹਿਬ ਦੇ ਲੋਕਾਂ ਤੋਂ ਚੋਣਾਂ ਵਿੱਚ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ, ਨਗਰ ਕੌਂਸਲ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਦਰਸ਼ਨ ਵਰਮਾ ਤੇ ਕੌਂਸਲਰ ਸੁਖਵੀਰ ਸਿੰਘ ਆਦਿ ਹਾਜ਼ਰ ਸਨ। ਮਾਛੀਵਾੜਾ ਵਿੱਚ ਆਂਗਣਵਾੜੀ ਵਰਕਰਾਂ ਵੱਲੋਂ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਬਾਰੇ ਦੱਸਿਆ ਗਿਆ ਜਿਸ ’ਤੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ।
ਮੋਰਿੰਡਾ (ਸੰਜੀਵ ਤੇਜਪਾਲ): ਇੱਥੇ ਮਾਰਕੀਟ ਕਮੇਟੀ ਮੋਰਿੰਡਾ ਨੇੜੇ ਪਾਰਟੀ ਵਰਕਰਾਂ ਤੇ ਸਥਾਨਕ ਲੋਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਭਰਵਾਂ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ। ਮੋਰਿੰਡਾ ਦੀ ਸ਼ੂਗਰ ਮਿੱਲ ਅਤੇ ਸਿਵਲ ਹਸਪਤਾਲ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਮੋਰਿੰਡਾ ਲਈ ਬਾਕਾਇਦਾ ਇੱਕ ਦਿਨ ਦਾ ਪ੍ਰੋਗਰਾਮ ਰੱਖਣਗੇ, ਜਿਸ ਦੌਰਾਨ ਇਲਾਕੇ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕੀਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਐੱਨਪੀ ਰਾਣਾ, ਮਾਰਕੀਟ ਕਮੇਟੀ ਚਮਕੌਰ ਸਾਹਿਬ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ ਸਮੇਤ ਪਾਰਟੀ ਆਗੂ ਹਾਜ਼ਰ ਸਨ।
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਮੋਗਾ ਜਾਣ ਵੇਲੇ ਜਗਰਾਉਂ ਵਿੱਚ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਪਾਰਟੀ ਵਾਲੰਟੀਅਰਾਂ ਨੇ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਚੋਣਾਂ ਵਿੱਚ ਜਿੱਤ ਦਿਵਾ ਕੇ ਭਾਰਤੀ ਜਨਤਾ ਪਾਰਟੀ ਨੂੰ ਠੋਕਵਾਂ ਜਵਾਬ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਹੋਣ ’ਤੇ ਉਨ੍ਹਾਂ ਦੇ ਹੱਥ ਹੋਰ ਮਜ਼ਬੂਤ ਹੋਣਗੇ ਅਤੇ ਫੇਰ ਕੇਂਦਰ ਪੰਜਾਬ ਨਾਲ ਵਿਤਕਰਾ ਕਰਕੇ ਦਿਖਾਏ।

ਪਰਿਵਾਰ ਦੇ ਮਸਲੇ ਪਰਿਵਾਰ ’ਚ ਨਿਪਟਾਏ ਜਾਣ: ਮੁੱਖ ਮੰਤਰੀ

ਜਲੰਧਰ (ਪਾਲ ਸਿੰਘ ਨੌਲੀ): ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਪ੍ਰਚਾਰ ਦਾ ਬਿਗਲ ਵਜਾਉਂਦਿਆਂ ਜਲੰਧਰ ਵਿਚ ‘ਆਪ’ ਵਰਕਰਾਂ ਅਤੇ ਵਾਲੰਟੀਅਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੁਹਰਾਇਆ ਕਿ ‘ਆਪ’ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਫਰੀਦਕੋਟ ਤੋਂ ‘ਆਪ’ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਆਪਣੀ ਮਿਹਨਤ ਨਾਲ ਕਾਮਯਾਬੀ ਦੀਆਂ ਪੌੜੀਆਂ ਚੜ੍ਹੇ ਹਨ। ਉਨ੍ਹਾਂ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਰਿਹਾ ਪਰ ਉਸ ਨੇ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ। ਉਨ੍ਹਾਂ ਕਿਹਾ ਕਿ ਇਹ ਅਫਵਾਹ ਸੀ ਕਿ ਉਹ ਅਮੀਰਾਂ ਨੂੰ ਮੰਡੀਆਂ ਦੇ ਰਹੇ ਹਨ ਜਦਕਿ ਉਨ੍ਹਾਂ ਨੇ ਇਸ ’ਤੇ ਰੋਕ ਲਾ ਦਿੱਤੀ ਹੈ। ਕੇਜਰੀਵਾਲ ਦੀ ਗ੍ਰਿਫ਼ਤਾਰੀ ਸਬੰਧੀ ਉਨ੍ਹਾਂ ਕਿਹਾ ਕਿ ਔਖੀ ਘੜੀ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ। ਭਗਵੰਤ ਮਾਨ ਨੇ ਵਾਲੰਟੀਅਰਾਂ ਨੂੰ ਕਿਹਾ ‘‘ਪਰਿਵਾਰ ਵਿੱਚ ਕਈ ਵਾਰ ਮਸਲੇ ਹੁੰਦੇ ਹਨ ਪਰ ਫਿਲਹਾਲ ਸਾਨੂੰ ਇਨ੍ਹਾਂ ਤੋਂ ਪਰੇ ਦੇਖਣਾ ਚਾਹੀਦਾ ਹੈ ਅਤੇ ਇਕਜੁੱਟ ਹੋ ਕੇ 13-0 ਨਾਲ ਜਿੱਤਣਾ ਚਾਹੀਦਾ ਹੈ। ਮੈਂ ਪਰਿਵਾਰ ਦਾ ਮੁਖੀ ਹਾਂ ਅਤੇ ਮੈਂ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਹਾਂ।’’ ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਜਨਰਲ ਸਕੱਤਰ ਡਾ. ਸੰਦੀਪ ਪਾਠਕ ਨੇ ਵਾਲੰਟੀਅਰਾਂ ਨੂੰ ਇਸ ਪ੍ਰੀਖਿਆ ਦੀ ਘੜੀ ’ਚ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇਕੱਲੇ ਹੀ ਸੰਸਦ ਨੂੰ ਹਿਲਾ ਦਿੰਦੇ ਸਨ ਜੇਕਰ 13 ਜਿੱਤ ਗਏ ਤਾਂ ਸੋਚੋ ਕੀ ਹੋਵੇਗਾ।

The post ਪੰਜਾਬ ’ਚ ਦੋ-ਤਿੰਨ ਦਿਨਾਂ ਦੌਰਾਨ ਐਲਾਨ ਦਿੱਤੇ ਜਾਣਗੇ ਬਾਕੀ ਦੇ ਉਮੀਦਵਾਰ: ਭਗਵੰਤ ਮਾਨ appeared first on Punjabi Tribune.



Source link